Nabaz-e-punjab.com

ਸੜਕ ਹਾਦਸਾ: ਮੁਹਾਲੀ ਵਿੱਚ ਕਾਰ ਤੇ ਆਟੋ ਦੀ ਭਿਆਨਕ ਟੱਕਰ, 4 ਮੌਤਾਂ, 8 ਜ਼ਖ਼ਮੀ

ਕੁੰਭੜਾ ਬਲੌਂਗੀ ਸੜਕ ’ਤੇ ਸੈਕਟਰ-70\71 ਤੇ ਫੇਜ਼-3ਬੀ2 ਦੀਆਂ ਟਰੈਫ਼ਿਕ ਲਾਈਟਾਂ ’ਤੇ ਵਾਪਰਿਆ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਵਿੱਚ ਐਤਵਾਰ ਨੂੰ ਸਵੇਰੇ ਕਰੀਬ ਸਵਾ 7 ਵਜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਏਨਾ ਭਿਆਨਕ ਸੀ ਕਿ ਥ੍ਰੀ ਵੀਲ੍ਹਰ ਵਿੱਚ ਸਵਾਰ ਮਜ਼ਦੂਰ ਸੜਕ ਕਿਨਾਰੇ ਫੁੱਟਪਾਥ ਅਤੇ ਗਰੀਨ ਬੈਲਟ ਵਿੱਚ ਦੂਰ ਦੂਰ ਤੱਕ ਖਿੱਲਰੇ ਪਏ ਦੇਖੇ ਗਏ। ਮ੍ਰਿਤਕਾਂ ਦੀ ਪਛਾਣ ਚੁਨੂ ਪਾਸਵਾਨ (30), ਗੁਲਾਬ ਸੇਖ਼ (48), ਓਮੇਸ਼ ਯਾਦਵ (30) ਅਤੇ ਸੁਲੇਮਾਨ (34) ਦੇ ਰੂਪ ਵਿੱਚ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ। ਜਦੋਂਕਿ ਜ਼ਖ਼ਮੀਆਂ ਵਿੱਚ ਮਨਤੋਸ਼, ਸਤਿੰਦਰ ਪਾਸਵਾਨ, ਚੰਦਰ ਪਾਸਵਾਨ, ਰਾਜੂ ਪਾਸਵਾਨ, ਨੰਦੂ ਪਾਸਵਾਨ, ਭੀਮ ਪਾਸਵਾਨ, ਹਰਦਰ ਅਲੀ ਅਤੇ ਆਟੋ ਚਾਲਕ ਅਸ਼ਵਨੀ ਕੁਮਾਰ ਸ਼ਾਮਲ ਹਨ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਂਜ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਕੁ 7 ਵਜੇ ਉਹ ਆਪਣੇ ਘਰ ਤੋਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਸੀ ਜਦੋਂ ਉਹ ਕੁੰਭੜਾ ਤੋਂ ਬਲੌਂਗੀ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਸੈਕਟਰ-70\71 ਅਤੇ ਫੇਜ਼-3ਬੀ2 ਵਾਲੀਆਂ ਟਰੈਫ਼ਿਕ ਲਾਈਟਾਂ ਨਜ਼ਦੀਕ ਪੁੱਜਾ ਤਾਂ ਉਸ ਨੇ ਦੇਖਿਆ ਕਿ ਦੋ ਵਿਅਕਤੀ ਮ੍ਰਿਤਕ ਅਤੇ ਕੁਝ ਹੋਰ ਲੋਕ ਸੜਕ ’ਤੇ ਖੂਨ ਨਾਲ ਲਥਪਸ ਵਿਲਕ ਰਹੇ ਸੀ ਅਤੇ ਸੜਕ ’ਤੇ ਥ੍ਰੀ ਵੀਲ੍ਹਰ ਬੂਰੀ ਤਰ੍ਹਾਂ ਚਕਨਾਚੂਰ ਹੋਇਆ ਖੜਾ ਸੀ ਅਤੇ ਨੇੜੇ ਹੀ ਹਾਦਸਾ ਗ੍ਰਸਤ ਇਕ ਕਾਰ ਖੜੀ ਸੀ। ਸ੍ਰੀ ਕੁੰਭੜਾ ਨੇ ਦੱਸਿਆ ਕਿ ਉਸ ਨੇ ਤੁਰੰਤ ਸਬ ਇੰਸਪੈਕਟਰ ਰਾਮ ਦਰਸ਼ਨ ਨੂੰ ਫੋਨ ’ਤੇ ਸੜਕ ਹਾਦਸੇ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਤੇ ਕੁਝ ਹੋਰ ਪੁਲੀਸ ਕਰਮਚਾਰੀ ਉੱਥੇ ਪਹੁੰਚ ਗਏ ਅਤੇ ਏਨੇ ਵਿੱਚ ਪੀਸੀਆਰ ਦੀਆਂ ਦੋ ਗੱਡੀਆਂ ਵੀ ਪੁੱਜ ਗਈਆਂ। ਸਭ ਤੋਂ ਪਹਿਲਾਂ ਪੁਲੀਸ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਓਮੇਸ਼ ਯਾਦਵ ਅਤੇ ਸੁਲੇਮਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਨੰਦੂ ਪਾਸਵਾਨ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਸਵਾਨ ਪਰਿਵਾਰ ਦੇ ਮੈਂਬਰ ਤੇ ਹੋਰ ਜਾਣਕਾਰ ਮਜਦੂਰੀ\ਕੰਮ ਦੀ ਭਾਲ ਵਿੱਚ ਬਿਹਾਰ ਤੋਂ ਮੁਹਾਲੀ ਆਏ ਸੀ। ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਬਿਹਾਰ ਤੋਂ ਰੇਲ ਗੱਡੀ ਰਾਹੀਂ ਚੰਡੀਗੜ੍ਹ ਸਟੇਸ਼ਨ ’ਤੇ ਸਵੇਰੇ ਤੜਕੇ ਉੱਤਰੇ ਸੀ। ਇਸ ਮਗਰੋਂ ਸੈਕਟਰ-43 ਚੰਡੀਗੜ੍ਹ ਦੇ ਬੱਸ ਅੱਡੇ ਪਹੁੰਚੇ। ਜਿੱਥੋਂ ਉਨ੍ਹਾਂ ਨੇ ਮਟੌਰ ਵਿੱਚ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਕੋਲ ਆਉਣ ਲਈ ਥ੍ਰੀ ਵੀਲ੍ਹਰ ਕਿਰਾਏ ’ਤੇ ਕੀਤਾ। ਜਿਵੇਂ ਹੀ ਉਹ ਸੈਕਟਰ-70\71 ਅਤੇ ਫੇਜ਼-3ਬੀ2 ਵਾਲੀਆਂ ਟਰੈਫ਼ਿਕ ਲਾਈਟਾਂ ਨੇੜੇ ਪੁੱਜੇ ਅਤੇ ਮਟੌਰ ਵੱਲ ਮੁੜਨ ਲੱਗੇ ਤਾਂ ਏਨੇ ਵਿੱਚ ਇਕ ਚਿੱਟੇ ਰੰਗ ਦੀ ਬੜੀ ਤੇਜ਼ ਰਫ਼ਤਾਰ ਆ ਰਹੀ ਬਰਿੱਜਾ ਕਾਰ ਨੇ ਥ੍ਰੀ ਵੀਲ੍ਹਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਏਨਾ ਭਿਆਨਕ ਸੀ ਕਿ ਥ੍ਰੀ ਵੀਲ੍ਹਰ ਵਿੱਚ ਚਾਲਕ ਸਮੇਤ ਬੈਠੇ 12 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋਂ ਚੁਨੂ ਪਾਸਵਾਨ ਤੇ ਗੁਲਾਬ ਸੇਖ਼ ਦੀ ਮੌਕੇ ’ਤੇ ਮੌਤ ਹੋ ਗਈ। ਜਦੋਂਕਿ ਬਾਕੀ ਸਵਾਰੀਆਂ ਸੜਕ, ਫੁੱਟਪਾਥ ਅਤੇ ਗਰੀਨ ਵਿੱਚ ਦੂਰ ਜਾ ਕੇ ਗਿਰੀਆਂ ਅਤੇ ਸੜਕ ’ਤੇ ਖੂਨ ਹੀ ਖੂਨ ਹੋ ਗਿਆ।
ਉਧਰ, ਪੁਲੀਸ ਦੀ ਜਾਣਕਾਰੀ ਅਨੁਸਾਰ ਕਾਰ ਚਾਲਕ ਦਰਸ਼ਪ੍ਰੀਤ ਸਿੰਘ ਵਾਸੀ ਪਿੰਡ ਕੋਟਰੀ ਬੂਟਰਾਂ (ਮੋਗਾ) ਬੀਤੇ ਦਿਨੀਂ ਆਪਣੇ ਪਿਤਾ ਇਕਬਾਲ ਸਿੰਘ ਨੂੰ ਕੈਨੇਡਾ ਜਾਣ ਲਈ ਆਪਣੇ ਦੋਸਤਾਂ ਨਾਲ ਦਿੱਲੀ ਏਅਰਪੋਰਟ ’ਤੇ ਛੱਡਣ ਆਇਆ ਸੀ। ਪਿਤਾ ਨੂੰ ਕੈਨੇਡਾ ਦੀ ਫਲਾਈਟ ਵਿੱਚ ਬਿਠਾ ਕੇ ਘਰ ਵਾਪਸ ਆਉਣ ਦੀ ਥਾਂ ਮਿੱਤਰਚਾਰੇ ਨਾਲ ਸ਼ਿਮਲਾ ਘੁੰਮਣ ਚਲਾ ਗਿਆ ਅਤੇ ਅੱਜ ਘਰ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਮਟੌਰ ਵਿੱਚ ਰਹਿੰਦੇ ਰਿਸ਼ਤੇਦਾਰ ਹਰਿੰਦਰ ਪਾਸਵਾਨ ਦੀ ਸ਼ਿਕਾਇਤ ’ਤੇ ਕਾਰ ਚਾਲਕ ਖ਼ਿਲਾਫ਼ ਧਾਰਾ 304ਏ, 279, 337, 338 ਅਤੇ 427 ਤਹਿਤ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…