Nabaz-e-punjab.com

ਗਿਆਨ ਪਰਖ ਪ੍ਰੀਖਿਆ ਵਿੱਚ 1 ਲੱਖ 14 ਹਜ਼ਾਰ 421 ਵਿਦਿਆਰਥੀਆਂ ਨੇ ਭਾਗ ਲਿਆ

ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਲਗਨ ਸਾਲਾਨਾ ਪ੍ਰੀਖਿਆਵਾਂ ਵਿੱਚ ਝਲਕੇਗੀ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਡਾਇਰੈਕਟਰ ਦੀ ਦੇਖਰੇਖ ਹੇਠ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਐੱਨਐੱਮਐੱਮਐੱਸ) ਲਈ 62760 ਅਤੇ ਨੈਸ਼ਨਲ ਟੈਲੇਂਟ ਸਰਚ ਐਗਜਾਮੀਨੇਸ਼ਨ (ਐੱਨਟੀਐੱਸਈ) 51661 ਲਈ ਮੁਕਾਬਲਾ ਪ੍ਰੀਖਿਆਵਾਂ ਵਿੱਚ ਅੱਠਵੀਂ ਅਤੇ ਦਸਵੀਂ ਦੇ 1 ਲੱਖ 14 ਹਜ਼ਾਰ 421 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ।
ਇਸ ਸਬੰਧੀ ਸਿਖਲਾਈ ਪਰਿਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਲਈ ਐੱਨਟੀਐੱਸਈ ਦੀ ਪ੍ਰੀਖਿਆਵਾਂ ਲਈ 120 ਪ੍ਰੀਖਿਆ ਕੇਂਦਰ ਅਤੇ ਐੱਨਐੱਮਐੱਮਐੱਸ ਦੀ ਪ੍ਰੀਖਿਆਵਾਂ ਲਈ 140 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਮੁਕਾਬਲਿਆਂ ਦੀ ਸੁਚਾਰੂ ਢੰਗ ਨਾਲ ਪ੍ਰਕਿਰਿਆ ਦੀ ਮਨਿਟਰਿੰਗ ਲਈ ਮੁੱਖ ਦਫ਼ਤਰ ਵੱਲੋਂ ਜ਼ਿਲ੍ਹਾਵਾਰ ਨੋਡਲ ਅਫ਼ਸਰ ਅਤੇ ਜ਼ਿਲ੍ਹਾ ਅਬਜ਼ਰਵਰ ਨਿਯੁਕਤ ਕੀਤੇ ਗਏ ਸਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੀਖਿਆਵਾਂ ਦੇ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਐੱਨਐੱਮਐੱਮਐੱਸ ਦੀ ਪ੍ਰੀਖਿਆਵਾਂ ਵਿੱਚ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਸਦਾ ਮੁੱਖ ਕਾਰਨ ਅਧਿਆਪਕਾਂ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਪ੍ਰਤੀ ਚੇਤੰਨ ਹੋਣਾ, ਵਿਦਿਆਰਥੀਆਂ ਨੂੰ ਮੁਕਾਬਲਿਆਂ ਦੀ ਪ੍ਰੀਖਿਆਵਾਂ ਲਈ ਤਿਆਰ ਕਰਨ ਅਤੇ ਉਤਸ਼ਾਹ ਭਰਨ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਸ਼ੇਸ਼ ਯੋਜਨਾਬੰਦੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਝਲਕ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਜ਼ਰੂਰ ਦੇਖਣ ਨੂੰ ਮਿਲੇਗੀ।
ਸਟੇਟ ਕੋਆਰਡੀਨੇਟਰ ਸ਼ਿਵਾਨੀ ਸੇਤੀਆ ਨੇ ਇੱਥੋਂ ਦੇ ਸ਼ਿਵਾਲਿਕ ਸਕੂਲ ਅਤੇ ਹੋਰ ਵੱਖ ਵੱਖ ਕੇਂਦਰਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਦੀ ਪ੍ਰਕਿਰਿਆ ਸਫਲਤਾ ਪੂਰਵਕ ਨੇਪਰੇ ਚੜ੍ਹ ਗਈ ਹੈ। ਵਿਦਿਆਰਥੀਆਂ ਦੇ ਨਾਲ ਨਾਲ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਇਨ੍ਹਾਂ ਪ੍ਰੀਖਿਆਵਾਂ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਐੱਨਟੀਐੱਸਈ ਦੀ ਕੋਆਰਡੀਨੇਟਰ ਰੁਮਕੀਤ ਕੌਰ ਅਤੇ ਐੱਨਐੱਮਐੱਮਐੱਸ ਦੀ ਕੋਆਰਡੀਨੇਟਰ ਗੁਰਵੀਰ ਕੌਰ ਵੀ ਮੌਜੂਦ ਰਹੇ। ਜਿਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ਦੀ ਪ੍ਰਕਿਰਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ।
ਪ੍ਰੀਖਿਆਵਾਂ ਦੀ ਮਨਿਟਰਿੰਗ ਲਈ ਰਾਜਪੁਰਾ ਟਾਊਨ ਦੇ ਸਰਕਾਰੀ ਹਾਈ ਸਕੂਲ ਵਿੱਚ ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਐੱਸਸੀਈਆਰਟੀ ਪਹੁੰਚੇ ਅਤੇ ਉਹਨਾਂ ਨੇ ਪ੍ਰੀਖਿਆਵਾਂ ਦੇ ਸੁਚਾਰੂ ਤਰੀਕੇ ਨਾਲ ਆਯੋਜਨ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਹਨਾਂ ਨਾਲ ਰਾਜਿੰਦਰ ਸਿੰਘ ਚਾਨੀ, ਸਕੂਲ ਮੁਖੀ ਜਗਮੀਤ ਸਿੰਘ, ਕੇਂਦਰ ਸੁਪਰਡੈਂਟ ਵੀਨਾ ਕੁਸਮ ਕਿਰਨ, ਨੀਲਮ ਚੌਧਰੀ, ਰਵਿਤਾ, ਜਯੋਤੀ, ਵਿਜੈ ਕੁਮਾਰ, ਰਵੀ ਕੁਮਾਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ। ਇਹਨਾਂ ਪ੍ਰੀਖਿਆਵਾਂ ਦੀ ਮਨਿਟਰਿੰਗ ਲਈ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਅਤੇ ਹੋਰ ਅਧਿਕਾਰੀਆਂ ਨੇ ਸਸਸਸ ਤ੍ਰਿਪੜੀ ਅਤੇ ਹੋਰ ਸਕੂਲਾਂ ਦਾ ਦੌਰਾ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…