ਇੱਕੋ ਪਰਿਵਾਰ ਦੇ ਪੰਜਵੇਂ ਮੈਂਬਰ ਵੱਲੋਂ ਖ਼ੁਦਕੁਸ਼ੀ ਕਰਨਾ ਕੈਪਟਨ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ ਦੇ ਮੂੰਹ ਤੇ ਕਰਾਰੀ ਚਪੇੜ- ਭਗਵੰਤ ਮਾਨ

ਕਿਸਾਨਾਂ, ਕਰਜ਼ੇ ਅਤੇ ਖੁਦਕੁਸ਼ੀਆਂ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਕੈਪਟਨ ਅਮਰਿੰਦਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਸਤੰਬਰ:
ਭਗਵੰਤ ਮਾਨ ਨੇ ਕਰਜ਼ੇ ਕਾਰਨ ਬਰਨਾਲਾ ਜ਼ਿਲ੍ਹੇ ਦੇ ਭੌਤਨਾ ਪਿੰਡ ‘ਚ ਇੱਕੋ ਪਰਿਵਾਰ ਦੇ ਪੰਜਵੇਂ ਮੈਂਬਰ ਵੱਲੋਂ ਖ਼ੁਦਕੁਸ਼ੀ ਕਰਨ ‘ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਕਿ ਨੌਜਵਾਨ ਲਵਪ੍ਰੀਤ ਸਿੰਘ (23) ਦੀ ਬੇਵਕਤੀ ਮੌਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਤਥਾ-ਕਥਿਤ ਕਰਜ਼ਾ ਮੁਆਫ਼ੀ ਪ੍ਰੋਗਰਾਮ ‘ਤੇ ਕਰਾਰੀ ਚਪੇੜ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ ਅਤੇ ਐਲਾਨਾਂ ਦੇ ਪਾਜ ਉਧੇੜ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ‘ਚ ਲੋਕਾਂ ਦਾ ਲੱਖਾਂ ਰੁਪਏ ਖ਼ਰਚ ਕੇ ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ‘ਤੇ ਕਰਜ਼ਾ ਮੁਆਫ਼ੀ ਬਾਰੇ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਦੱਸ ਦੇਣ ਕਿ ਕਰਜ਼ਾ ਕਿਸ ਦਾ ਮੁਆਫ਼ ਕੀਤਾ ਹੈ। ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਰਜ਼ਾ ਮੁਆਫ਼ ਕਰਨ ਵਾਲੇ ਕਿਸਾਨਾਂ ਦੀ ਲਿਸਟ ਜਾਰੀ ਕਰਨ।
ਮਾਨ ਨੇ ਕਿਹਾ ਕਿ ਜਿਸ ਦਿਨ ਲਵਪ੍ਰੀਤ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਸੀ, ਉਸ ਦਿਨ ਕੈਪਟਨ ਸਰਕਾਰ ਮਾਨਸਾ ‘ਚ ਕਰਜ਼ਾ ਮੁਆਫ਼ੀ ਪ੍ਰੋਗਰਾਮ ਦਾ ‘ਜਸ਼ਨ ਮਨਾ’ ਰਹੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੇ ਪਰਿਵਾਰ ਕੋਲ 13 ਏਕੜ ਜ਼ਮੀਨ ਸੀ, ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਇਹ ਪਰਿਵਾਰ ਹੋਰਨਾਂ ਕਿਸਾਨਾਂ ਵਾਂਗ ਕਰਜ਼ ‘ਚ ਹੀ ਡੁੱਬਦਾ ਰਿਹਾ, ਜਿਸ ਕਾਰਨ ਇਸ ਪਰਿਵਾਰ ਕੋਲ ਅੱਜ 13 ਕਨਾਲ ਜ਼ਮੀਨ ਵੀ ਨਹੀਂ ਬਚੀ। ਕਰਜ਼ ਦੇ ਅਸਹਿ ਭਾਰ ਕਾਰਨ ਇਸ ਪਰਿਵਾਰ ਦੀ ਅਗਲੀ ਪੀੜੀ ਦੇ ਨੌਜਵਾਨ ਅਤੇ ਪੰਜਵੇਂ ਮੈਂਬਰ ਨੇ ਖ਼ੁਦਕੁਸ਼ੀ ਕਰ ਲਈ।
ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਸਰਕਾਰ ਦੇ ਸਿਰਫ਼ ਕਰਜ਼ਾ ਮੁਆਫ਼ੀ ਪ੍ਰੋਗਰਾਮ ਦੇ ਹੀ ਨਹੀਂ ਘਰ-ਘਰ ਨੌਕਰੀ ਦੇ ਐਲਾਨਾਂ ਦੀ ਵੀ ਫ਼ੂਕ ਕੱਢੀ ਹੈ।
ਭਗਵੰਤ ਮਾਨ ਨੇ ਖੇਤੀ ਸੰਕਟ, ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ‘ਤੇ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਹੈ। ਵਿਧਾਨ ਸਭਾ ਸਦਨ ‘ਚ ਕੇਂਦਰ ਦੀ ਮੋਦੀ ਸਰਕਾਰ ਦੇ ਅਕਾਲੀ ਦਲ-ਭਾਜਪਾ ਵਿਧਾਇਕਾਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਤੋਂ ਕਿਉਂ ਭੱਜ ਰਹੀ ਹੈ?
ਵਿਸ਼ੇਸ਼ ਇਜਲਾਸ ਦੌਰਾਨ ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਕੇਂਦਰ ਅਤੇ ਪੰਜਾਬ ਦੀ ਸੱਤਾ ‘ਚ ਹੁੰਦਿਆਂ ਪੰਜਾਬ ਦੇ ਕਿਸਾਨਾਂ ਨਾਲ ਐਨਾ ਵੱਡਾ ਧ੍ਰੋਹ ਕਿਉਂ ਕਮਾਇਆ?
ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਇਜਲਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਵੀਡੀਓ ਅਤੇ ਐਲਾਨ ਵੀ ਯਾਦ ਕਰਵਾਏ ਜਾਣਗੇ ਜਿੰਨਾ ‘ਚ ਉਹ ਵੋਟਾਂ ਲੈਣ ਲਈ ਆੜ੍ਹਤੀਆਂ ਸਮੇਤ ਸਾਰੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …