Nabaz-e-punjab.com

ਮੁਹਾਲੀ ਵਿੱਚ ਦੇਸ਼ ਦਾ ਪਹਿਲਾ 3-ਡੀ ਸਮਾਰਟ ਟਰੈਫ਼ਿਕ ਸਿਗਨਲ ਪਾਇਲਟ ਪ੍ਰਾਜੈਕਟ ਸਫਲ: ਸ੍ਰੀਮਤੀ ਜੈਨ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਚਾਰ ਹੋਰ ਵੱਖ ਵੱਖ ਜੰਕਸ਼ਨਾਂ ’ਤੇ ਲਾਈਆਂ ਜਾਣਗੀਆਂ ਸਮਾਰਟ ਟਰੈਫ਼ਿਕ ਲਾਈਟਾਂ

ਏਡੀਸੀ (ਵਿਕਾਸ) ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਮਾਰਟ ਟਰੈਫ਼ਿਕ ਲਾਈਟਾਂ ਦਾ ਟੈਂਡਰ ਜਾਰੀ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਇੱਥੋਂ ਦੇ ਸਨਅਤੀ ਏਰੀਆ ਫੇਜ਼-8ਬੀ ਸਥਿਤ ਪੁਲੀਸ ਚੌਕੀ ਨੇੜੇ ਜੰਕਸ਼ਨ ’ਤੇ ਲਾਈਆਂ ਸਮਾਰਟ ਟਰੈਫ਼ਿਕ ਸਿਗਨਲ ਲਾਈਟਾਂ ਦਾ ਪਾਇਲਟ ਪ੍ਰਾਜੈਕਟ ਸਫਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਚਾਰ ਹੋਰ ਟਰੈਫ਼ਿਕ ਜੰਕਸ਼ਨਾਂ ’ਤੇ ਸਮਾਰਟ ਟਰੈਫ਼ਿਕ ਲਾਈਟਾਂ ਲਗਾਈਆਂ ਜਾਣਗੀਆਂ। ਇਸ ਸਬੰਧੀ ਨਗਰ ਨਿਗਮ ਨੂੰ ਸਮਾਰਟ ਲਾਈਟਾਂ ਲਗਾਉਣ ਲਈ ਟੈਂਡਰ ਲਗਾਉਣ ਦੀ ਹਦਾਇਤ ਕੀਤੀ ਗਈ ਹੈ।
ਇਸ ਗੱਲ ਦਾ ਖੁਲਾਸਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਅਗਸਤ ਮਹੀਨੇ ਵਿੱਚ ਫੇਜ਼-8ਬੀ ਕੁਆਰਕ ਸਿਟੀ ਜੰਕਸ਼ਨ ’ਤੇ ਪਾਇਲਟ ਪ੍ਰਾਜੈਕਟ ਤਹਿਤ ਦੇਸ਼ ਦਾ ਪਹਿਲਾ 3-ਡੀ ਸਮਾਰਟ ਟਰੈਫ਼ਿਕ ਸਿਗਨਲ ਸਿਸਟਮ ਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੂਰਨ ਤੌਰ ’ਤੇ ਕੰਪਿਊਟਰੀਕ੍ਰਿਤ ਇਨ੍ਹਾਂ ਲਾਈਟਾਂ ਰਾਹੀਂ ਕਰੀਬ ਸਾਢੇ ਤਿੰਨ ਮਹੀਨੇ ਵਿੱਚ ਵਾਹਨਾਂ ਦਾ 10 ਲੱਖ 80 ਹਜ਼ਾਰ ਤੋਂ ਵੱਧ ਦਾ 15 ਹਜ਼ਾਰ 528 ਲੀਟਰ ਤੇਲ ਬਚਾਇਆ ਗਿਆ ਹੈ। ਇੰਝ ਵਾਹਨਾਂ ਦਾ ਲਾਈਟਾਂ ’ਤੇ ਖੜਨ ਦਾ ਸਮਾਂ ਵੀ 720 ਘੰਟੇ ਘਟਿਆ ਹੈ। ਇਨ੍ਹਾਂ ਸਾਢੇ ਤਿੰਨ ਮਹੀਨਿਆਂ ਦੌਰਾਨ ਹਾਦਸਿਆਂ ਲਈ ਬਦਨਾਮ (ਬਲੈਕ ਸਪਾਟ) ਇਨ੍ਹਾਂ ਟਰੈਫ਼ਿਕ ਪੁਆਇੰਟਾਂ ’ਤੇ ਕੋਈ ਹਾਦਸਾ ਨਹੀਂ ਵਾਪਰਿਆ।
ਸ੍ਰੀਮਤੀ ਜੈਨ ਨੇ ਸੜਕ ਸੁਰੱਖਿਆ ਦੀ ਮੀਟਿੰਗ ਦੌਰਾਨ ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਅਸ਼ਵਨੀ ਚੌਧਰੀ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਂਦਿਆਂ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਸੈਕਟਰ-81 ਤੋਂ ਲੈ ਕੇ ਸੈਕਟਰ-68/69 ਦੀਆਂ ਲਾਈਟਾਂ ਤੱਕ ਚਾਰ ਜੰਕਸ਼ਨਾਂ ’ਤੇ ਇਹ ਸਮਾਰਟ ਲਾਈਟਾਂ ਲਾਉਣ ਲਈ ਟੈਂਡਰ ਮੰਗਿਆ ਜਾਵੇ। ਸਮਾਰਟ ਸਿਗਨਲ ਲਾਈਟਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨ੍ਹਾਂ ਦੱਸਿਆ ਕਿ ਇਹ ਲਾਈਟਾਂ ਜਿੱਥੇ ਆਪਸ ਵਿੱਚ ਸਿੰਕ੍ਰੋਨਾਈਜ਼ ਹੋਣਗੀਆਂ ਅਤੇ ਇਕ ਲਾਈਟ ਤੋਂ ਬਾਅਦ ਦੂਜੀ ਲਾਈਟ ਤੱਕ ਪਹੁੰਚਦਿਆਂ ਵਾਹਨ ਨੂੰ ਅੱਗੇ ਵੀ ਲਾਈਟ ਹਰੀ ਹੀ ਮਿਲੇਗੀ, ਉੱਥੇ ਸੈਂਸਰ ਲੱਗੇ ਕੈਮਰਿਆਂ ਨਾਲ ਸੁਰੱਖਿਆ ਪੱਖੋਂ ਵੀ ਕਾਰਗਰ ਸਿੱਧ ਹੋਣਗੀਆਂ। ਇਸ ਨਾਲ ਲਾਈਟਾਂ ’ਤੇ ਵਾਹਨਾਂ ਦੇ ਘੱਟ ਖੜ੍ਹੇ ਹੋਣ ਕਾਰਨ ਪ੍ਰਦੂਸ਼ਣ ਘਟੇਗਾ, ਲੋਕਾਂ ਦਾ ਪੈਸਾ ਬਚੇਗਾ ਅਤੇ ਚਲਾਨ ਪ੍ਰਣਾਲੀ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਈਟਾਂ ਨੂੰ ਸੈਂਸਰ ਵਾਲੇ ਕੈਮਰੇ ਚਲਾਉਂਦੇ ਹਨ ਅਤੇ ਕੈਮਰੇ ਵਾਹਨਾਂ ਦੀ ਘਣਤਾ ਮੁਤਾਬਕ ਸਮਾਂ ਵਧਾ ਅਤੇ ਘਟਾ ਦਿੰਦਾ ਹੈ, ਜਿਸ ਨਾਲ ਟਰੈਫ਼ਿਕ ਦਾ ਫਲੋਅ ਬਣਿਆ ਰਹਿੰਦਾ ਹੈ ਅਤੇ ਵਾਹਨਾਂ ਦੀ ਭੀੜ ਜਮ੍ਹਾਂ ਨਹੀਂ ਹੁੰਦੀ। ਇਸ ਤੋਂ ਇਲਾਵਾ ਲਾਈਟਾਂ ’ਤੇ ਐਂਬੂਲੈਂਸ ਫਸੇ ਹੋਣ ਦੀ ਸੂਰਤ ਵਿੱਚ ਕੰਟਰੋਲ ਰੂਮ ਤੋਂ ਉਸ ਪਾਸੇ ਦੇ ਵਾਹਨਾਂ ਨੂੰ ਚਲਣ ਲਈ ਹਰੀ ਲਾਈਟਾਂ ਵੀ ਦਿਖਾਈ ਜਾ ਸਕੇਗੀ।
ਏਡੀਸੀ (ਵਿਕਾਸ) ਨੇ ਰਵਾਇਤੀ ਟਰੈਫ਼ਿਕ ਪ੍ਰਣਾਲੀ ਦੀ ਥਾਂ ਇਹ ਆਧੁਨਿਕ ਸੈਂਸਰ ਆਧਾਰਿਤ ਟਰੈਫ਼ਿਕ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਇਸ ਨਵੀਂ 3-ਡੀ ਤਕਨੀਕ ਰਾਹੀਂ ਟਰੈਫ਼ਿਕ ਸਿਗਨਲ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਣਗੇ ਅਤੇ ਸੈਂਸਰਾਂ ਨਾਲ ਜਿਸ ਪਾਸਿਓਂ ਜਿੰਨਾ ਟਰੈਫ਼ਿਕ ਆਏਗਾ, ਉਸ ਦੇ ਲੰਘਣ ਤੋਂ ਬਾਅਦ ਸਿਗਨਲ ਲਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫ਼ਿਕ ਮੈਨੇਜਮੈਂਟ ਨੂੰ ਬਿਹਤਰ ਅਤੇ ਆਰਥਿਕ ਪੱਖੋਂ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਇਹ ਵੱਡਾ ਮਾਅਰਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੈਸੇ ਦੀ ਵੱਡੇ ਪੱਧਰ ’ਤੇ ਬੱਚਤ ਹੋਵੇਗੀ, ਸਗੋਂ ਟਰੈਫ਼ਿਕ ਲਾਈਟਾਂ ਦੀ ਉਲੰਘਣਾ ਵਿੱਚ ਕਮੀ ਆਵੇਗੀ ਅਤੇ ਸਫ਼ਰ ਵਿੱਚ ਲੱਗਣ ਵਾਲਾ ਸਮਾਂ ਵੀ ਘਟੇਗਾ।
ਇਸ ਮੌਕੇ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਸੁਖਵਿੰਦਰ ਕੁਮਾਰ, ਡੀਐਸਪੀ (ਟਰੈਫ਼ਿਕ) ਗੁਰਇਕਬਾਲ ਸਿੰਘ ਅਤੇ ਰੋਡ ਸੇਫ਼ਟੀ ਇੰਜੀਨੀਅਰ ਚਰਨਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…