Nabaz-e-punjab.com

ਮੁਹਾਲੀ ਮੈਗਾ ਰੁਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ: ਡੀਸੀ

ਜ਼ਿਲ੍ਹਾ ਮੁਹਾਲੀ ਦੀਆਂ ਵੱਖ ਵੱਖ ਥਾਵਾਂ ’ਤੇ 20 ਸਤੰਬਰ ਤੋਂ ਲਗਾਏ ਜਾਣਗੇ ਮੈਗਾ ਰੁਜ਼ਗਾਰ ਮੇਲੇ

ਮੈਗਾ ਰੁਜ਼ਗਾਰ ਮੇਲਿਆਂ ਵਿੱਚ 50 ਤੋਂ ਵੱਧ ਨਾਮੀ ਕੰਪਨੀਆਂ ਪਹੁੰਚ ਕੇ ਕਰਨਗੀਆਂ ਨੌਜਵਾਨਾਂ ਦੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ ਰਾਜ ਵਿੱਚ ਮੈਗਾ ਰੁਜ਼ਗਾਰ ਮੇਲੇ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ 20 ਤੋਂ 30 ਸਤੰਬਰ ਤੱਕ ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ। ਜਿਨ੍ਹਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਤੋਂ ਪਹਿਲਾਂ ਡੀਸੀ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਮੈਗਾ ਰੁਜ਼ਗਾਰ ਮੇਲਿਆਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟਰੇਨਿੰਗ ਪਾਰਟਨਰਾਂ ਤੇ ਪਲੇਸਮੈਂਟ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਰੁਜ਼ਗਾਰ ਮੇਲਿਆਂ ਨੂੰ ਸਫਲ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਐਚਐਸ ਪਨੂੰ ਮੌਜੂਦ ਸਨ।
ਡੀਸੀ ਨੇ ਦੱਸਿਆ ਕਿ 20 ਤੋਂ 30 ਸਤੰਬਰ ਤੱਕ ਮੁਹਾਲੀ ਨੇੜੇ ਸੀਜੀਸੀ ਕਾਲਜ ਲਾਂਡਰਾਂ, ਸਵਾਈਟ ਕਾਲਜ ਬਨੂੜ ਆਈਟੀਆਈ (ਲੜਕੀਆਂ) ਫੇਜ਼-5, ਸਰਕਾਰੀ ਕਾਲਜ ਡੇਰਾਬੱਸੀ, ਸਰਕਾਰੀ ਕਾਲਜ ਫੇਜ਼-6 ਮੁਹਾਲੀ ਅਤੇ ਖਾਲਸਾ ਕਾਲਜ ਮੁਹਾਲੀ ਵਿੱਚ ਮੈਗਾ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਐਮੇਜ਼ੋਨ, ਮਾਰੂਤੀ ਸੁਜ਼ੂਕੀ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਜਸਟ ਡਾਇਲ ਅਤੇ ਜ਼ਮੈਟੋ ਵਰਗੀਆਂ 50 ਤੋਂ ਵੱਧ ਨਾਮੀ ਕੰਪਨੀਆਂ ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕਰਨ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਲੇ ਵਿਭਾਗਾਂ ਵੱਲੋਂ ਕਾਊਂਟਰ ਵੀ ਲਾਏ ਜਾਣਗੇ, ਜਿੱਥੇ ਸਬੰਧਤ ਵਿਭਾਗਾਂ ਵੱਲੋਂ ਸਵੈ ਰੁਜ਼ਗਾਰ ਲਈ ਦਿੱਤੀ ਜਾਂਦੀ ਸਿਖਲਾਈ ਤੇ ਕਰਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ’ਤੇ ਫਾਰਮ ਭਰੇ ਜਾਣਗੇ।
ਸ੍ਰੀ ਗਿਰੀਸ਼ ਦਿਆਲਨ ਨੇ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਰੁਜ਼ਗਾਰ/ਸਵੈ-ਰੁਜ਼ਗਾਰ ਅਪਣਾਉਣ ਦੇ ਚਾਹਵਾਨ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਘਰ-ਘਰ ਰੁਜ਼ਗਾਰ ਪੋਰਟਲ ’ਤੇ ਰਜਿਸਟਰ ਕਰਵਾਉਣ ਅਤੇ ਰੋਜ਼ਗਾਰ ਮੇਲਿਆਂ ਵਿੱਚ ਪਹੁੰਚਣ ਲਈ ਪ੍ਰੇਰਿਤ ਕਰਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਪੁੱਜੀ ਕੋਈ ਅਸਾਮੀ ਵਿਅਰਥ ਨਾ ਜਾਵੇ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਪਲੇਸਮੈਂਟ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਨੌਜਵਾਨਾਂ ਦੀ ਤਿਆਰੀ ਵੱਲ ਵਿਸ਼ੇਸ਼ ਤਵੱਜੋਂ ਦਿੰਦੇ ਹੋਏ ਸ਼ਖ਼ਸੀਅਤ ਉਸਾਰੀ (ਪ੍ਰਸਨੈਲਿਟੀ ਡਿਵੈਲਪਮੈਂਟ) ਅਤੇ ਸਾਫ਼ਟ ਸਕਿੱਲ ਸਬੰਧੀ ਮੁਫ਼ਤ ਕਲਾਸਾਂ ਲਾਈਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…