nabaz-e-punjab.com

ਮੁਹਾਲੀ ਏਅਰਪੋਰਟ ਸੜਕ ’ਤੇ ਅਗਵਾ ਮਾਮਲੇ ਵਿੱਚ ਟੈਕਸੀ ਚਾਲਕਾਂ ਨੇ ਸਾਥੀ ਨੂੰ ਨਿਰਦੋਸ਼ ਦੱਸਿਆ

ਟੈਕਸੀ ਚਾਲਕਾਂ ਨੇ ਮੁਹਾਲੀ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ, ਨਿਰਪੱਖ ਜਾਂਚ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸੋਹਾਣਾ ਪੁਲੀਸ ਵੱਲੋਂ ਬੀਤੇ ਦਿਨੀਂ ਇਕ ਟੈਕਸੀ ਚਾਲਕ ਸਤਨਾਮ ਸਿੰਘ ਦੇ ਖ਼ਿਲਾਫ਼ ਧਾਰਾ 393,394,341,294,506 ਅਤੇ 149 ਦੇ ਤਹਿਤ ਦਰਜ ਕੀਤੇ ਕੇਸ ਦੇ ਸਿਲਸਿਲੇ ਵਿੱਚ ਸਥਾਨਕ ਟੈਕਸੀ ਚਾਲਕਾਂ ਵੱਲੋਂ ਅੱਜ ਰੋਸ ਮੁਜ਼ਾਹਰਾ ਕਰਦਿਆਂ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਉਕਤ ਟੈਕਸੀ ਚਾਲਕ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ਮਗਰੋਂ ਇਨ੍ਹਾਂ ਟੈਕਸੀ ਚਾਲਕਾਂ ਨੇ ਐਸਐਸਪੀ ਦਫ਼ਤਰ ਵਿੱਚ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਨਵੇਂ ਸਿਰੇ ਤੋਂ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ।
ਜ਼ਿਲ੍ਹਾ ਪੁਲੀਸ ਮੁਖੀ ਨੂੰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਟੈਕਸੀ ਚਾਲਕ ਸਤਨਾਮ ਸਿੰਘ ਮਨਾਲੀ ਤੋਂ ਸਵਾਰੀ ਲੈ ਕੇ ਚੰਡੀਗੜ੍ਹ ਏਅਰਪੋਰਟ ਆ ਰਿਹਾ ਸੀ ਅਤੇ ਜਦੋਂ ਡਰਾਈਵਰ ਨੇ ਗੱਡੀ ਵਿੱਚ ਤੇਲ ਪਾਉਣ ਲਈ ਪੈਸੇ ਮੰਗੇ ਤਾਂ ਸਵਾਰੀ ਨੇ ਇਹ ਕਹਿ ਕੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਕਿ ਉਹ ਏਅਰਪੋਰਟ ’ਤੇ ਜਾ ਕੇ ਪੈਸੇ ਦੇਣਗੇ। ਸ਼ਿਕਾਇਤ ਅਨੁਸਾਰ ਜਦੋਂ ਗੱਡੀ ਮੁਹਾਲੀ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਫਿਰ ਪੈਸੇ ਮੰਗੇ ਤਾਂ ਸਵਾਰੀ ਨੇ ਇਹ ਕਹਿ ਕੇ ਪੈਸੇ ਦੇਣ ਤੋਂ ਪੱਲਾ ਝਾੜ ਲਿਆ ਕਿ ਟੈਕਸੀ ਚਾਲਕ ਦੀ ਦੇਰੀ ਕਾਰਨ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ ਹੈ ਅਤੇ ਉਹ ਪੈਸੇ ਨਹੀਂ ਦੇਣਗੇ। ਇਸ ’ਤੇ ਡਰਾਈਵਰ ਨੇ ਗੱਡੀ ਰੋਕ ’ਤੇ 100 ਨੰਬਰ ’ਤੇ ਫੋਨ ਕੀਤਾ ਅਤੇ ਪੀਸੀਆਰ ਪਾਰਟੀ ਦਾ ਇੰਤਜ਼ਾਰ ਕਰਨ ਲੱਗ ਪਿਆ। ਇਸ ਦੌਰਾਨ ਸਵਾਰੀ ਨੇ ਟੈਕਸੀ ਚਾਲਕ ਨੂੰ ਕਿਹਾ ਕਿ ਉਹ ਪੁਲੀਸ ਨੂੰ ਨਾ ਸੱਦਣ ਅਤੇ ਉਹ ਏਅਰਪੋਰਟ ਪਹੁੰਚ ਕੇ ਪੈਸੇ ਦੇ ਦੇਣਗੇ। ਜਿਸ ’ਤੇ ਚਾਲਕ ਨੇ ਗੱਡੀ ਏਅਰਪੋਰਟ ਵੱਲ ਤੋਰ ਲਈ। ਇਸ ਦੌਰਾਨ ਸਵਾਰੀ ਨੇ 100 ਨੰਬਰ ਦੇ ਫੋਨ ਕਰਕੇ ਸ਼ਿਕਾਇਤ ਕਰ ਦਿੱਤੀ ਕਿ ਡਰਾਈਵਰ ਉਨ੍ਹਾਂ ਨੂੰ ਕਥਿਤ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ’ਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਡਰਾਈਵਰ ਨੂੰ ਥਾਣੇ ਲਿਜਾ ਕੇ ਬੰਦ ਕਰ ਦਿੱਤਾ ਅਤੇ ਇਕਪਾਸੜ ਗੱਲ ਸੁਣ ਕੇ ਉਸਦੇ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ। ਇਹ ਘਟਨਾ ਬੀਤੀ 26 ਅਗਸਤ ਦੀ ਦੱਸੀ ਜਾ ਰਹੀ ਹੈ। ਮਨਾਲੀ ਤੋਂ ਆਉਣ ਵਾਲੀਆਂ ਚਾਰ ਸਵਾਰੀਆਂ ਵਿੱਚ ਦੋ ਵਿਦੇਸ਼ੀ ਨਾਗਰਿਕ ਸਨ।
ਉਧਰ, ਇਸ ਸਬੰਧੀ ਐਲ ਐੱਡ ਟੀ ਕੰਪਨੀ ਦੇ ਇੰਜੀਨੀਅਰ ਅਰਾਸ਼ੂ ਵੈਂਕਟੇਸ਼ ਨੇ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ 26 ਅਗਸਤ ਨੂੰ ਮਨਾਲੀ ਤੋਂ ਏਅਰਪੋਰਟ ਪਹੁੰਚਣ ਲਈ ਟੈਕਸੀ ਬੁੱਕ ਕੀਤੀ ਸੀ ਪ੍ਰੰਤੂ ਟੈਕਸੀ ਚਾਲਕ ਮਿੱਥੇ ਸਮੇਂ ਤੋਂ ਕਾਫ਼ੀ ਲੇਟ ਆਇਆ ਸੀ ਅਤੇ ਉਸ ਵੱਲੋਂ ਰਾਹ ਵਿੱਚ ਵੀ ਸਵਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਡਰਾਈਵਰ ਰਾਹ ਵਿੱਚ ਪੈਸੇ ਮੰਗਦਾ ਰਿਹਾ ਜਦੋਂਕਿ ਬੁਕਿੰਗ ਵੇਲੇ ਇਹ ਤੈਅ ਹੋਇਆ ਸੀ ਕਿ ਪੈਸੇ ਏਅਰਪੋਰਟ ਪਹੁੰਚਣ ’ਤੇ ਦਿੱਤੇ ਜਾਣਗੇ। ਰਾਹ ਵਿੱਚ ਡਰਾਈਵਰ ਲਗਾਤਾਰ ਮੋਬਾਈਲ ਫੋਨ ਤੇ ਕਿਸੇ ਨਾਲ ਗੱਲ ਕਰਦਾ ਰਿਹਾ ਅਤੇ ਗੱਡੀ ਬਹੁਤ ਹੌਲੀ ਹੌਲੀ ਚਲਾਉਣ ਕਾਰਨ ਉਹ ਲਗਾਤਾਰ ਲੇਟ ਹੁੰਦੇ ਗਏ। ਸ਼ਿਕਾਇਤਕਰਤਾ ਅਨੁਸਾਰ ਖਰੜ ਕਰਾਸ ਕਰਨ ਮੌਕੇ ਡਰਾਈਵਰ ਨੇ ਗੱਡੀ ਰੋਕ ਕੇ ਇੱਕ ਹੋਰ ਗੱਡੀ ਵਾਲੇ ਨਾਲ ਗੱਲ ਕੀਤੀ ਅਤੇ ਫਿਰ ਉਨ੍ਹਾਂ ਨੇ ਆਪਣੀ ਗੱਡੀ ਵੀ ਪਿੱਛੇ ਲਗਾ ਲਈ। ਫਿਰ ਉਨ੍ਹਾਂ ਦਾ ਡਰਾਈਵਰ (ਸਤਨਾਮ ਸਿੰਘ) ਦੂਜੀ ਗੱਡੀ ਵਿੱਚ ਬੈਠ ਗਿਆ ਅਤੇ ਉਨ੍ਹਾਂ ਦੀ ਗੱਡੀ ਕੋਈ ਹੋਰ ਚਲਾਉਣ ਲੱਗ ਪਿਆ। ਸ਼ੱਕ ਪੈਣ ’ਤੇ ਉਨ੍ਹਾਂ ਨੇ ਪੁਲੀਸ ਨੂੰ ਫੋਨ ਕੀਤਾ ਗਿਆ। ਸ਼ਿਕਾਇਤ ਕਰਤਾ ਅਨੁਸਾਰ ਏਅਰਪੋਰਟ ਨੇੜੇ ਪਹੁੰਚ ਕੇ ਚਾਲਕ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸੇ ਸਮੇਂ ਮੌਕੇ ’ਤੇ ਪੁਲੀਸ ਕਰਮਚਾਰੀ ਪਹੁੰਚ ਗਏ ਅਤੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In General News

Check Also

ਪੁੱਡਾ\ਗਮਾਡਾ ਵਿਕਾਸ ਅਥਾਰਟੀਆਂ ਨੇ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ

ਪੁੱਡਾ\ਗਮਾਡਾ ਵਿਕਾਸ ਅਥਾਰਟੀਆਂ ਨੇ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ ਮੁਹਾਲੀ ਦੇ ਸੈਕ…