Share on Facebook Share on Twitter Share on Google+ Share on Pinterest Share on Linkedin ਡੀਸੀ-ਬੈਂਸ ਵਿਵਾਦ: ਮੁਹਾਲੀ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਵਿਧਾਇਕ ਬੈਂਸ ਖ਼ਿਲਾਫ਼ ਧਰਨਾ ਗੁਰਦਾਸਪੁਰ ਦੇ ਡੀਸੀ ਨਾਲ ਬਦਸਲੂਕੀ ਕਰਨ ਵਾਲੇ ਵਿਧਾਇਕ ਬੈਂਸ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ: ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਤਿੰਨ ਰੋਜ਼ਾ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਬੀਤੇ ਦਿਨੀਂ ਲੁਧਿਆਣਾ ਦੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਕੀਤੀ ਅਤਿ ਘਟੀਆ ਦਰਜੇ ਦੀ ਬਦਸਲੂਕੀ ਖ਼ਿਲਾਫ਼ ਧਰਨਾ ਦਿੱਤਾ। ਜਿਸ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਏ ਸ਼ਹਿਰੀ ਅਤੇ ਦੁਰ ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਂਜ ਵੀ ਅੱਜ ਮੁਹਾਲੀ ਵਿੱਚ ਮੁੱਖ ਮੰਤਰੀ ਦੀ ਫੇਰੀ ਕਾਰਨ ਡਿਪਟੀ ਕਮਿਸ਼ਨਰ ਸਮੇਤ ਐਸਡੀਐਮ, ਤਹਿਸੀਲਦਾਰ ਆਦਿ ਸਾਰੇ ਅਧਿਕਾਰੀ ਸਰਕਾਰੀ ਸਮਾਗਮ ਵਿੱਚ ਪਹੁੰਚੇ ਹੋਏ ਸੀ। ਯੂਨੀਅਨ ਦੇ ਸੂਬਾ ਚੇਅਰਮੈਨ ਉਮ ਪ੍ਰਕਾਸ਼ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਹੜਤਾਲ ਦੌਰਾਨ ਮੰਗ ਕੀਤੀ ਕਿ ਵਿਧਾਇਕ ਬੈਂਸ ਦੀ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਮ ਕੀਤੀ ਜਾਵੇ। ਉਨ੍ਹਾਂ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਮਾਜਿਕ ਜ਼ਾਬਤੇ ਵਿੱਚ ਰਹਿਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਸਰਕਾਰੀ ਦਫ਼ਤਰਾਂ ਦਾ ਮਾਹੌਲ ਖ਼ਰਾਬ ਨਾ ਹੋਵੇ ਅਤੇ ਅਧਿਕਾਰੀ ਅਤੇ ਦਫ਼ਤਰੀ ਮੁਲਾਜ਼ਮ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਡਿਊਟੀ ਨਿਭਾ ਸਕਣ। ਉਨ੍ਹਾਂ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ, ਉਪ ਮੰਡਲ ਮੈਜਿਸਟਰੇਟ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ ਅਤੇ ਆਪੋ ਆਪਣੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ। ਜਿਨ੍ਹਾਂ ਵਿੱਚ ਮੰਗ ਕੀਤੀ ਕਿ ਸੋਸ਼ਲ ਮੀਡੀਆ ਵਿੱਚ ਬਣੇ ਰਹਿਣ ਲਈ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵੱਲੋਂ ਪਿਛਲੇ ਸਮੇਂ ਤੋਂ ਲੜੀਵਾਰ ਕੀਤੀਆਂ ਜਾ ਰਹੀਆ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਮੁਲਾਜ਼ਮਾਂ ਨੂੰ ਡਰਾਉਣ ਲਈ ਪੈਦਾ ਕੀਤੇ ਜਾ ਰਹੇ ਮਾਹੌਲ ਲਈ ਤੁਰੰਤ ਪ੍ਰਭਾਵ ਨਾਲ ਉਸ ਦੀ ਮੈਂਬਰਸ਼ਿਪ ਖ਼ਤਮ ਕੀਤੀ ਜਾਵੇ। ਯੂਨੀਅਨ ਵੱਲੋਂ ਸਬ ਡਵੀਜ਼ਨ ਜ਼ੀਰਾ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੂੰ ਸਟਾਫ਼ ਅਤੇ ਗੰਨਮੈਨ ਸਮੇਤ ਪਿੰਡ ਗੱਟਾ ਬਾਦਸ਼ਾਹ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੰਦੀ ਬਣਾਉਣ ਅਤੇ ਉਸ ਨੂੰ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਮੈਜਿਸਟਰੇਟ ਅਤੇ ਸਬ ਡਵੀਜ਼ਨਾਂ ਦੇ ਮੈਜਿਸਟਰੇਟ ਹੀ ਸੁਰੱਖਿਅਤ ਨਹੀਂ ਹਨ ਫਿਰ ਆਮ ਮੁਲਾਜ਼ਮ ਅਤੇ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਬਦਸਲੂਕੀ ਅਤੇ ਹਮਲੇ ਕਰਨ ਦੀ ਕਾਰਵਾਈ ਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਬੈਂਸ ਅਤੇ ਐਸਡੀਐਮ ਜ਼ੀਰਾ ਮਾਮਲੇ ਵਿੱਚ ਸਬੰਧਤ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਗ੍ਰਿਫ਼ਤਾਰ ਨਹੀਂ ਪਾਈ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਹਰਮਿੰਦਰ ਸਿੰਘ ਚੀਮਾ, ਜੂਨੀਅਰ ਸਹਾਇਕ ਵਿਜੇ ਪ੍ਰਭਾਕਰ, ਸੀਨੀਅਰ ਸਹਾਇਕ ਕੁਲਦੀਪ ਚੰਦ, ਗੁਰਦਰਸ਼ਨ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ