Nabaz-e-punjab.com

ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ: ਨਵ ਨਿਯੁਕਤ ਸਕੂਲ ਮੁਖੀਆਂ ਦੀ ਚੌਥੇ ਗੇੜ ਦੀ ਸਿਖਲਾਈ ਵਰਕਸ਼ਾਪ ਸਮਾਪਤ

ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਵਿਦਿਆਰਥੀਆਂ ਨੂੰ ਮਿਆਰੀ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ’ਤੇ ਜ਼ੋਰ

ਸਿਖਲਾਈ ਵਰਕਸ਼ਾਪ ਵਿੱਚ ਨਵੇਂ ਸਕੂਲ ਮੁਖੀਆਂ ਨੇ ਸੁਚਾਰੂ ਸਕੂਲ ਪ੍ਰਬੰਧ ਦੇ ਗੁਰ ਸਿੱਖੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਦੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਨਵ-ਨਿਯੁਕਤ ਸੀਐੱਚਟੀ ਅਤੇ ਐੱਚਟੀ (ਸਕੂਲ ਮੁਖੀਆਂ) ਦੀ ਚੌਥੇ ਗੇੜ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਅੱਜ ਸਮਾਪਤ ਹੋ ਗਈ। ਸਿਖਲਾਈ ਵਰਕਸ਼ਾਪ ਵਿੱਚ ਲਗਭਗ ਸਾਰੇ ਨਵ-ਨਿਯੁਕਤ ਸੀਐੱਚਟੀ ਅਤੇ ਐੱਚਟੀ ਨੂੰ ਪ੍ਰੀ-ਪ੍ਰਾਇਮਰੀ ਖੇਡ ਮਹਿਲ ਅਤੇ ਪ੍ਰਾਇਮਰੀ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ, ਸਕੂਲ ਦੇ ਪ੍ਰਬੰਧ, ਉਤਸ਼ਾਹ ਨਾਲ ਸਕੂਲਾਂ ਦੀ ਦਸ਼ਾ ਬਿਹਤਰ ਬਣਾਉਣ ਅਤੇ ਸਿੱਖਿਆ ਨੂੰ ਗੁਣਾਤਮਿਕ ਰੂਪ ਦੇਣ ਲਈ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਹਿ-ਅਕਾਦਮਿਕ ਕਿਰਿਆਵਾਂ ਦੇ ਨਾਲ-ਨਾਲ ਸੁੰਦਰ ਲਿਖਾਈ, ਸਕੂਲ ਖੇਡ ਨੀਤੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ੁੱਧ ਉਚਾਰਨ ਅਤੇ ਸੋਸ਼ਲ ਮੀਡੀਆ ਦੀ ਸਿੱਖਿਆ ਦੇ ਖੇਤਰ ਵਿੱਚ ਸਾਰਥਿਕ ਵਰਤੋਂ ਲਈ ਤਕਨੀਕਾਂ ਦੀ ਜਾਣਕਾਰੀ ਦਿੱਤੀ।
ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਨੇ ਸਿਖਲਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਨੌਜਵਾਨ ਸਕੂਲ ਮੁਖੀਆਂ ਨੂੰ ਬਹੁਤ ਸੁਨਹਿਰੀ ਮੌਕਾ ਦਿੱਤਾ ਹੈ ਅਤੇ ਹੁਣ ਉਹ ਸਕੂਲਾਂ ਦੀ ਨੁਹਾਰ ਬਦਲਣ ਅਤੇ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸੇਵਾ ਭਾਵਨਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ਨੂੰ ਮਿਆਰੀ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨਾ ਮੁੱਖ ਉਦੇਸ਼ ਸਮਝਦੇ ਹੋਏ ਕੰਮ ਕੀਤਾ ਜਾਵੇ। ਈ-ਕੰਟੈਂਟ ਦੀ ਸੁਚੱਜੀ ਵਰਤੋਂ ਕਰਦਿਆਂ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਵਧੀਆ ਬਣਾਇਆ ਜਾ ਸਕਦਾ ਹੈ।
ਡਾ. ਬੋਹਾ ਨੇ ਕਿਹਾ ਕਿ ਨੌਜਵਾਨ ਸਕੂਲ ਮੁਖੀ ਆਪਣੀ ਊਰਜਾ ਦੀ ਸਹੀ ਵਰਤੋਂ ਕਰਦੇ ਹੋਏ ਆਪੋ ਆਪਣੇ ਸਕੂਲਾਂ ਨੂੰ ਇਲਾਕੇ ਦਾ ਨਾਮਵਰ ਸਕੂਲ ਬਣਾਉਣ ਲਈ ਹਰ ਸੰਭਵ ਯਤਨ ਕਰਨ। ਉਨ੍ਹਾਂ ਸਕੂਲ ਮੁਖੀਆਂ ਨੂੰ ਉੱਚੀ ਸ਼ਖ਼ਸੀਅਤ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰੋਲ ਮਾਡਲ ਵੀ ਬਣਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਉਨ੍ਹਾਂ ਦੀ ਕਾਬਲੀਅਤ ’ਤੇ ਪੂਰਾ ਭਰੋਸਾ ਹੈ ਕਿ ਸਿਖਲਾਈ ਵਰਕਸ਼ਾਪ ਵਿੱਚ ਇਕ ਚੰਗੇ ਪ੍ਰਬੰਧ ਦੇ ਜੋ ਨੁਕਤੇ ਉਨ੍ਹਾਂ ਸਿੱਖੇ ਹਨ ਆਪੋ-ਆਪਣੇ ਸਕੂਲਾਂ ਵਿੱਚ ਪੂਰੀ ਤਨਦੇਹੀ ਨਾਲ ਲਾਗੂ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…