Share on Facebook Share on Twitter Share on Google+ Share on Pinterest Share on Linkedin ਪੀਸੀਏ ਕ੍ਰਿਕੇਟ ਸਟੇਡੀਅਮ ਨੇੜੇ ਕਾਰ ਤੇ ਮੋਟਰ ਸਾਈਕਲ ਦੀ ਟੱਕਰ, ਜਮੈਟੋ ਡਿਲੀਵਰੀ ਬੁਆਏ ਦੀ ਮੌਤ ਲੰਘੀ ਅੱਧੀ ਰਾਤ ਸਟੇਡੀਅਮ ਦੇ ਅੰਦਰੋਂ ਤੇਜ ਰਫ਼ਤਾਰ ਬਾਹਰ ਨਿਕਲੀ ਕਾਰ ਨੇ ਮਾਰੀ ਮੋਟਰ ਸਾਈਕਲ ਨੂੰ ਟੱਕਰ, ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ: ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਕ੍ਰਿਕੇਟ ਸਟੇਡੀਅਮ ਦੇ ਸਾਹਮਣੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (25) ਵਾਸੀ ਪਿੰਡ ਮਨਜੀਤਪੁਰ (ਚਮਕੌਰ ਸਾਹਿਬ) ਦੇ ਰੂਪ ਵਿੱਚ ਹੋਈ ਹੈ, ਜੋ ਜਮੈਟੋ ਕੰਪਨੀ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਅਤੇ ਫੇਜ਼-11 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਗਿਆ ਹੈ ਕਿ ਹਰਜੀਤ ਸਿੰਘ ਆਪਣੇ ਮੋਟਰ ਸਾਈਕਲ ’ਤੇ ਲੰਘੀ ਰਾਤ ਕਰੀਬ 1 ਵਜੇ ਫੇਜ਼-9 ਦੇ ਇਕ ਰੈਸਟੋਰੈਂਟ ਤੋਂ ਖਾਣੇ ਦਾ ਆਰਡਰ ਲੈ ਕੇ ਸਥਾਨਕ ਫੇਜ਼-11 ਵੱਲ ਜਾ ਰਿਹਾ ਸੀ ਕਿ ਜਦੋਂ ਉਹ ਪੀਸੀਏ ਸਟੇਡੀਅਮ ਨੇੜੇ ਪੁੱਜਾ ਤਾਂ ਇਸ ਦੌਰਾਨ ਸਟੇਡੀਅਮ ਦੇ ਅੰਦਰੋਂ ਅਚਾਨਕ ਬਾਹਰ ਨਿਕਲੀ ਇਕ ਤੇਜ਼ ਰਫ਼ਤਾਰ ਪਜੈਰੋ ਕਾਰ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ੋਰਦਾਰ ਸੀ ਕਿ ਡਿਲੀਵਰੀ ਬੁਆਏ ਬੁੜਕ ਕੇ ਕਾਫੀ ਦੂਰ ਜਾ ਕੇ ਡਿੱਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਜਮੈਟੋ ਵਿੱਚ ਕੰਮ ਕਰਦੇ ਸਾਥੀ ਡਿਲੀਵਰੀ ਬੁਆਏ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪਜੈਰੋ ਕਾਰ ਦੇ ਚਾਲਕ ਨੂੰ ਘੇਰ ਲਿਆ ਅਤੇ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਰਜੀਤ ਸਿੰਘ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਸੰਤੋਖ ਸਿੰਘ ਵੀ ਬੀਤੀ ਦਿਨੀਂ ਹੀ ਆਪਣੇ ਲਾਡਲੇ ਪੁੱਤ ਨੂੰ ਮਿਲਣ ਉਸ ਦੇ ਕੋਲ ਆਏ ਹੋਏ ਸੀ। ਉਧਰ, ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਜੈਰੋ ਗੱਡੀ ਦੇ ਚਾਲਕ ਪਵਨਦੀਪ ਸਿੰਘ ਵਾਸੀ ਫੇਜ਼-10, ਮੁਹਾਲੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 279,427,304ਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਪਜੈਰੋ ਗੱਡੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪਜੈਰੋ ਕਾਰ ਚਾਲਕ ਪੀਸੀਏ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਭਲਕੇ ਬੁੱਧਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ