Share on Facebook Share on Twitter Share on Google+ Share on Pinterest Share on Linkedin ਅਣਦੇਖੀ: ਰੀਜਨਲ ਸਪਾਈਨ ਇੰਜਰੀ ਸੈਂਟਰ ਸੈਕਟਰ-70 ਵਿੱਚ ਮਰੀਜ਼ਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ ਸਮਾਜ ਸੇਵੀ ਨੇ ਮਰੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਮੰਤਰੀ ਸਿੱਧੂ ਨੂੰ ਪੱਤਰ ਲਿਖਿਆ ਹਫ਼ਤੇ ਵਿੱਚ ਸਿਰਫ਼ ਇਕ ਦਿਨ ਸਨਿੱਚਰਵਾਰ ਨੂੰ ਹੁੰਦਾ ਹੈ ਮਰੀਜ਼ਾਂ ਦਾ ਇਲਾਜ, ਦੂਰ ਦੁਰਾਡੇ ਦੇ ਮਰੀਜ਼ ਡਾਢੇ ਤੰਗ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ: ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਪੰਜ ਸੂਬਿਆਂ (ਪੰਜਾਬ ਸਮੇਤ ਯੂਟੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ) ਦੇ ਮਰੀਜ਼ਾਂ ਦੀ ਸਹੂਲਤਾਂ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਲਈ 13 ਸਾਲ ਪਹਿਲਾਂ ਬਣਾਇਆ ਗਿਆ ਰੀਜਨਲ ਸਪਾਈਨ ਇੰਜਰੀ ਸੈਂਟਰ ਵਿੱਚ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ। ਆਰਟੀਆਈ ਕਾਰਕੁਨ ਤੇ ਸਮਾਜ ਸੇਵੀ ਕੰਵਲ ਨਯਨ ਸਿੰਘ ਸੋਢੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਅਤੇ ਸਟਾਫ਼ ਮੁਹੱਈਆ ਕਰਵਾਇਆ ਜਾਵੇ ਅਤੇ ਇੱਥੇ 24 ਘੰਟੇ ਮਰੀਜ਼ਾਂ ਦਾ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇੱਥੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਲੋੜੀਂਦਾ ਸਟਾਫ਼ ਅਤੇ ਹੋਰ ਸਹੂਲਤਾਂ ਨਾ ਹੋਣ ਕਾਰਨ ਇਹ ਹਸਪਤਾਲ ਆਮ ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਤੱਕ ਸੀਮਤ ਰਹਿ ਗਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਦੀ ਥਾਂ ਖੱਜਲ ਖੁਆਰੀ ਸਹਿਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਪੂਰਾ ਬੁਨਿਆਦੀ ਢਾਂਚਾ ਮੌਜੂਦ ਹੈ ਅਤੇ ਜੇਕਰ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਸਕਦਾ ਹੈ। ਪ੍ਰੰਤੂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਅਜੋਕੇ ਸਮੇਂ ਵਿੱਚ ਇਹ ਹਸਪਤਾਲ ਹਫ਼ਤੇ ਵਿੱਚ ਸਿਰਫ਼ ਇਕ ਦਿਨ (ਸਨਿਚਰਵਾਰ) ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਇਰੈਕਟਰ ਡਾ. ਰਾਜ ਬਹਾਦਰ (ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ) ਸਿਰਫ਼ ਸਨਿਚਰਵਾਰ ਨੂੰ ਹੀ ਮਰੀਜ ਦੇਖਣ ਲਈ ਆਉਂਦੇ ਹਨ ਅਤੇ ਮਰੀਜ਼ਾਂ ਨੂੰ 6-6 ਮਹੀਨੇ ਦੀ ਤਰੀਕ ਪਾ ਦਿੰਦੇ ਹਨ। ਮਰੀਜ਼ ਸਵੇਰੇ ਚਾਰ ਵਜੇ ਹੀ ਇੱਥੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਗੇਟ ’ਤੇ ਤਾਲਾ ਲੱਗਿਆ ਹੋਣ ਕਾਰਨ ਉਨ੍ਹਾਂ ਨੂੰ ਫੁੱਟਪਾਥ ’ਤੇ ਬੈਠ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਸਾਢੇ ਸੱਤ ਵਜੇ ਗੇਟ ਖੁੱਲ੍ਹਣ ’ਤੇ ਮਰੀਜ਼ ਅੰਦਰ ਤਾਂ ਚਲੇ ਜਾਂਦੇ ਹਾਨ, ਫਿਰ ਉਨ੍ਹਾਂ ਨੂੰ ਡਾਕਟਰ ਦਾ ਇੰਤਜ਼ਾਰ ਕਰਨਾ ਪੈਂਦਾ ਹੈ। (ਬਾਕਸ ਆਈਟਮ) ਮੁਹਾਲੀ ਦੇ ਵਸਨੀਕ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਉਹ ਇਸ ਹਸਪਤਾਲ ਨੂੰ ਚਲਾਉਣ ਲਈ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਹਨ ਪ੍ਰੰਤੂ ਹੁਣ ਤੱਕ ਇਸ ਮਿਸ਼ਨ ਵਿੱਚ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਸਟਾਫ਼ ਦੀ ਘਾਟ ਅਤੇ ਪ੍ਰਸ਼ਾਸਨਿਕ ਮਨਮਾਨੀ ਕਾਰਨ ਲੋਕਾਂ ਦਾ ਇਲਾਜ ਕਰਨ ਥਾਂ ਉਨ੍ਹਾਂ ਨੂੰ ਹੋਰ ਬਿਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਲੋਕਾਂ ਨੂੰ ਰੀੜ੍ਹ ਦੀ ਹੱਡੀਆਂ ਦੀਆ ਬਿਮਾਰੀਆਂ ਦਾ ਇਲਾਜ ਦੀ ਥਾਂ ਆਮ ਹੱਡੀਆਂ ਦੀਆਂ ਬਿਮਾਰੀਆਂ ਦਾ ਹੀ ਇਲਾਜ ਹੋ ਰਿਹਾ ਹੈ ਅਤੇ ਇਹ ਸੁਵਿਧਾ ਵੀ ਹਫ਼ਤੇ ਵਿੱਚ ਸਿਰਫ਼ ਇਕ ਦਿਨ (ਸਨਿਚਰਵਾਰ) ਨੂੰ ਹੀ ਮਿਲਦੀ ਹੈ। (ਬਾਕਸ ਆਈਟਮ) ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੰਜ ਸੂਬਿਆਂ ਦੇ ਇਸ ਰੀਜਨਲ ਸਪਾਈਨ ਇੰਜਰੀ ਸੈਂਟਰ ਵਿੱਚ ਬਹੁਤ ਹੀ ਕਾਬਲ ਤੇ ਹੱਡੀਆਂ ਦੇ ਮਾਹਰ ਡਾਕਟਰ ਰਾਜ ਬਹਾਦਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਾਂਝਾ ਪ੍ਰਾਜੈਕਟ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਸੈਂਟਰ ਵਿੱਚ ਦੂਜੇ ਹਸਪਤਾਲਾਂ ਵਾਂਗ ਹਫ਼ਤੇ ਵਿੱਚ ਸੱਤ ਦਿਨ ਇਲਾਜ ਦੀ ਵਿਵਸਥਾ ਲਈ ਮੁੱਖ ਮੰਤਰੀ ਅਤੇ ਸਮਾਜ ਕਲਿਆਣ ਵਿਭਾਗ ਨਾਲ ਗੱਲ ਕਰਕੇ ਵਿਚਲਾ ਰਸਤਾ ਕੱਢਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ