nabaz-e-punjab.com

ਹੈਰੋਇਨ ਤਸਕਰੀ ਮਾਮਲਾ: ਮੁਲਜ਼ਮ ਅਜੇ ਗੁਪਤਾ ਵੱਲੋਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ

ਮੁਹਾਲੀ ਅਦਾਲਤ ਵੱਲੋਂ ਐਨਆਈਏ ਨੂੰ ਪੱਖ ਰੱਖਣ ਲਈ 7 ਨਵੰਬਰ ਲਈ ਨੋਟਿਸ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਮੁਲਜ਼ਮ ਅਜੇ ਕੁਮਾਰ ਗੁਪਤਾ ਵਾਸੀ ਅੰਮ੍ਰਿਤਸਰ ਨੇ ਅੱਜ ਆਪਣੇ ਵਕੀਲ ਅਮਰਜੀਤ ਸਿੰਘ ਲੌਂਗੀਆਂ ਅਤੇ ਜਸਪਾਲ ਸਿੰਘ ਮੰਝਪੁਰ ਰਾਹੀਂ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਨਵੇਂ ਸਿਰਿਓਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੁਲਜ਼ਮ ਨੇ ਜ਼ਮਾਨਤ ਹਾਸਲ ਕਰਨ ਲਈ ਅਦਾਲਤ ਵਿੱਚ ਦਾਇਰ ਕੀਤੀ ਸੀ ਪ੍ਰੰਤੂ ਬੀਤੀ 10 ਅਕਤੂਬਰ ਨੂੰ ਮੁਲਜ਼ਮ ਨੇ ਖ਼ੁਦ ਹੀ ਅਚਾਨਕ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਸੀ। ਅਦਾਲਤ ਨੇ ਮੁਲਜ਼ਮ ਦੀ ਅਰਜ਼ੀ ’ਤੇ ਐਨਆਈਏ ਨੂੰ 7 ਨਵੰਬਰ ਲਈ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਆਖਿਆ ਹੈ।
ਮੁਲਜ਼ਮ ਅਜੇ ਗੁਪਤਾ ਨੇ ਵਕੀਲਾਂ ਨੇ ਐਨਆਈਏ ਅਦਾਲਤ ਵਿੱਚ ਨਵੇਂ ਸਿਰਿਓਂ ਦਾਇਰ ਜ਼ਮਾਨਤ ਦੀ ਅਰਜ਼ੀ ਵਿੱਚ ਹਵਾਲਾ ਦਿੱਤਾ ਹੈ ਕਿ ਇਸ ਮਾਮਲੇ ਸਬੰਧੀ ਦਰਜ ਕੇਸ ਵਿੱਚ ਅਜੇ ਗੁਪਤਾ ਦਾ ਸਿੱਧੇ ਤੌਰ ’ਤੇ ਕਿਤੇ ਵੀ ਨਾਮ ਸਾਹਮਣੇ ਨਹੀਂ ਆਇਆ ਸੀ। ਅਜੇ ਗੁਪਤਾ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਵੀ ਨਹੀਂ ਹੋਈ ਹੈ। ਉਹ ਪਿਛਲੇ ਕਰੀਬ 4 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਇਸ ਮਾਮਲੇ ਵਿੱਚ ਐਨਆਈਏ ਵੱਲੋਂ ਅਜੇ ਗੁਪਤਾ, ਜਸਵੀਰ ਸਿੰਘ, ਸੰਦੀਪ ਕੌਰ, ਤਾਰਿਕ ਅਹਿਮਦ ਅਤੇ ਨਿਰਭੈਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਐਨਆਈਏ ਦੇ ਵਕੀਲ ਦੇ ਦੱਸਣ ਅਨੁਸਾਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਤਾਰਿਕ ਅਹਿਮਦ ਹੰਦਵਾੜਾ (ਜੰਮੂ ਕਸ਼ਮੀਰ) ਦਾ ਵਸਨੀਕ ਹੈ। ਉਸ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਨੇੜਲੇ ਸਬੰਧ ਹਨ। ਜਿਨ੍ਹਾਂ ਦੀ ਮਿਲੀਭੁਗਤ ਨਾਲ ਸਰਹੱਦੋ ਪਾਰ ਨਸ਼ੇ ਦੀ ਸਪਲਾਈ ਹੋ ਰਹੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਜੋ ਪੈਸਾ ਕਮਾਇਆ ਜਾਂਦਾ ਹੈ, ਉਸ ਨੂੰ ਅਤਿਵਾਦੀ ਗਤੀਵਿਧੀਆਂ ਲਈ ਵਰਤਿਆਂ ਜਾਂਦਾ ਹੈ। ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਕਸਟਮ ਵਿਭਾਗ ਵੱਲੋਂ ਬੀਤੀ 29 ਜੂਨ ਨੂੰ ਪਾਕਿਸਤਾਨ ਵੱਲੋਂ ਭਾਰਤ ਨੂੰ ਅਯਾਤ ਕੀਤੇ ਸੌਂਧਾ ਨਮਕ ਦੇ ਹੇਠਾਂ ਨਸ਼ੀਲਾ ਪਦਾਰਥ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ 5836 ਕਿੱਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਦੋ ਕਸ਼ਮੀਰੀ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਅਨੁਸਾਰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 2600 ਕਰੋੜ ਰੁਪਏ ਦੱਸੀ ਗਈ ਹੈ। ਦੱਸਿਆ ਗਿਆ ਹੈ ਕਿ ਏਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਇਕ ਟਰੱਕ ਵਿੱਚ ਬੈਗਾਂ ਦੇ ਥੱਲੇ ਛੁਪਾ ਕੇ ਰੱਖੇ ਹੋਏ ਸੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…