nabaz-e-punjab.com

ਮੁਹਾਲੀ ਨੂੰ ਭਿਖਾਰੀਆਂ ਤੋਂ ਮੁਕਤ ਕਰਵਾਉਣ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ

ਭਿਖਾਰੀਆਂ ਨੂੰ ਖਦੇਣਨ ਲਈ ਚੌਕਾਂ ’ਤੇ ਤਾਇਨਾਤ ਟਰੈਫ਼ਿਕ ਪੁਲੀਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਮੁਹਾਲੀ ਵਿੱਚ ਭਿਖਾਰੀਆਂ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਸ਼ਹਿਰ ਦੇ ਹਰੇਕ ਟਰੈਫ਼ਿਕ ਲਾਈਟ ਚੌਕ ਅਤੇ ਮਾਰਕੀਟਾਂ ਵਿੱਚ ਟੋਲੀਆਂ ਬੰਨ੍ਹ ਕੇ ਭਿਖਾਰੀ ਘੁੰਮ ਰਹੇ ਹਨ। ਜਿਨ੍ਹਾਂ ਵਿੱਚ ਅੌਰਤਾਂ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ। ਇਸ ਸਬੰਧੀ ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਨੂੰ ਭਿਖਾਰੀਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਿਖਾਰੀਆਂ ਨੂੰ ਖਦੇਣਨ ਲਈ ਚੌਕਾਂ ’ਤੇ ਤਾਇਨਾਤ ਟਰੈਫ਼ਿਕ ਪੁਲੀਸ ਜਾਂ ਪੀਸੀਆਰ ਜਵਾਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਸ੍ਰੀ ਬੇਦੀ ਨੇ ਡੀਸੀ ਮੁਹਾਲੀ ਨਾਲ ਮੁਲਾਕਾਤ ਕਰਕੇ ਇਕ ਚਿੱਠੀ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਸ਼ਹਿਰ ਵਿੱਚ ਲਾਲ ਬੱਤੀ ਚੌਂਕਾਂ ਅਤੇ ਹੋਰ ਚੌਰਾਹਿਆਂ ਅਤੇ ਬਾਜ਼ਾਰਾਂ ਵਿੱਚ ਹਰ ਸਮੇਂ ਭਿਖਾਰੀਆਂ ਦੀ ਭਰਮਾਰ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਲਾਲ ਬੱਤੀ ਚੌਂਕਾਂ ’ਤੇ ਖੜ੍ਹੇ ਇਹ ਭਿਖਾਰੀ ਅਚਾਨਕ ਵਾਹਨਾਂ ਦੇ ਅੱਗੇ ਆ ਜਾਂਦੇ ਹਨ ਅਤੇ ਕਈ ਵਾਰ ਲਾਲ ਬੱਤੀ ਉੱਤੇ ਵਾਹਨਾਂ ਦੇ ਰੁਕਣ ਜਾਂ ਚੱਲਣ ਸਮੇਂ ਇਨ੍ਹਾਂ ਭਿਖਾਰੀਆਂ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮਾਰਕੀਟਾਂ ਵਿੱਚ ਵੀ ਜਦੋਂ ਕੋਈ ਵਿਅਕਤੀ ਖਰੀਦਦਾਰੀ ਲਈ ਜਾਂਦਾ ਹੈ ਤਾਂ ਭਿਖਾਰੀ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਹਨ। ਕਈ ਵਾਰ ਇਹ ਲੋਕ ਸ਼ੋਅਰੂਮ\ਦੁਕਾਨ ਦੇ ਅੰਦਰ ਤੱਕ ਚਲੇ ਜਾਂਦੇ ਹਨ।ਜਿਸ ਕਾਰਨ ਰਾਹਗੀਰਾਂ ਸਮੇਤ ਦੁਕਾਨਦਾਰ ਅਤੇ ਗਾਹਕ ਬੇਹੱਦ ਤੰਗ ਪ੍ਰੇਸ਼ਾਨ ਹਨ।
ਸ੍ਰੀ ਬੇਦੀ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਇਨ੍ਹਾਂ ਭਿਖਾਰੀਆਂ ਦੀ ਗਿਣਤੀ ਕੁਝ ਘੱਟ ਸੀ ਪ੍ਰੰਤੂ ਹੁਣ ਗਰਮੀ ਘਟਣ ਅਤੇ ਸਰਦੀ ਦਾ ਮੌਸਮ ਸ਼ੁਰੂ ਹੋਣ ਕਾਰਨ ਇਨ੍ਹਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਿਖਾਰੀ ਕੋਈ ਸਿਹਤ ਪੱਖੋਂ ਨਾ ਤਾਂ ਬਿਮਾਰ ਲੱਗ ਰਹੇ ਹਨ ਅਤੇ ਨਾ ਹੀ ਅੰਗਹੀਣ ਹਨ। ਮਾਰਕੀਟਾਂ ਵਿੱਚ ਘੁੰਮਦੇ ਸਮੇਂ ਜਾਂ ਲਾਲ ਬੱਤੀ ਚੌਂਕਾਂ ’ਤੇ ਖੜ੍ਹ ਕੇ ਇਹ ਖ਼ੁਦ ਨੂੰ ਅੰਗਹੀਣ ਹੋਣ ਦਾ ਡਰਾਮਾ ਵੀ ਕਰਦੇ ਹਨ ਤਾਂ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਤਰਸ ਦੇ ਪਾਤਰ ਬਣ ਕੇ ਭੀਖ ਮੰਗ ਸਕਣ। ਸ੍ਰੀ ਬੇਦੀ ਨੇ ਪੰਜਾਬ ਸਰਕਾਰ ਵੱਲੋਂ ਇਸੇ ਸਾਲ ਭਿਖਾਰੀਆਂ ਦੇ ਭੀਖ ਮੰਗਣ ’ਤੇ ਸਖ਼ਤ ਰੋਕ ਲਗਾਏ ਜਾਣ ਅਤੇ ਬੈਗਰਜ਼ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਮਾਰਕੀਟਾਂ ਅਤੇ ਟਰੈਫ਼ਿਕ ਲਾਈਟ ਚੌਂਕਾਂ ਅਤੇ ਚੌਰਾਹਿਆਂ ਵਿੱਚ ਭੀਖ ਮੰਗਣ ਵਾਲੇ ਲੋਕਾਂ ਤੋਂ ਨਿਜਾਤ ਦਿਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…