Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 50 ਗਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਐਸਟੀਐਫ਼ ਦੇ ਮੁਹਾਲੀ ਯੂਨਿਟ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਮੁਹਾਲੀ ਏਅਰਪੋਰਟ ਚੌਂਕ ਨੇੜਿਓਂ ਇਕ ਵਿਅਕਤੀ ਨੂੰ 50 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੁਕੇਸ਼ ਕੁਮਾਰ ਉਰਫ਼ ਬੌਬੀ ਵਾਸੀ ਮੂਲ ਰੂਪ ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿੱਚ ਐਰੋਸਿਟੀ ਮੁਹਾਲੀ ਵਿੱਚ ਰਹਿ ਰਿਹਾ ਸੀ। ਮੁਲਜ਼ਮ ਦੇ ਖ਼ਿਲਾਫ਼ ਐਸਟੀਐਫ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਨਸ਼ੇ ਦੀ ਤਸਕਰੀ ਕਰਨ ਲਈ ਐਰੋਸਿਟੀ ਤੋਂ ਏਅਰਪੋਰਟ ਸੜਕ ਰਾਹੀਂ ਮੁਹਾਲੀ ਸ਼ਹਿਰ ਵੱਲ ਆ ਰਿਹਾ ਹੈ। ਸੂਚਨਾ ਇਹ ਵੀ ਸੀ ਕਿ ਉਹ ਆਪਣੇ ਕਿਸੇ ਪੱਕੇ ਗਾਹਕ ਨੂੰ ਨਸ਼ੇ ਦੀ ਸਪਲਾਈ ਦੇਵੇਗਾ। ਇਸ ਸਬੰਧੀ ਏਐਸਆਈ ਅਵਤਾਰ ਸਿੰਘ ਸੋਹੀ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਇਕ ਐਕਸੈਂਟ ਕਾਰ ਨੂੰ ਰੋਕ ਤਲਾਸ਼ੀ ਲਈ ਤਾਂ ਮੁਕੇਸ਼ ਕੁਮਾਰ ਉਰਫ਼ ਬੌਬੀ ਕੋਲੋਂ 50 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਨਵੀਂ ਦਿੱਲੀ ਤੋਂ 1500 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਹੈਰੋਇਨ ਲੈ ਕੇ ਆਉਂਦਾ ਹੈ ਅਤੇ ਮੁਹਾਲੀ ਅਤੇ ਨੇੜਲੇ ਇਲਾਕੇ ਵਿੱਚ ਆਪਣੇ ਪੱਕੇ ਗਾਹਕਾਂ ਨੂੰ 2500 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਵੇਚ ਦਿੰਦਾ ਹੈ। ਪੁਲੀਸ ਅਨੁਸਾਰ ਮੁਲਜ਼ਮ ਮੁਕੇਸ਼ ਕੁਮਾਰ ਪੇਸ਼ੇ ਵਜੋਂ ਕਾਰਾਂ ਦੀ ਸੇਲ ਪ੍ਰਚੇਜ ਦਾ ਕੰਮ ਕਰਦਾ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਐਨਪੀਐਸ ਐਕਟ ਦੇ ਤਹਿਤ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ