Nabaz-e-punjab.com

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਨੇੜਲੇ ਇਲਾਕੇ ਦੀ ਜਲਦੀ ਹੋਵੇਗੀ ਕਾਇਆ-ਕਲਪ

ਨਵਾਂ ਗਰਾਓਂ ਖੇਤਰ ਵਿੱਚ ਨਕਸ਼ੇ ਪਾਸ ਕਰਵਾਉਣ ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਖੋਲ੍ਹਣ ਬਾਰੇ ਏਡੀਸੀ ਨਾਲ ਮੀਟਿੰਗ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿੱਚ ਏਡੀਸੀ (ਜਨਰਲ) ਸਾਕਸ਼ੀ ਸਾਹਨੀ ਤੇ ਜਗਮੋਹਨ ਕੰਗ ਨੇ ਕੀਤੀ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜਲੇ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਅਤੇ ਵਿਕਾਸ ਹੋਣ ਦੀ ਆਸ ਬੱਝ ਗਈ ਹੈ। ਨਵਾਂ ਗਰਾਓਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਬੰਦ ਹੋਣ ਅਤੇ ਵਿਕਾਸ ਦੀ ਅਣਦੇਖੀ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ ਲੇਕਿਨ ਹੁਣ ਜਲਦੀ ਹੀ ਸਮੁੱਚੇ ਖੇਤਰ ਦੀ ਕਾਇਆ-ਕਲਪ ਹੋਵੇਗੀ।
ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਨਵਾਂ ਗਰਾਓ ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਵਾਂ ਗਰਾਓਂ ਦੇ ਸਰਬਪੱਖੀ ਵਿਕਾਸ ਅਤੇ ਹੋਰ ਸਮੱਸਿਆਵਾਂ ਸਬੰਧੀ ਲੰਮੀ ਚਰਚਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਮੀਟਿੰਗ ਵਿੱਚ ਹਾਜ਼ਰ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਲੋਕਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਨਵਾਂ ਗਰਾਓਂ ਵਿੱਚ ਘਰਾਂ ਦੇ ਨਕਸ਼ੇ ਪਾਸ ਕਰਵਾਉਣ ਅਤੇ ਰੈਵੇਨਿਊ ਵਿਭਾਗ ਵੱਲੋਂ ਕਾਫੀ ਸਮੇਂ ਤੋਂ ਜ਼ਮੀਨਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਕਰਨੀਆਂ ਬੰਦ ਕੀਤੀਆਂ ਹੋਈਆਂ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਚੰਡੀਗੜ੍ਹ ਦੀ ਜੂਹ ਵਿੱਚ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਜੀਵਨ ਭਰ ਦੀ ਪੂੰਜੀ ਖ਼ਰਚ ਕਰਕੇ ਨਵਾਂ ਗਰਾਓਂ ਇਲਾਕੇ ਵਿੱਚ ਪਲਾਟ ਖਰੀਦੇ ਹੋਏ ਹਨ ਪ੍ਰੰਤੂ ਰਜਿਸਟਰੀਆਂ ਅਤੇ ਨਕਸ਼ੇ ਪਾਸ ਨਾ ਹੋਣ ਕਾਰਨ ਲੋਕ ਕਾਫੀ ਤੰਗ ਹਨ।
ਮੀਟਿੰਗ ਵਿੱਚ ਏਡੀਸੀ ਅਤੇ ਸਾਬਕਾ ਮੰਤਰੀ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਸਿਰਜੋੜ ਕੇ ਸ਼ਾਮਲਾਤ ਜ਼ਮੀਨਾਂ, ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ, ਹਾਈ ਕੋਰਟ ਦੇ ਕਈ ਫੈਸਲੇ ਅਤੇ ਹੁਕਮਾਂ ਬਾਰੇ ਲੰਮੀ ਵਿਚਾਰ ਚਰਚਾ ਕੀਤੀ। ਇਸ ਮੌਕੇ ਨਗਰ ਪੰਚਾਇਤ ਨਵਾਂ ਗਰਾਓਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਆਪਣਾ ਪੱਖ ਰੱਖਿਆ। ਏਡੀਸੀ ਸ੍ਰੀਮਤੀ ਸਾਹਨੀ ਨੇ ਸਬੰਧਤ ਅਧਿਕਾਰੀਆਂ ਤੋਂ ਲੋੜੀਂਦੇ ਦਸਤਾਵੇਜ਼ਾਂ ਦੀ ਮੰਗ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਵੱਖ ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਜਲਦੀ ਹੀ ਲੋਕ ਹਿੱਤ ਵਿੱਚ ਇਲਾਕੇ ਵਿੱਚ ਬੰਦ ਪਈਆਂ ਰਜਿਸਟਰੀਆਂ ਖੋਲ੍ਹੀਆਂ ਜਾ ਜਾਣਗੀਆਂ ਅਤੇ ਸਰਕਾਰੀ ਨੇਮਾਂ ਅਨੁਸਾਰ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਪਾਸ ਕਰਵਾਏ ਜਾਣਗੇ। ਮੀਟਿੰਗ ਉਪਰੰਤ ਸ੍ਰੀ ਕੰਗ ਨੇ ਕਿਹਾ ਕਿ ਨਕਸ਼ੇ ਪਾਸ ਅਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਮੀਟਿੰਗ ਵਿੱਚ ਖਰੜ ਦੇ ਐਸਡੀਐਮ ਵਿਨੋਦ ਕੁਮਾਰ ਬਾਂਸਲ, ਡੀਆਰਓ ਮਹਾਲੀ ਗੁਰਜਿੰਦਰ ਸਿੰਘ ਬੈਨੀਪਾਲ, ਨਵਾਂ ਗਰਾਓਂ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸਾਹੀ, ਨਗਰ ਕੌਂਸਲ ਕੁਰਾਲੀ ਦੇ ਕਾਰਜਸਾਧਕ ਅਫ਼ਸਰ ਵਰਿੰਦਰ ਜੈਨ, ਨਾਇਬ ਤਹਿਸੀਲਦਾਰ ਮਾਜਰੀ ਜਸਕਰਨ ਸਿੰਘ, ਰਾਣਾ ਜੋਲੀ, ਦਲਬੀਰ ਸਿੰਘ ਪੱਪੀ, ਅਵਤਾਰ ਸਿੰਘ ਤਾਰੀ ਅਤੇ ਭਾਟੀਆ ਸਮੇਤ ਹੋਰ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…