Share on Facebook Share on Twitter Share on Google+ Share on Pinterest Share on Linkedin ਸਿਵਲ ਸਰਜਨ ਵੱਲੋਂ ਸਰਕਾਰੀ ਨਸ਼ਾ-ਛੁਡਾਊ ਤੇ ਮੁੜ-ਵਸੇਬਾ ਕੇਂਦਰ ਦਾ ਅਚਨਚੇਤ ਦੌਰਾ ਮਰੀਜ਼ਾਂ ਦੇ ਮਨ-ਪ੍ਰਚਾਵੇ ਲਈ ਬੈਡਮਿੰਟਨ ਤੇ ਵਾਲੀਬਾਲ ਦਾ ਮੈਦਾਨ ਤਿਆਰ ਕਰਨ ਦੇ ਹੁਕਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ: ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸ਼ਹਿਰ ਦੇ ਸੈਕਟਰ-66 ਵਿੱਚ ਪੈਂਦੇ ਸਰਕਾਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਦਾ ਦੁਪਹਿਰ ਸਮੇਂ ਅਚਨਚੇਤ ਦੌਰਾ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕੇਂਦਰ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ। ਸਿਵਲ ਸਰਜਨ ਨੇ ਮੌਕੇ ’ਤੇ ਮੌਜੂਦ ਸਿਹਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮਰੀਜ਼ਾਂ ਦੀ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਕਰਾਈ ਜਾਵੇ ਤਾਂ ਕਿ ਉਨ੍ਹਾਂ ਦਾ ਨਸ਼ੇ ਦੀ ਬੁਰੀ ਆਦਤ ਤੋਂ ਸਦਾ ਲਈ ਮੂੰਹ ਮੁੜ ਜਾਵੇ। ਡਾ. ਮਨਜੀਤ ਸਿੰਘ ਨੇ ਮਰੀਜ਼ਾਂ ਦੇ ਮਨ-ਪ੍ਰਚਾਵੇ ਅਤੇ ਸਰੀਰਕ ਕਸਰਤ ਲਈ ਕੇਂਦਰ ਵਿੱਚ ਬੈਡਮਿੰਟਨ ਅਤੇ ਵਾਲੀਬਾਲ ਦਾ ਮੈਦਾਨ ਤਿਆਰ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਲਈ ਜਿਮ ਸਥਾਪਿਤ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਜਿਸ ਨੂੰ ਛੇਤੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸਮੇਂ ਸਮੇਂ ’ਤੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਮਕਸਦ ਹੈ ਕਿ ਨਸ਼ੇ ਦੇ ਮਰੀਜ਼ ਨੂੰ ਕੇਂਦਰ ਵਿੱਚ ਬਿਲਕੁਲ ਤੰਦਰੁਸਤ ਕਰ ਕੇ ਵਾਪਸ ਘਰ ਭੇਜਿਆ ਜਾਵੇ। ਜਿਸ ਲਈ ਉਹ ਮਰੀਜ਼ਾਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਕੇਂਦਰ ਵਿੱਚ ਚੱਲ ਰਹੇ ਓਓਏਟੀ ਕੇਂਦਰ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਕੇਂਦਰ ਵਿੱਚ ਨਸ਼ੇ ਦੇ ਮਰੀਜ਼ਾਂ ਨੂੰ ਰੋਜ਼ਾਨਾ ਦਵਾਈ ਦਿੱਤੀ ਜਾਂਦੀ ਹੈ ਅਤੇ ਡਾਕਟਰ ਆਪਣੀਆਂ ਅੱਖਾਂ ਸਾਹਮਣੇ ਮਰੀਜ਼ ਨੂੰ ਖੁਰਾਕ ਦਿੰਦਾ ਹੈ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ਾਂ ਦੇ ਮਨ-ਪ੍ਰਚਾਵੇ ਲਈ ਪਿਛਲੇ ਦਿਨੀਂ ਦੋ ਐਲਈਡੀਜ਼ (ਟੈਲੀਵਿਜ਼ਨ) ਅਤੇ ਮਿਊਜ਼ਿਕ ਸਿਸਟਮ ਖ਼ਰੀਦੇ ਗਏ ਹਨ। ਇਹ ਚੀਜ਼ਾਂ ਆਮ ਲੋਕਾਂ ਅਤੇ ਸਟਾਫ਼ ਦੇ ਵਿੱਤੀ ਯੋਗਦਾਨ ਨਾਲ ਖ਼ਰੀਦੀਆਂ ਗਈਆਂ ਹਨ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਮਰੀਜ਼ਾਂ ਨੂੰ ਟੈਲੀਵਿਜ਼ਨ, ਮਿਊਜ਼ਿਕ ਸਿਸਟਮ ਜਿਹੀਆਂ ਸਹੂਲਤਾਂ ਦੇਣ ਅਤੇ ਖੇਡ ਗਤੀਵਿਧੀਆਂ ਕਰਾਉਣ ਦਾ ਮਕਸਦ ਉਨ੍ਹਾਂ ਨੂੰ ਕੇਂਦਰ ਵਿੱਚ ਘਰ ਜਿਹਾ ਮਾਹੌਲ ਪ੍ਰਦਾਨ ਕਰਨਾ ਹੈ ਤਾਂ ਕਿ ਉਨ੍ਹਾਂ ਦਾ ਧਿਆਨ ਨਸ਼ਿਆਂ ਦੀ ਬੁਰੀ ਆਦਤ ਤੋਂ ਹਮੇਸ਼ਾ ਲਈ ਪਾਸੇ ਹੋਵੇ ਅਤੇ ਉਹ ਆਮ ਵਿਅਕਤੀ ਵਾਂਗ ਅਪਣੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਨਸ਼ਾ ਸਰੀਰਕ ਨਹੀਂ ਸਗੋਂ ਮਾਨਸਿਕ ਸਮੱਸਿਆ ਹੈ, ਜਿਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀ ਨੂੰ ਸਿਰਫ਼ ਅਪਣਾ ਮਨ ਬਣਾਉਣ ਦੀ ਲੋੜ ਹੈ, ਬਾਕੀ ਕੰਮ ਸਿਹਤ ਵਿਭਾਗ ਦਾ ਹੈ। ਚਾਹਵਾਨ ਵਿਅਕਤੀ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਅਪਣੀ ਸਮੱਸਿਆ ਬਾਰੇ ਦੱਸ ਸਕਦਾ ਹੈ ਜਿਸ ਦਾ ਲੋੜੀਂਦੀ ਜਾਂਚ ਮਗਰੋਂ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਰਿਸ਼ਤੇਦਾਰੀ ਜਾਂ ਗੁਆਂਢ ਵਿੱਚ ਨਸ਼ੇ ਦਾ ਕੋਈ ਮਰੀਜ਼ ਹੈ ਅਤੇ ਉਹ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰੇਰਨਾ ਦੇ ਕੇ ਸਰਕਾਰੀ ਸਿਹਤ ਸੰਸਥਾ ਵਿੱਚ ਲਿਆਂਦਾ ਜਾਵੇ ਜਿਥੇ ਨਸ਼ੇ ਦੀ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਨਸ਼ੇ ਦੇ ਮਰੀਜ਼ ਨਾਲ ਪਿਆਰ ਤੇ ਹਮਦਰਦੀ ਭਰਿਆ ਵਿਹਾਰ ਕੀਤਾ ਜਾਵੇ ਅਤੇ ਜੇ ਕਦੇ ਕੋਈ ਮਰੀਜ਼ ਕਿਸੇ ਸਮੇਂ ਕਿਸੇ ਗੱਲ ’ਤੇ ਸਖ਼ਤ ਪ੍ਰਤੀਕਰਮ ਵੀ ਕਰਦਾ ਹੈ ਤਾਂ ਉਸ ਨੂੰ ਪਿਆਰ ਅਤੇ ਹਲੀਮੀ ਨਾਲ ਸੰਭਾਲਿਆ ਜਾਵੇ। ਇਸ ਮੌਕੇ ਸਰਕਾਰੀ ਨਸ਼ਾ ਛੁਡਾਊ ਦੀ ਕੇਂਦਰ ਇੰਚਾਰਜ ਡਾ. ਪੂਜਾ ਗਰਗ, ਡਾ. ਗੁਰਮਨ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਮੈਨੇਜਰ ਨੇਕ ਰਾਮ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ