Nabaz-e-punjab.com

ਕੇਂਦਰ ਦੀ ਮੋਦੀ ਸਰਕਾਰ ਸਿੱਖਾਂ ਦੀ ਹਿਤੈਸ਼ੀ: ਅਰੁਨਜੋਤ ਸੋਢੀ

ਸਿੱਖ ਦੰਗਿਆਂ ਦੀ ਮੁੜ ਜਾਂਚ ਖੋਲ੍ਹਣ ਦਾ ਫੈਸਲਾ ਕਾਂਗਰਸ ਵੱਲੋਂ ਦਿੱਤੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਦਾ ਕੰਮ ਕਰੇਗਾ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹੁਣ ਤੱਕ ਲਏ ਸਾਰੇ ਫੈਸਲੇ ਇਤਿਹਾਸਕ ਹਨ ਅਤੇ ਮੋਦੀ ਸਰਕਾਰ ਸਿੱਖਾਂ ਦੀ ਹਿਤੈਸ਼ੀ ਸਰਕਾਰ ਹੈ। ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਾਬਕਾ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਕੀਤਾ। ਅੱਜ ਇੱਥੇ ਜਾਰੀ ਲਿਖਤੀ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪੂਰੀ ਸਿੱਖ ਕੌਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲਿਆਂ ਤੋਂ ਖੁਸ਼ ਹੈ ਕਿਉਂਕਿ ਸਿੱਖਾਂ ਪ੍ਰਤੀ ਏਨੀ ਵੱਡੀ ਦਰਿਆ-ਦਿਲੀ ਅਤੇ ਆਪਣਾਪਨ ਇਸ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਦਿਖਾਇਆ ਹੈ।
ਸ੍ਰੀ ਸੋਢੀ ਨੇ ਕਿਹਾ ਕਿ ਟਾਡਾ ਅਧੀਨ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਅੱਠ ਸਿੱਖ ਕੈਦੀਆਂ ਦੀ ਰਿਹਾਈ ਦਾ ਫੈਸਲਾ ਲੈ ਕੇ ਭਾਜਪਾ ਹਕੂਮਤ ਨੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ ਅਤੇ ਰਿਹਾਅ ਹੋਣ ਵਾਲੇ ਅਜਿਹੇ ਕੈਦੀ ਹਨ ਜੋ ਪਹਿਲਾਂ ਕਾਂਗਰਸ ਸਰਕਾਰਾਂ ਦੀ ਬੇਰਹਿਮੀ ਕਾਰਨ ਲੰਮੇ ਅਰਸੇ ਤੋਂ ਜੇਲ੍ਹਾਂ ਵਿੱਚ ਰੁਲ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਦੰਗਿਆਂ ਦੀਆਂ ਫਾਈਲਾਂ ਦੀ ਮੁੜ ਜਾਂਚ ਖੋਲ੍ਹਣ ਦਾ ਫੈਸਲਾ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਨੂੰ ਦਿੱਤੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਬਹੁਤ ਸਾਲਾਂ ਤੋਂ ਲਟਕੀ ਆ ਰਹੀ ਸੀ ਕਿਉਂਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਕਰਤਾਰਪੁਰ ਲਾਂਘੇ ਨੂੰ ਪ੍ਰਵਾਨਗੀ ਦੇਣੀ ਭਾਜਪਾ ਸਰਕਾਰ ਦਾ ਸਭ ਤੋਂ ਵੱਡਾ ਇਤਿਹਾਸਕ ਫੈਸਲਾ ਹੈ। ਇਸ ਤੋਂ ਇਲਾਵਾ ਕਾਲੀ ਸੂਚੀ ’ਚੋਂ ਸੈਂਕੜੇ ਸਿੱਖਾਂ ਦੇ ਨਾਂ ਕੱਟ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨਾ, ਸਿੱਖ ਕੌਮ ਪ੍ਰਤੀ ਅਪਣਤ ਦਿਖਾਉਣਾ ਇਹ ਸਾਬਤ ਕਰਦਾ ਹੈ ਕਿ ਇਹ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਨਾਅਰੇ ’ਤੇ ਖਰੇ ਉੱਤਰ ਰਹੇ ਹਨ। ਸ੍ਰੀ ਸੋਢੀ ਨੇ ਕਿਹਾ ਕਿ ਸਿੱਖ ਕੌਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮੇਸ਼ਾ ਰਿਣੀ ਰਹੇਗੀ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਸੋਢੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਮੀਡੀਆ ਇੰਚਾਰਜ ਰਹਿ ਚੁੱਕੇ ਹਨ ਪ੍ਰੰਤੂ ਜਦੋਂ ਸ੍ਰੀ ਬਾਦਲ ਨੇ ਪੀਪੀਪੀ ਤੋੜ ਕੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਤਾਂ ਉਸ ਸਮੇਂ ਸ੍ਰੀ ਸੋਢੀ ਨੇ ਸ੍ਰੀ ਬਾਦਲ ਦਾ ਸਾਥ ਛੱਡ ਦਿੱਤਾ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…