Nabaz-e-punjab.com

ਫਿਰੌਤੀ ਮਾਮਲਾ: ਗੈਂਗਸਟਰ ਦਿਲਪ੍ਰੀਤ ਬਾਬਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼

ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਸਰਕਾਰੀ ਗਵਾਹ ਵਜੋਂ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਪੰਜਾਬ ਦੇ ਉੱਘੇ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਗੈਂਗਸਟਰ ਬਾਬਾ ਨੂੰ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮੁਹਾਲੀ ਅਦਾਲਤ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਸਰਕਾਰੀ ਗਵਾਹ ਵਜੋਂ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕਰਦਿਆਂ 2 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਗੈਂਗਸਟਰ ਦਿਲਪ੍ਰੀਤ ਬਾਬਾ ਇਸ ਸਮੇਂ ਰੂਪਨਗਰ ਜੇਲ੍ਹ ਵਿੱਚ ਬੰਦ ਹੈ। ਦਿਲਪ੍ਰੀਤ ਦੇ ਖ਼ਿਲਾਫ਼ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਕੁਲਵੰਤ ਸਿੰਘ ਚਾਹਲ ’ਤੇ ਪਿਛਲੇ ਸਾਲ ਵਿਸਾਖੀ ਵਾਲੀ ਰਾਤ ਨੂੰ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਦੇ ਪੈਸੇ ਦੇਣ ਲਈ ਧਮਕਾਉਣ ਦਾ ਵੀ ਦੋਸ਼ ਹੈ। ਇਸ ਸਬੰਧੀ ਉਸ ਦੇ ਖ਼ਿਲਾਫ਼ ਵੱਖਰਾ ਕੇਸ ਦਰਜ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਗਾਇਕ ਗਿੱਪੀ ਗਰੇਵਾਲ ਦੇ ਵੀ ਬਿਆਨ ਦਰਜ ਹੋਣੇ ਸੀ ਪ੍ਰੰਤੂ ਦੱਸਿਆ ਗਿਆ ਹੈ ਕਿ ਗਿੱਪੀ ਗਰੇਵਾਲ ਨੂੰ ਅਦਾਲਤ ਦੇ ਸੰਮਨ ਤਾਲੀਮ ਨਾ ਹੋਣ ਕਾਰਨ ਉਹ ਪੇਸ਼ ਨਹੀਂ ਹੋਏ। ਕਿਹਾ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ 2 ਦਸੰਬਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਆ ਸਕਦੇ ਹਨ।
ਉਧਰ, ਇਸ ਮਾਮਲੇ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਅਰਸ਼ਦੀਪ ਸਿੰਘ ਅਤੇ ਰੇਨੂੰ ਖ਼ਿਲਾਫ਼ ਫਿਲਹਾਲ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਗਾਇਕ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ’ਤੇ ਪ੍ਰਮੋਸ਼ਨ ਦਾ ਕੰਮਕਾਜ ਵੀ ਦੇਖਦਾ ਰਿਹਾ ਹੈ ਅਤੇ ਉਸ ਵੱਲੋਂ ਹੀ ਗੈਂਗਸਟਰਾਂ ਨੂੰ ਗਿੱਪੀ ਗਰੇਵਾਲ ਅਤੇ ਉਸ ਦੇ ਫੋਨ ਨੰਬਰ ਮੁਹੱਈਆ ਕਰਵਾਏ ਗਏ ਦੱਸੇ ਜਾ ਰਹੇ ਸਨ। ਏਨਾ ਹੀ ਨਹੀਂ ਅਰਸ਼ਦੀਪ ਸਿੰਘ ਅਕਸਰ ਸਾਰੇ ਗੈਂਗਸਟਰਾਂ ਨਾਲ ਵਟਸਅੱਪ ’ਤੇ ਤਾਲਮੇਲ ਕਰਦਾ ਸੀ। ਜਦੋਂਕਿ ਰੇਨੂੰ ’ਤੇ ਦੋਸ਼ ਹੈ ਕਿ ਦਿਲਪ੍ਰੀਤ ਬਾਬਾ ਅਤੇ ਲੱਕੀ ਨੇ ਜਦੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ ਤਾਂ ਉਸ ਸਮੇਂ ਰੇਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਰੇਨੂੰ ਉਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਲੱਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ।
ਉਧਰ, ਪੇਸ਼ੀ ਮਗਰੋਂ ਅਦਾਲਤ ’ਚੋਂ ਬਾਹਰ ਆਉਂਦੇ ਸਮੇਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਰੂਪਨਗਰ ਜੇਲ੍ਹ ਵਿੱਚ ਕੈਦੀ ਨਾਲ ਲੜਾਈ ਝਗੜਾ ਕਰਨ ਅਤੇ ਦੂਜੇ ਕੈਦੀ ਅੰਕੁਰ ਵੱਲੋਂ ਉਸ ’ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਲਗਾਏ ਦੋਸ਼ਾਂ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਨਸ਼ਾ ਕਰਨ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਹ ਬਿਲਕੁਲ ਕੋਈ ਨਸ਼ਾ ਨਹੀਂ ਕਰਦਾ ਹੈ। ਦਿਲਪ੍ਰੀਤ ਨੇ ਕਿਹਾ ਕਿ ਉਹ ਆਪਣਾ ਡੋਪ ਟੈਸਟ ਕਰਵਾਉਣ ਲਈ ਵੀ ਤਿਆਰ ਹੈ। ਬਸ਼ਰਤੇ ਦੂਜੇ ਕੈਦੀ ਅੰਕੁਰ ਦਾ ਵੀ ਡੋਪ ਟੈਸਟ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…