Nabaz-e-punjab.com

ਮੁਹਾਲੀ ਅਦਾਲਤ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ 7 ਰੋਜ਼ਾ ਪੁਲੀਸ ਰਿਮਾਂਡ

ਮੁਹਾਲੀ ਪੁਲੀਸ ਨੇ ਪਰਮੀਸ਼ ਵਰਮਾ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪਾਈ ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਮੁਹਾਲੀ ਪੁਲੀਸ ਵੱਲੋਂ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 30 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਗੈਂਗਸਟਰ ਬੁੱਢਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਲਿਆਂਦਾ ਗਿਆ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੁਲਜ਼ਮ ਕੋਲੋਂ ਸਥਾਨਕ ਫੇਜ਼-1 ਦੇ ਥਾਣੇ ਵਿੱਚ ਲੰਮੀ ਪੁੱਛਗਿੱਛ ਕੀਤੀ ਗਈ। ਅਦਾਲਤ ਕੰਪਲੈਕਸ ਵਿੱਚ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਹੋਏ ਸੀ।
ਅੱਜ ਬਾਅਦ ਦੁਪਹਿਰ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ, ਥਾਣਾ ਫੇਜ਼-1 ਦੇ ਐਸਐਚਓ ਲਖਵਿੰਦਰ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਹਰਜਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਪੁਲੀਸ ਨੇ ਰਿਮਾਂਡ ਹਾਸਲ ਕਰਨ ਲਈ ਦਲੀਲ ਦਿੱਤੀ ਕਿ ਗੈਂਗਸਟਰ ਸੁਖਪ੍ਰੀਤ ਤੋਂ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਸਮੇਤ ਗਾਇਕ ਅਤੇ ਗਿੱਪੀ ਗਰੇਵਾਲ ਸਮੇਤ ਹੋਰਨਾਂ ਗਾਇਕਾਂ ਅਤੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਮੰਗਣ ਬਾਰੇ ਪਤਾ ਕਰਨਾ ਹੈ।
ਇਹ ਵੀ ਪਤਾ ਲਗਾਉਣਾ ਹੈ ਕਿ ਫਿਰੌਤੀ ਦੀ ਰਾਸ਼ੀ ਵਸੂਲਣ ਲਈ ਕੌਣ ਕੌਣ ਲੋਕ ਉਸ ਲਈ ਕੰਮ ਕਰਦੇ ਸੀ। ਮੁਲਜ਼ਮ ਦੇ ਬਾਹਰਲੇ ਮੁਲਕਾਂ ਅਤੇ ਗੁਆਂਢੀ ਸੂਬਿਆਂ ਵਿੱਚ ਖੂੰਖਾਰ ਅਪਰਾਧੀਆਂ ਨਾਲ ਤਾਰ ਜੁੜੇ ਹੋਏ ਹਨ ਅਤੇ ਮੌਜੂਦਾ ਸਮੇਂ ਵਿੱਚ ਉਹ ਖੂੰਖਾਰ ਗੈਂਗਸਟਰ ਦਵਿੰਦਰ ਬੰਬੀਹਾ ਗਰੋਹ ਦੇ ਮੁਖੀ ਵਜੋਂ ਵਿਚਰ ਰਿਹਾ ਸੀ ਅਤੇ ਕਾਰੋਬਾਰੀਆਂ ਨੂੰ ਫੋਨ ’ਤੇ ਸ਼ਰ੍ਹੇਆਮ ਧਮਕਾ ਫਿਰੌਤੀ ਮੰਗਣ ਸਮੇਤ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਮੁਲਜ਼ਮ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਬੁੱਢਾ ਹਾਲ ਹੀ ਵਿੱਚ ਗਰਮ ਖਿਆਲੀ ਬੰਦਿਆਂ ਨਾਲ ਨੇੜਤਾ ਰੱਖਣ ਕਰਕੇ ਸੁਰਖੀਆ ਵਿੱਚ ਆਇਆ ਸੀ ਅਤੇ ਉਸ ਦੀ ਖਾਲਿਸਤਾਨ ਪੱਖੀ ਮੁਹਿੰਮ ਚਲਾਉਣ ਦੀ ਯੋਜਨਾ ਸੀ। ਉਸ ਨੇ ਬੇਅਦਬੀ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਕਾਰਕੁਨ ਮਨਿੰਦਰਪਾਲ ਬਿੱਟੂ ਦੇ ਖਾਤਮੇ ਲਈ ਆਪਣੇ ਫੇਸਬੁੱਕ ਅਕਾਉਂਟ ’ਤੇ ਜ਼ਿੰਮੇਵਾਰੀ ਲਈ ਸੀ।ਕੁਝ ਸਮਾਂ ਪਹਿਲਾਂ ਹੀ ਸਿੱਖ ਕੈਦੀਆਂ ਨੇ ਨਾਭਾ ਜੇਲ੍ਹ ਵਿੱਚ ਬਿੱਟੂ ਦਾ ਕਤਲ ਕਰ ਦਿੱਤਾ ਸੀ। ਬੁੱਢਾ ਨੂੰ ਸਾਲ 2011 ਦੇ ਕਤਲ ਕੇਸ ਵਿੱਚ ਦੋਸ਼ੀ ਘੋਸ਼ਿਤ ਕੀਤਾ ਗਿਆ ਸੀ ਪਰ 5 ਸਾਲ ਮਗਰੋਂ 2016 ਵਿੱਚ ਪੈਰੋਲ ਉਲੰਘਣ ਮਗਰੋਂ ਉਸ ਨੂੰ ਭਗੌੜਾ ਗਰਦਾਨਿਆ ਗਿਆ ਸੀ। ਪੰਜਾਬ ਪੁਲੀਸ ਬੜੇ ਜੋਸ਼ ਨਾਲ ਵੱਖ ਵੱਖ ਕੇਸਾਂ ਵਿੱਚ ਉਸ ਦਾ ਪਿੱਛਾ ਕਰ ਰਹੀ ਸੀ। ਅਖੀਰ ਉਸ ਨੂੰ ਅਰਮੀਨਾ ਵਿੱਚ ਲੱਭ ਲਿਆ। ਇਸ ਤੋਂ ਬਾਅਦ ਪੰਜਾਬ ਪੁਲੀਸ ਨੂੰ ਇੰਟਰਪੋਲ ਵੱਲੋਂ ਲੁੱਕ ਆਊਟ ਸਰਕੁਲਰ (ਐਲਓਸੀ) ਅਤੇ ਰੈਡ ਕਾਰਨਰ ਨੋਟਿਸ (ਆਰਸੀਐਨ) ਮਿਲਿਆ ਸੀ। ਬੀਤੀ 8 ਅਗਸਤ ਨੂੰ ਅਰਮੇਨੀਆਈ ਪੁਲੀਸ ਨੇ ਬੁੱਢਾ ਨੂੰ ਕਾਬੂ ਕੀਤਾ ਸੀ। ਉਪਰੰਤ ਯੂਰਪ ਵਿੱਚ ਕੁਝ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਬੁੱਢਾ ਦੀ ਗ੍ਰਿਫ਼ਤਾਰੀ ਬਾਰੇ ਫੇਸਬੁੱਕ ’ਤੇ ਇਕ ਪੋਸਟ ਅਪਡੇਟ ਕੀਤੀ ਸੀ।
ਜਾਣਕਾਰੀ ਅਨੁਸਾਰ 13 ਅਪਰੈਲ 2018 ਸ਼ਾਮ ਨੂੰ ਗਾਇਕ ਪਰਮੀਸ਼ ਵਰਮਾ ਦਾ ਅੰਲਾਤੇ ਮਾਲ ਵਿੱਚ ਰੰਗਾਰੰਗ ਪ੍ਰੋਗਰਾਮ ਸੀ। ਉਹ ਕਰੀਬ 11 ਵਜੇ ਰਾਤ ਨੂੰ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਵਾਪਸ ਆਪਣੇ ਘਰ ਮੁਹਾਲੀ ਪਰਤ ਰਿਹਾ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿੱਚ ਘੇਰ ਕੇ ਉਸ ਉੱਤੇ ਫਾਇਰਿੰਗ ਕਰ ਦਿੱਤੀ। ਪੁਲੀਸ ਹਾਲੇ ਹਮਲਾਵਰਾਂ ਦੀ ਭਾਲ ਕਰ ਹੀ ਰਹੀ ਸੀ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਫੇਸਬੁੱਕ ’ਤੇ ਗਾਇਕ ਨੂੰ ਗੋਲੀਆਂ ਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਧਮਕੀ ਦਿੱਤੀ ਕਿ ਉਹ ਪਰਮੀਸ਼ ਨੂੰ ਜ਼ਿਊਂਦਾ ਨਹੀਂ ਛੱਡੇਗਾ। ਇਸ ਵਾਰ ਤਾਂ ਉਹ ਬਚ ਗਿਆ ਪ੍ਰੰਤੂ ਅਗਲੀ ਵਾਰ ਨਹੀਂ ਬਚੇਗਾ। ਇਸ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਸਮੇਤ ਕਈ ਮੁਲਜ਼ਮ ਪੁਲੀਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਅੱਜ ਦਵਿੰਦਰ ਬੰਬੀਹਾ ਗਰੋਹ ਦੇ ਮੁਖੀ ਤੇ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ, ਜਬਰ ਜਨਾਹ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਸਮੇਤ ਹੋਰ ਵੱਖ ਵੱਖ ਧਰਾਵਾਂ ਦੇ ਤਹਿਤ ਲਗਭਗ ਡੇਢ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…