Nabaz-e-punjab.com

ਸੰਵਿਧਾਨ ਵਿਚਲੇ ‘ਮੌਲਿਕ ਕਰਤੱਵਾਂ’ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਸੂਬਾ ਪੱਧਰੀ ਮੁਹਿੰਮ ਚਲਾਵੇਗੀ

‘ਮੌਲਿਕ ਕਰਤੱਵਾਂ’ ਸਬੰਧੀ ਪ੍ਰਤੀਬੱਧਤਾ ਦੀ ਮੁੜ-ਪ੍ਰੋੜਤਾ ਦਾ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸੰਕਲਪ ਲਿਆ

ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਸਬੰਧੀ ਮਤਾ ਕੀਤਾ ਪੇਸ਼

ਜਾਗਰੂਕਤਾ ਮੁਹਿੰਮ ਡਾ. ਅੰਬੇਦਕਰ ਦੀ ਜਨਮ ਵਰ੍ਹੇਗੰਢ ਮੌਕੇ 14 ਅਪ੍ਰੈਲ 2020 ਨੂੰ ‘ਸਮਰਸਤਾ ਦਿਵਸ’ ਮੌਕੇ ਪਹੁੰਚੇਗੀ ਸਿਖਰ ‘ਤੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਨਵੰਬਰ:
ਸੰਵਿਧਾਨ ਨੂੰ ਅਪਣਾਏ ਜਾਣ ਦੀ 70ਵੀਂ ਵਰ੍ਹੇਗੰਢ ‘ਤੇ ਪੰਜਾਬ ਸਰਕਾਰ ਸੰਵਿਧਾਨ ਦੇ ਮਹੱਤਵਪੂਰਣ ਢਾਂਚੇ ‘ਮੌਲਿਕ ਕਰਤੱਵਾਂ’ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਸੂਬਾ ਪੱਧਰੀ ਮੁਹਿੰਮ ਚਲਾਵੇਗੀ। ਇਸ ਸਬੰਧੀ ਪ੍ਰਤੀਬੱਧਤਾ ਦੀ ਮੁੜ-ਪ੍ਰੋੜਤਾ ਦਾ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸੰਕਲਪ ਲਿਆ ਹੈ। ਇਹ ਜਾਗਰੂਕਤਾ ਮੁਹਿੰਮ ਅੱਜ ਤੋਂ ਸ਼ੁਰੂ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਜਨਮ ਵਰ੍ਹੇਗੰਢ ਮੌਕੇ 14 ਅਪ੍ਰੈਲ 2020 ਨੂੰ ‘ਸਮਰਸਤਾ ਦਿਵਸ’ ਮੌਕੇ ਸਿਖਰ ‘ਤੇ ਪਹੁੰਚ ਕੇ ਸਮਾਪਤ ਹੋਵੇਗੀ। ਇਸ ਸਬੰਧੀ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ ਜੋ ਕਿ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਮਤੇ ਸਬੰਧੀ ਹੋਈ ਬਹਿਸ ਨੂੰ ਸਮੇਟਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਡਾ. ਅੰਬੇਦਕਰ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਅੰਬੇਦਕਰ ਨੇ ਸਾਰੇ ਦੇਸ਼ਾਂ ਦੇ ਸੰਵਿਧਾਨ ਪੜ੍ਹ ਕੇ ਉਨ੍ਹਾਂ ਵਿਚਲੀਆਂ ਚੰਗੀਆਂ ਗੱਲਾਂ ਭਾਰਤੀ ਸੰਵਿਧਾਨ ਵਿਚ ਸ਼ਾਮਲ ਕੀਤੀਆਂ। ਉਨ੍ਹਾਂ ਅਧਿਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਨ ਦੀ ਵਕਾਲਤ ਵੀ ਕੀਤੀ। ਉਨ੍ਹਾਂ ਵਾਤਾਵਰਣ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦਾ ਮੁੱਦਾ ਚੁੱਕਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਸੰਵਿਧਾਨਕ ਕਾਰਵਾਈਆਂ ਦੀ ਉਨ੍ਹਾਂ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ 85ਵੀਂ ਸੋਧ ਨੂੰ ਲਾਗੂ ਕਰਨ ਦਾ ਮੁੱਦਾ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ। ਇਸ ਤੋਂ ਪਹਿਲਾਂ ‘ਸੰਵਿਧਾਨ ਦਿਵਸ’ ਮੌਕੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਵਿਧਾਨ ਦੀ ਕਾਪੀ ਸਾਰੇ ਮੈਂਬਰਾਂ ਵਿਚ ਵੰਡਣ ਦੀ ਮੰਗ ਕੀਤੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਵਿਧਾਨ ਦੇ ਵਿਲੱਖਣ ਗੁਣਾਂ ਦੀ ਗੱਲ ਕਰਦਿਆਂ ਕਿਹਾ ਕਿ ਧਰਮ ਨਿਰਪੱਖਤਾ ਰਾਜ ਦਾ ਵਿਸ਼ੇਸ਼ ਗੁਣ ਹੈ ਅਤੇ ਸੰਵਿਧਾਨ ਨੇ ਸਭਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੰਵਿਧਾਨ ਵਿਚ ਔਰਤਾਂ ਨੂੰ ਸਸ਼ਕਤੀਕਰਨ ਕੀਤਾ ਗਿਆ ਹੈ ਜਿਸ ਨਾਲ ਕਿ ਸਭਨਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਹੁੰਦੇ ਹਨ। ਇਸ ਤੋਂ ਇਲਾਵਾ ਸਰਵਜੀਤ ਕੌਰ ਮਾਣੂੰਕੇ, ਪਰਮਿੰਦਰ ਸਿੰਘ ਢੀਂਡਸਾ, ਕੁਲਤਾਰ ਸਿੰਘ ਸੰਧਵਾਂ, ਪਵਨ ਕੁਮਾਰ ਟੀਨੂੰ, ਕੰਵਰ ਸੰਧੂ, ਡਾ. ਸੁਖਵਿੰਦਰ ਕੁਮਾਰ, ਪਰਮਿੰਦਰ ਸਿੰਘ, ਸਿਮਰਜੀਤ ਸਿੰਘ ਬੈਂਸ, ਹਰਿੰਦਰ ਸਿੰਘ ਚੰਦੂਮਾਜਰਾ, ਪ੍ਰਿੰ. ਬੁੱਧ ਰਾਮ, ਸੁਸ਼ੀਲ ਕੁਮਾਰ ਰਿੰਕੂ, ਬਿਕਰਮ ਸਿੰਘ ਮਜੀਠੀਆ, ਜੈ ਕਿਸ਼ਨ ਰੋੜੀ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ‘ਸੰਵਿਧਾਨ ਦਿਵਸ’ ਦੀ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…