Nabaz-e-punjab.com

ਸੇਂਟ ਮੈਰੀ ਸਕੂਲ ਫੇਜ਼-11 ਦੇ ਬਾਹਰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ, ਸੜਕ ’ਤੇ ਚੱਕਾ ਜਾਮ

ਸਕੂਲ ਦੀ ਪ੍ਰਿੰਸੀਪਲ ’ਤੇ ਮਾੜੇ ਵਤੀਰੇ ਦਾ ਦੋਸ਼, ਪ੍ਰਿੰਸੀਪਲ ਨੇ ਦੋਸ਼ ਨਕਾਰੇ, ਮੈਨੇਜਮੈਂਟ ਵੱਲੋਂ ਮਾਪਿਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਇੱਥੋਂ ਦੇ ਫੇਜ਼-11 ਵਿੱਚ ਸਥਿਤ ਸੇਂਟ ਮੈਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਅੱਜ ਸਵੇਰੇ ਸਕੂਲ ਦੇ ਗੇਟ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਸੜਕ ਤੇ ਜਾਮ ਲਗਾ ਕੇ ਸਕੂਲ ਦੀ ਪ੍ਰਿੰਸੀਪਲ ਕੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਲਗਭਗ ਦੋ ਘੰਟੇ ਤੱਕ ਇਹ ਸੜਕ ਪੂਰੀ ਤਰ੍ਹਾਂ ਜਾਮ ਰਹੀ ਅਤੇ ਬਾਅਦ ਵਿੱਚ ਸਕੁੂਲ ਮੈਨੇਜਮੈਂਟ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਇਹ ਜਾਮ ਖਤਮ ਕੀਤਾ ਗਿਆ।
ਇਸ ਮੌਕੇ ਪ੍ਰਦਸ਼ਨਕਾਰੀਆਂ ਨੇ ਇਲਜਾਮ ਲਗਾਇਆ ਕਿ ਸਕੂਲ ਦੀ ਪ੍ਰਿੰਸੀਪਲ ਦਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਪ੍ਰਤੀ ਵਤੀਰਾ ਠੀਕ ਨਹੀਂ ਹੈ ਅਤੇ ਉਹ ਮੰਗ ਕਰ ਰਹੇ ਸਨ ਕਿ ਪ੍ਰਿੰਸੀਪਲ ਨੂੰ ਇੱਥੋਂ ਬਦਲਿਆ ਜਾਵੇ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਪ੍ਰਿੰਸੀਪਲ ਦਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਪ੍ਰਤੀ ਵਤੀਰਾ ਬਹੁਤ ਰੁੱਖਾ ਹੈ ਅਤੇ ਇਹ ਸਟਾਫ਼ ਨੂੰ ਵੀ ਕੁੱਝ ਨਹੀਂ ਸਮਝਦੀ। ਉਨ੍ਹਾਂ ਇਲਜਾਮ ਲਗਾਇਆ ਕਿ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਧਮਕਾਇਆ ਜਾਂਦਾ ਹੈ ਕਿ ਉਸ ਦੇ ਉੱਚ ਪੁਲੀਸ ਅਧਿਕਾਰੀਆਂ ਨਾਲ ਬਹੁਤ ਚੰਗੇ ਸੰਬੰਧ ਹਨ ਅਤੇ ਜੇਕਰ ਉਹਨਾਂ ਉਸ (ਪ੍ਰਿੰਸੀਪਲ) ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਉਹ ਉਨ੍ਹਾਂ ਨੂੰ ਨਹੀਂ ਬਖ਼ਸ਼ੇਗੀ।
ਮੌਕੇ ਤੇ ਧਰਨਾ ਦੇ ਰਹੇ ਮਾਪਿਆਂ ਸ਼ਸ਼ੀ ਬਾਲਾ, ਰਾਜਿੰਦਰ ਕੌਰ, ਹਰਪ੍ਰੀਤ ਕੌਰ, ਮਮਤਾ ਦੇਵੀ, ਕੁਲਵੰਤ ਕੌਰ, ਨੇਹਾ, ਰੁਪਿੰਦਰ ਸਿੰਘ, ਸਪਨਾ, ਮਨਿੰਦਰ ਕੌਰ, ਮਨਪ੍ਰੀਤ ਕੌਰ, ਨੀਤੂ, ਸਰਲਾ, ਪਰਮਿੰਦਰ ਕੌਰ, ਜਸਪ੍ਰੀਤ ਕੌਰ, ਮੋਨਿਕਾ ਕੰਬੋਜ਼, ਭੁਪਿੰਦਰ ਸਿੰਘ, ਰਵਨੀਤ ਕੌਰ, ਦੀਪ ਸ਼ਿਖਾ, ਮਨਪ੍ਰੀਤ, ਕਿਰਪਾਲ ਸਿੰਘ, ਵਿਭਾ ਸਿੰਘ, ਅਮਰਦੀਪ ਕੌਰ, ਸ਼ਿਲਪਾ, ਮਨਦੀਪ ਕੌਰ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਉਹਨਾਂ ਦੇ ਵਿਸ਼ਾ ਅਧਿਆਪਕਾਂ ਨਾਲ ਸੰਪਰਕ ਨਹੀਂ ਕਰਨ ਦਿੱਤਾ ਜਾਂਦਾ। ਬੱਚਿਆਂ ਨੂੰ ਸਕੂਲ ਦੀ ਲਿਫ਼ਟ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ ਅਤੇ ਬੱਚਿਆਂ ਨੂੰ ਬੱਸਾਂ ਰਾਹੀਂ ਸਕੂਲ ਲਿਆਉਣ-ਲਿਜਾਣ ਦਾ ਵੀ ਮਾੜਾ ਹਾਲ ਹੈ। ਪ੍ਰਿੰਸੀਪਲ ਨੇ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ ਕਿ ਆਪਣੇ ਬੱਚਿਆਂ ਨੂੰ ਸਕੂਲ ਲਿਆਉਣ ਤੇ ਲੈ ਜਾਣ ਵਾਲੇ ਮਾਪੇ ਆਪਣਾ ਵਾਹਨ ਸਕੂਲ ਦੀ ਪਾਰਕਿੰਗ ਵਿੱਚ ਨਹੀਂ ਲਿਆ ਸਕਦੇ ਅਤੇ ਪ੍ਰਿੰਸੀਪਲ ਦੇ ਇਸ ਵਤੀਰੇ ਕਾਰਨ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ’ਚੋਂ ਹਟਾਉਣ ਬਾਰੇ ਸੋਚਣ ਲੱਗੇ ਹਨ।
ਮਾਪਿਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਕੂਲ ਮੈਨੇਜਮੈਂਟ ਦੇ ਸਕੱਤਰ ਸ੍ਰੀ ਰੈਨੀ ਥਾਮਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰੰਤੂ ਕੋਈ ਕਾਰਵਾਈ ਨਾ ਹੋਣ ਤੇ ਉਹ ਅੱਜ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਮਾਪਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਵੱਲ ਫੌਰੀ ਧਿਆਨ ਦਿੱਤਾ ਜਾਵੇ ਅਤੇ ਪ੍ਰਿੰਸੀਪਲ ਮੋਨਿਕਾ ਦੇ ਰੁੱਖੇ ਵਤੀਰੇ ਕਾਰਨ ਉਨ੍ਹਾਂ ਦਾ ਇੱਥੋਂ ਤਬਾਦਲਾ ਕਰਕੇ ਕੋਈ ਕੁਸ਼ਲ ਅਤੇ ਯੋਗ ਪ੍ਰਿੰਸੀਪਲ ਲਾਇਆ ਜਾਵੇ।
ਸਕੂਲ ਦੇ ਸਾਹਮਣੇ ਸੜਕ ਜਾਮ ਦੀ ਇਸ ਕਾਰਵਾਈ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਪਹਿਲਾਂ ਧਰਨਾਕਾਰੀਆਂ ਨੂੰ ਮਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਪ੍ਰਿੰਸੀਪਲ ਨੂੰ ਮੌਕੇ ਤੇ ਬੁਲਾਉਣ ਤੇ ਅੜੇ ਰਹੇ। ਬਾਅਦ ਵਿੱਚ ਸਕੂਲ ਮੈਨੇਜਮੈਂਟ ਦੇ ਨੁਮਾਇੰਦਿਆਂ ਵੱਲੋਂ ਧਰਨਾ ਦੇ ਰਹੇ ਮਾਪਿਆਂ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਮੈਨੇਜਮੈਂਟ ਵੱਲੋਂ ਮਾਪਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਦੇ ਖ਼ਿਲਾਫ਼ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਨ੍ਹਾਂ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਉਹ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਅੰਦਰ ਇੱਕ ਬੱਚੇ ਨੂੰ ਕਿਸੇ ਹੋਰ ਬੱਚੇ ਨੂੰ ਛੱਡਣ ਆਈ ਗੱਡੀ ਦੀ ਟੱਕਰ ਵੱਜਣ ਕਾਰਨ ਸੱਟ ਲੱਗਣ ਤੋਂ ਬਾਅਦ ਸਕੂਲ ਵਿੱਚ ਨਿੱਜੀ ਵਾਹਨਾਂ ਦੇ ਦਾਖ਼ਲੇ ਤੇ ਰੋਕ ਲਗਾਈ ਗਈ ਹੈ ਜਿਸਦਾ ਮਾਪਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੰਤੂ ਬੱਚਿਆਂ ਦੀ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਕਲਾਸਾਂ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਅਤੇ ਉਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਕਲਾਸ ਵਿੱਚ 40 ਤੋਂ 45 ਬੱਚਿਆਂ ਤੋਂ ਵੱਧ ਬੱਚੇ ਨਹੀਂ ਹੁੰਦੇ। ਬੱਚਿਆਂ ਨੂੰ ਲਿਫ਼ਟ ਦੀ ਵਰਤੋਂ ਨਾ ਕਰਨ ਦੇਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਅਤੇ ਇਹ ਸਾਰੇ ਇਲਜਾਮ ਬੇਬੁਨਿਆਦ ਹਨ।
ਉਧਰ, ਸੰਪਰਕ ਕਰਨ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਸਕੱਤਰ ਰੈਨੀ ਥਾਮਸ ਨੇ ਕਿਹਾ ਕਿ ਉਹਨਾਂ ਨੂੰ ਬੱਚਿਆਂ ਦੇ ਮਾਪਿਆਂ ਦੀ ਇਕ ਸ਼ਿਕਾਇਤ ਮਿਲੀ ਹੈ ਪ੍ਰੰਤੂ ਇਸ ਵਿੱਚ ਸਕੂਲ ਦੀ ਪ੍ਰਿੰਸੀਪਲ ਦੇ ਖ਼ਿਲਾਫ਼ ਅਜਿਹਾ ਕੁੱਝ ਨਹੀਂ ਹੈ ਕਿ ਉਨ੍ਹਾਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਚਿੱਠੀ ਤੇ ਹਸਤਾਖਰ ਕਰਨ ਵਾਲੇ ਕਈ ਮਾਪਿਆਂ ਨੇ ਸਕੂਲ ਕਮੇਟੀ ਨੂੰ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਤੋਂ ਇਹ ਕਹਿ ਕੇ ਸਾਈਨ ਕਰਵਾਏ ਗਏ ਸਨ ਕਿ ਸਕੂਲ ਵਿੱਚ ਜਨਰੇਟਰ ਲਗਾਉਣ ਲਈ ਚਿੱਠੀ ਦੇਣੀ ਹੈ ਅਤੇ ਉਨ੍ਹਾਂ ਨੇ ਬਿਨਾ ਪੜ੍ਹੇ ਇਸ ’ਤੇ ਸਾਈਨ ਕਰ ਦਿੱਤੇ ਸਨ। ਉਹਨਾਂ ਕਿਹਾ ਇਸਦੇ ਬਾਵਜੂਦ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਜਿਹੜੇ ਇਲਜਾਮ ਲਗਾਏ ਗਏ ਹਨ ਉਨ੍ਹਾਂ ਦੀ ਜਾਂਚ ਕਰਵਾਉਣ ਉਪਰੰਤ ਮੈਨੇਜਮੈਂਟ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…