Share on Facebook Share on Twitter Share on Google+ Share on Pinterest Share on Linkedin ਪਿੰਡ ਲਾਂਡਰਾਂ ਵਿੱਚ ਕਾਰ ਸਵਾਰਾਂ ਵੱਲੋਂ 3 ਸਾਲ ਦਾ ਬੱਚਾ ਚੁੱਕਣ ਦੀ ਕੋਸ਼ਿਸ਼, ਲੋਕ ਭੈਅਭੀਤ ਲੋਕਾਂ ਨੇ ਇਕ ਨੌਜਵਾਨ ਫੜ ਕੇ ਪੁਲੀਸ ਹਵਾਲੇ ਕੀਤਾ, ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ: ਇੱਥੋਂ ਦੇ ਕਸਬਨੁਮਾ ਪਿੰਡ ਲਾਂਡਰਾਂ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਇਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਥਾਨਕ ਲੋਕਾਂ ਦੀ ਮੁਸਤੈਦੀ ਕਾਰਨ ਕਾਰ ਸਵਾਰ ਬੱਚਾ ਚੁੱਕ ਕੇ ਲਿਜਾਉਣ ਵਿੱਚ ਸਫਲ ਨਹੀਂ ਹੋ ਸਕੇ। ਲੋਕਾਂ ਨੇ ਇਕ ਨੌਜਵਾਨ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਗਿਆ। ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸ਼ਤੀਰ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੌਜਵਾਨ ਦੇ ਖ਼ਿਲਾਫ਼ ਧਾਰਾ-363, 511 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਜਵਾਨ ਨਸ਼ੇ ਵਿੱਚ ਧੁੱਤ ਹੋਣ ਕਰਕੇ ਪੁੱਛਗਿੱਛ ਨਹੀਂ ਕੀਤੀ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਉੱਤਰਨ ਤੋਂ ਬਾਅਦ ਪੁੱਛਗਿੱਛ ਕਰਕੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਿਊਂ ਲਾਂਡਰਾਂ ਦੀ ਵਸਨੀਕ ਇਕ ਅੌਰਤ ਅੱਜ ਦੁਪਹਿਰ ਵੇਲੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਪ੍ਰਾਈਵੇਟ ਡਾਕਟਰ (ਮੋਗੇ ਵਾਲਾ ਡਾਕਟਰ) ਕੋਲ ਆਪਣੇ ਬਿਮਾਰ ਛੋਟੇ ਬੇਟੇ ਦੀ ਦਵਾਈ ਲੈਣ ਆਈ ਸੀ। ਇਸ ਦੌਰਾਨ ਉਸ ਦਾ ਤਿੰਨ ਸਾਲ ਵੱਡਾ ਬੇਟਾ ਅਰਮਾਨ ਵੀ ਪਿੱਛੇ ਪਿੱਛੇ ਆ ਗਿਆ। ਜਿਸ ਬਾਰੇ ਬਿਮਾਰ ਅੌਰਤ ਨੂੰ ਕੋਈ ਜਾਣਕਾਰੀ ਨਹੀਂ ਸੀ। ਜਿਵੇਂ ਹੀ ਅੌਰਤ ਡਾਕਟਰ ਕੋਲ ਅੰਦਰ ਗਈ ਤਾਂ ਸੜਕ ’ਤੇ ਪਹਿਲਾਂ ਤੋਂ ਖੜੀ ਕਾਰ ’ਚੋਂ ਇਕ ਨੌਜਵਾਨ ਥੱਲੇ ਉੱਤਰਿਆ ਅਤੇ ਉਸ ਨੇ ਬੱਚੇ ਨੂੰ ਚੁੱਕ ਕੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉੱਥੇ ਮੌਜੂਦ ਲੋਕਾਂ ਨੇ ਓਪਰਾ ਬੰਦਾ ਦੇਖ ਕੇ ਰੌਲਾ ਪਾ ਦਿੱਤਾ। ਜਿਸ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਭੱਜ ਕੇ ਪ੍ਰੰਤੂ ਬੱਚਾ ਚੁੱਕਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਫੜ ਲਿਆ ਅਤੇ ਲਾਂਡਰਾਂ ਟੀ ਪੁਆਇੰਟ ’ਤੇ ਤਾਇਨਾਤ ਟਰੈਫ਼ਿਕ ਪੁਲੀਸ ਦੇ ਕਰਮਚਾਰੀਆਂ ਨੂੰ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਚੌਕ ’ਤੇ ਖੜੇ ਪੁਲੀਸ ਕਰਮੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਵੱਲੋਂ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਏਨੇ ਵਿੱਚ ਸੋਹਾਣਾ ਥਾਣੇ ’ਚੋਂ ਪੁਲੀਸ ਮੁਲਾਜ਼ਮ ਉੱਥੇ ਪਹੁੰਚ ਗਏ ਅਤੇ ਨਸ਼ੇ ਵਿੱਚ ਟੱਲੀ ਉਕਤ ਨੌਜਵਾਨ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੂੰ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਇਕੱਲਾ ਨਹੀਂ ਹੈ। ਉਨ੍ਹਾਂ ਦਾ 40 ਬੰਦਿਆਂ ਦਾ ਪੂਰਾ ਗਰੋਹ ਹੈ। ਇਹ ਗੱਲ ਸੁਣ ਕੇ ਲੋਕਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਦਿਨ ਦਿਹਾੜੇ ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਅੌਰਤਾਂ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਭੈਅ-ਭੀਤ ਹਨ। (ਬਾਕਸ ਆਈਟਮ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਡਾਵਾਂਡੋਲ ਹੈ, ਪ੍ਰੰਤੂ ਮੁੱਖ ਮੰਤਰੀ ਵੱਲੋਂ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨੌਜਵਾਨ ਮੁਟਿਆਰਾਂ ਅਤੇ ਅੌਰਤਾਂ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਅਤੇ ਹੁਣ ਸ਼ਰ੍ਹੇਆਮ ਬੱਚਿਆਂ ਨੂੰ ਚੁੱਕਣ ਦੀਆਂ ਵਾਰਦਾਤਾਂ ਵਾਪਰਨ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ ਕਿ ਸੂਬੇ ਵਿੱਚ ਓਪਰੇ ਬੰਦੇ ਟੋਲੀਆਂ ਬਣਾ ਕੇ ਘੁੰਮ ਰਹੇ ਹਨ। ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪ੍ਰੰਤੂ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਅੌਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ