Nabaz-e-punjab.com

ਕਾਇਆਕਲਪ ਮੁਹਿੰਮ: ਜ਼ਿਲ੍ਹਾ ਮੁਹਾਲੀ ਦੇ ਤਿੰਨ ਸਰਕਾਰੀ ਹਸਪਤਾਲਾਂ ਨੂੰ ਮਿਲੇ ਪੁਰਸਕਾਰ

ਸਿਵਲ ਸਰਜਨ ਡਾ. ਮਨਜੀਤ ਸਿੰਘ ਦਾ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
‘ਕਾਇਆਕਲਪ ਸਵੱਛ ਭਾਰਤ’ ਮੁਹਿੰਮ ਤਹਿਤ ਜਿਥੇ ਜ਼ਿਲ੍ਹਾ ਮੁਹਾਲੀ ਦੇ ਤਿੰਨ ਸਰਕਾਰੀ ਹਸਪਤਾਲਾਂ ਨੂੰ ਵਕਾਰੀ ਪੁਰਸਕਾਰ ਮਿਲੇ ਹਨ, ਉਥੇ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਇਸ ਮੁਹਿੰਮ ਵਿਚ ਲਾਮਿਸਾਲ ਯੋਗਦਾਨ ਪਾਉਣ ਬਦਲੇ ‘ਸਭ ਤੋਂ ਵਧੀਆ ਸਿਵਲ ਸਰਜਨ’ ਹੋਣ ਦਾ ਮਾਣ ਹਾਸਲ ਹੋਇਆ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਕਲ ਮਾਨਸਾ ਵਿਖੇ ਹੋਏ ਸੂਬਾ ਪੱਧਰੀ ਇਨਾਮ ਵੰਡ ਸਮਾਗਮ ਵਿਚ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਬ-ਡਵੀਜ਼ਨਲ ਹਸਪਤਾਲ (ਐਸਡੀਐਚ) ਸ਼੍ਰੇਣੀ ਵਿੱਚ ਖਰੜ ਦੇ ਸਰਕਾਰੀ ਹਸਪਤਾਲ ਨੂੰ ਪੰਜਾਬ ਭਰ ਵਿਚੋਂ ਤੀਜਾ ਇਨਾਮ ਪ੍ਰਦਾਨ ਕੀਤਾ। ਇਸ ਇਨਾਮ ਵਿਚ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਇਕ ਲੱਖ ਰੁਪਏ ਦੀ ਰਕਮ ਸ਼ਾਮਲ ਹੈ ਜਿਹੜੀ ਹਸਪਤਾਲ ਨੂੰ ਹੋਰ ਖ਼ੂਬਸੂਰਤ ਬਣਾਉਣ ਅਤੇ ਜ਼ਰੂਰੀ ਬੁਨਿਆਦੀ ਢਾਂਚੇ ’ਤੇ ਖ਼ਰਚੀ ਜਾਵੇਗੀ। ਇਸ ਹਸਪਤਾਲ ਨੇ ਲਗਭਗ 84 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਇਸੇ ਸ਼੍ਰੇਣੀ ਵਿੱਚ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਨੂੰ 70 ਫੀਸਦੀ ਤੋਂ ਵੱਧ ਅੰਕ ਮਿਲੇ ਹਨ ਅਤੇ ਇਸ ਹਸਪਤਾਲ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਸ਼੍ਰੇਣੀ ਵਿਚ ਬਨੂੜ ਦੇ ਸਰਕਾਰੀ ਹਸਪਤਾਲ ਨੂੰ ਵੀ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਬਦਲੇ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ ਇਕ ਲੱਖ ਰੁਪਏ ਦੀ ਰਕਮ ਮਿਲੀ ਹੈ। ਉਪਰੋਕਤ ਇਨਾਮਾਂ ਤੋਂ ਇਲਾਵਾ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮੋਹਾਲੀ ਵਿਖੇ ਤਬਦੀਲ ਹੋਣ ਤੋਂ ਪਹਿਲਾਂ ਪਟਿਆਲਾ ਦੇ ਸਿਵਲ ਸਰਜਨ ਹੁੰਦਿਆਂ ਕਾਇਆਕਲਪ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਨੂੰ ਨਵੀਂ ਦਿੱਖ ਦੇਣ ਦੀ ਦਿਸ਼ਾ ਵਿਚ ਵਡਮੁੱਲਾ ਯੋਗਦਾਨ ਪਾਇਆ ਜਿਸ ਨੂੰ ਦੇਖਦਿਆਂ ਉਨ੍ਹਾਂ ਨੂੰ ‘ਸੱਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਿਵਲ ਸਰਜਨ’ ਪੁਰਸਕਾਰ ਜਿਸ ਵਿਚ ਪ੍ਰਸ਼ੰਸਾ ਪੱਤਰ ਤੇ ਟਰਾਫ਼ੀ ਸ਼ਾਮਲ ਹੈ, ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ, ‘ਇਹ ਇਨਾਮ ਸਿਰਫ਼ ਮੈਨੂੰ ਨਹੀਂ ਮਿਲਿਆ ਸਗੋਂ ਸਿਹਤ ਵਿਭਾਗ ਦੀ ਸਮੱੁਚੀ ਟੀਮ ਨੂੰ ਮਿਲਿਆ ਹੈ ਜਿਸ ਨੇ ਪੂਰੀ ਤਨਦੇਹੀ, ਲਗਨ ਤੇ ਮਿਹਨਤ ਨਾਲ ਇਸ ਮੁਹਿੰਮ ਵਿਚ ਬਾਕਾਮਾਲ ਯੋਗਦਾਨ ਪਾਇਆ।
ਟੀਮ ਨੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਤੇ ਹੋਰ ਪੱਖਾਂ ਤੋਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਨਵੇਂ ਮੁਕਾਮ ’ਤੇ ਪਹੁੰਚਾਇਆ ਜਿਸ ਸਦਕਾ ਸਾਰੀ ਟੀਮ ਹੀ ਇਸ ਪੁਰਸਕਾਰ ਦੀ ਹੱਕਦਾਰ ਹੈ। ਮੈਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਿਹਤ ਅਧਿਕਾਰੀਆਂ ਦੇ ਵਡਮੁੱਲੇ ਯਤਨਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਹੋਰ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਿਆ ਹੈ।’ ਇਨਾਮ ਹਾਸਲ ਕਰਨ ਵਾਲੇ ਤਿੰਨੇ ਸਰਕਾਰੀ ਹਸਪਤਾਲਾਂ ਵਿਚ ਡਾ. ਸੁਰਿੰਦਰ ਸਿੰਘ (ਖਰੜ), ਡਾ. ਸੰਗੀਤਾ ਜੈਨ (ਡੇਰਾਬੱਸੀ) ਅਤੇ ਡਾ. ਹਰਪ੍ਰੀਤ ਕੌਰ (ਬਨੂੜ) ਸੀਨੀਅਰ ਮੈਡੀਕਲ ਅਧਿਕਾਰੀਆਂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਪੁਰਸਕਾਰਾਂ ਲਈ ਚੋਣ ਕਰਨ ਤੋਂ ਪਹਿਲਾਂ ਹਸਪਤਾਲਾਂ ਵਿਚ ਲਗਭਗ 300 ਮਾਪਦੰਡ ਵਿਚਾਰੇ ਗਏ ਜਿਨ੍ਹਾਂ ਵਿਚ ਸਾਫ਼-ਸਫ਼ਾਈ, ਮਰੀਜ਼ ਦੀ ਸਾਂਭ-ਸੰਭਾਲ, ਇਨਫ਼ੈਕਸ਼ਨ ਕੰਟਰੋਲ, ਸਵੱਛਤਾ, ਮੈਡੀਕਲ ਕੂੂੜੇ ਦਾ ਢੁਕਵਾਂ ਪ੍ਰਬੰਧ, ਕੇਅਰ ਕੰਪੈਨੀਅਮ ਪ੍ਰੋਗਰਾਮ, ਸਹਾਇਕ ਸੇਵਾਵਾਂ ਆਦਿ ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…