Nabaz-e-punjab.com

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਭਾਈ ਮਰਦਾਨਾ ਚੇਅਰ ਸਥਾਪਿਤ ਕਰਨ ਦਾ ਐਲਾਨ

ਕੋਰਸ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਕੋਲੋਂ ਰਜਿਸਟਰੇਸ਼ਨ ਤੋਂ ਇਲਾਵਾ ਨਹੀਂ ਲਈ ਜਾਵੇਗੀ ਕੋਈ ਫੀਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਉੱਚ ਸਿੱਖਿਆ ਦੇ ਖੇਤਰ ਵਿਚ ਮੋਹਰੀ ਪ੍ਰਸਿੱਧ ਸਿੱਖਿਆ ਸੰਸਥਾਨ ਗਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਆਪਣਾ ਯੋਗਦਾਨ ਪਾਉਂਦਿਆਂ ‘ਭਾਈ ਮਰਦਾਨਾ ਚੇਅਰ’ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਣੇ ਵਿਰਸੇ ਅਤੇ ਰਾਗਾਂ-ਸਾਜ਼ਾਂ ਨਾਲ ਜੁੜਨ ਦਾ ਅਵਸਰ ਪ੍ਰਦਾਨ ਕੀਤਾ ਜਾ ਸਕੇ। ਇਸ ਦੇ ਤਹਿਤ ਵਿਦਿਆਰਥੀ ਦੋ ਸਾਲਾਂ ਦਾ ਡਿਪਲੋਮਾ ਕੋਰਸ, ਤਿੰਨ ਸਾਲਾ ਡਿਗਰੀ ਕੋਰਸ ਜਾਂ ਇੱਕ ਸਾਲਾ ਸਰਟੀਫ਼ਿਕੇਟ ਕੋਰਸ ਕਰ ਸਕਣਗੇ।
ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜੇ.ਐਸ. ਧਾਲੀਵਾਲ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਨੇੜਲੇ ਸਾਥੀ ਅਤੇ ਉਨ੍ਹਾਂ ਦੇ ਰਬਾਬੀ ਭਾਈ ਮਰਦਾਨਾ ਜੀ ਯਾਦ ਵਿਚ ਇੱਕ ਵੱਖਰਾ ਮਿਊਜ਼ਿਕ ਵਿਭਾਗ ਬਣਾਇਆ ਜਾ ਰਿਹਾ ਹੈ ਜਿਸ ਵਿਚ ਦਾਖਿਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਕੋਰਸ ਕਰਵਾਏ ਜਾਣਗੇ, ਵਿਦਿਆਰਥੀਆਂ ਕੋਲੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਕੋਲੋਂ ਸਿਰਫ਼ ਰਜਿਸਟ੍ਰੇਸ਼ਨ ਫੀਸ ਹੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਚੇਅਰ ਸਥਾਪਿਤ ਕਰਨ ਲਈ ਇੱਕ ਉਚ ਪੱਧਰੀ ਸਲਾਹਕਾਰ ਕਮੇਟੀ ਬਣਾਈ ਗਈ ਹੈ।
ਜਿਸ ਵਿੱਚ ਡਾ. ਐਸ.ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਡਾ. ਨਛੱਤਰ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ), ਡਾ. ਗੁਰਨਾਮ ਸਿੰਘ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਗੁਰਮਤ ਸੰਗੀਤ ਵਿਭਾਗ ਸਾਬਕਾ ਡੀਨ ਵਿਦਿਅਕ ਮਾਮਲੇ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਵਾਲੇ, ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ (ਲੁਧਿਆਣਾ), ਡਾ. ਸਤਨਾਮ ਸਿੰਘ ਜੱਸਲ ਡੀਨ ਪੰਜਾਬੀ ਵਿਭਾਗ ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ), ਪ੍ਰੋਫ਼ੈਸਰ ਜਗਦੀਪ ਕੌਰ ਸਾਬਕਾ ਪ੍ਰੋਫ਼ੈਸਰ ਸੰਗੀਤ, ਗੌਰਮਿੰਟ ਕਾਲਜ ਫਾਰ ਵੁਮੈਨ (ਲੁਧਿਆਣਾ), ਅਮਰਦੀਪ ਸਿੰਘ ਗਰੇਵਾਲ ਅਤੇ ਸਾਬਕਾ ਡਾਇਰੈਕਟਰ ਪੰਜਾਬ ਟੈਕਨੀਕਲ ਯੂਨੀਵਰਸਿਟੀ, (ਜਲੰਧਰ) ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਕਮੇਟੀ ਨੇ ਪ੍ਰਸਤਾਵ ਕੀਤਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਮਰਦਾਨਾ ਚੇਅਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੀ ਜਾਵੇ, ਇਸ ਚੇਅਰ ਦਾ ਇੱਕ ਚੇਅਰਮੈਨ ਤੇ ਦੋ ਵਿਜ਼ਿਟਿੰਗ ਪ੍ਰੋਫੈਸਰ ਲਗਾਏ ਜਾਣ ਜੋ ਸੰਗੀਤ ਤੇ ਗੁਰਬਾਣੀ ਕੀਰਤਨ ਦੇ ਵਿਦਵਾਨ ਹੋਣ। ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਕਿ ਗੁਰੂ ਸਾਹਿਬਾਨ ਦੇ ਵਕਤ ਦੇ ਪੁਰਾਤਨ ਸਾਜ਼ਾਂ ਦਾ ਅਜਾਇਬ ਘਰ ਉਸਾਰਿਆ ਜਾਵੇ ਅਤੇ ਪੁਰਾਤਨ ਸਾਜ਼ ਸਿਰਜਕਾਂ ਨੂੰ ਸਨਮਾਨਿਤ ਕੀਤਾ ਜਾਵੇ। ਡਾ. ਧਾਲੀਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਵਿਸਾਰ ਦਿੱਤਾ ਹੈ ਜਦਕਿ ਭਾਈ ਮਰਦਾਨਾ ਗੁਰੂ ਸਾਹਿਬ ਦੇ ਸਭ ਤੋਂ ਹਰਮਨ ਪਿਆਰੇ ਸਾਥੀ ਸਨ ਅਤੇ ਸਿੱਖ ਧਰਮ ਦੇ ਪ੍ਰਸਾਰ ਲਈ ਹਮੇਸ਼ਾਂ ਗੁਰੂ ਸਾਹਿਬ ਦੇ ਨਾਲ ਰਹੇ ਹਨ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਭਾਈ ਮਰਦਾਨਾ ਚੇਅਰ ਸਥਾਪਿਤ ਕੀਤੇ ਜਾਣ ਬਾਰੇ ਗੱਲਬਾਤ ਕਰਦਿਆਂ ਡਾ. ਧਾਲੀਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਕਲਾਸੀਕਲ ਰਾਗ ਅਤੇ ਸਾਰੇ ਪੁਰਾਣੇ ਸਾਜ਼ਾਂ ਬਾਰੇ ਕੋਰਸ ਕਰਵਾਏ ਜਾਣਗੇ ਅਤੇ ਰਾਗਾਂ ਅਨੁਸਾਰ ਕੀਰਤਨ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਇਸ ਕੋਰਸ ਵਿਚ ਵੱਧ ਤੋਂ ਵੱਧ ਦਾਖਿਲਾ ਲੈ ਕੇ ਇਸ ਮੁਫ਼ਤ ਕੋਰਸ ਦਾ ਲਾਭ ਉਠਾਉਣ ਅਤੇ ਆਪਣੇ ਵਿਰਸੇ ਨਾਲ ਜੁੜਨ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਨਬਜ਼-ਏ-ਪੰਜਾਬ, ਮੁਹਾਲੀ, 13…