Nabaz-e-punjab.com

ਵਪਾਰੀਆਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਬੂਥਾਂ ਦੀ ਛੱਤ ’ਤੇ ਪਹਿਲੀ ਮੰਜ਼ਲ ਬਣਾਉਣ ਦੇਣ ਦੀ ਮੰਗ

ਕੈਬਨਿਟ ਮੰਤਰੀ ਸੁੱਖ ਸਰਕਾਰੀਆ ਅਤੇ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਕੇ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਮੁਹਾਲੀ ਦੇ ਵਪਾਰੀਆਂ ਅਤੇ ਪ੍ਰਾਪਰਟੀ ਡੀਲਰਾਂ ਦੇ ਇਕ ਵਫ਼ਦ ਨੇ ਗਮਾਡਾ ਦੇ ਦਫ਼ਤਰ ਵਿੱਚ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਮੁਹਾਲੀ ਦੇ ਬੂਥਾਂ ਵਿੱਚ ਪਹਿਲੀ ਮੰਜ਼ਲ ਦੀ ਉਸਾਰੀ ਦੀ ਪ੍ਰਵਾਨਗੀ ਦਿੱਤੀ ਜਾਵੇ। ਇਸ ਮੌਕੇ ਵਫ਼ਦ ਵਿੱਚ ਸ਼ਾਮਲ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਭਰਵਾਲ ਅਤੇ ਮੁਹਾਲੀ ਬੂਥ ਮਾਰਕੀਟ ਦੇ ਇੰਚਾਰਜ ਸਰਬਜੀਤ ਸਿੰਘ ਪ੍ਰਿੰਸ ਨੇ ਮੰਤਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਸ਼ਹਿਰੀ ਮਿਲਖਾਂ ਵਿੱਚ ਉਸਾਰੇ ਜਾਣ ਵਾਲੇ ਕਮਰਸ਼ੀਅਲ ਬੂਥਾਂ ਦਾ ਸਾਈਜ 8 ਗੁਣਾ 24.9 ਹੈ। ਇਨੇ ਛੋਟੇ ਸਾਈਜ਼ ਵਿੱਚ ਵਪਾਰਕ ਕੰਮ ਕਾਜ ਚਲਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ ਅਤੇ ਉਹ ਖੁੱਲ੍ਹ ਕੇ ਆਪਣਾ ਵਪਾਰ ਨਹੀਂ ਚਲਾ ਸਕਦੇ।
ਸ੍ਰੀ ਵਰਮਾ ਨੇ ਦੱਸਿਆ ਕਿ ਮਹਿੰਗਾਈ ਦੇ ਜਮਾਨੇ ਵਿਚ ਬੂਥ ਮਾਲਕਾਂ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਛੋਟਾ ਵਪਾਰੀ ਆਪਣੀ ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਹੋਰ ਪਲਾਟ ਨਹੀਂ ਖਰੀਦ ਸਕਦਾ ਇਸ ਲਈ ਬੂਥ ਮਾਲਕਾਂ ਨੂੰ ਆਪਣੇ ਬੂਥਾਂ ਉੱਤੇ ਪੂਰੀ ਪਹਿਲੀ ਮੰਜ਼ਲ ਬਣਾਉਣ ਦੀ ਆਗਿਆ ਦੇਣੀ ਚਾਹੀਦੀ ਹੈ। ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਹਰਿਆਣਾ ਵਿੱਚ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਵੱਲੋਂ ਬੂਥਾਂ ਦੀ ਪਹਿਲੀ ਮੰਜ਼ਲ ਦੀ ਉਸਾਰੀ ਦੀ ਇਜਾਜਤ ਦਿੱਤੀ ਗਈ ਹੈ ਅਤੇ ਹੁੱਡਾ ਵੱਲੋਂ ਪੰਚਕੂਲਾ ਵਿੱਚ ਬੂਥ ਪਹਿਲੀ ਮੰਜ਼ਲ ਬਣਾਉਣ ਦੀ ਫੀਸ ਕਰੀਬ 3 ਲੱਖ 90 ਹਜ਼ਾਰ ਰੁਪਏ ਰੱਖੀ ਗਈ ਹੈ ਅਤੇ ਉੱਥੇ ਬਹੁਤ ਸਾਰੇ ਬੂਥ ਮਾਲਕਾਂ ਨੇ ਪਹਿਲੀ ਮੰਜ਼ਲ ਦੀ ਉਸਾਰੀ ਕਰ ਲਈ ਹੈ।
ਉਹਨਾਂ ਕਿਹਾ ਕਿ ਮੁਹਾਲੀ ਵਿੱਚ ਫੇਜ਼ 1 ਤੋਂ ਫੇਜ਼ 11 ਅਤੇ ਸੈਕਟਰ 67 ਤੋਂ ਸੈਕਟਰ 71 ਵਿੱਚ ਕਰੀਬ 2980 ਦੇ ਕਰੀਬ ਬੂਥ ਹਨ ਅਤੇ ਕਰੀਬ 390 ਸਿੰਗਲ ਸਟੋਰੀ ਦੁਕਾਨਾਂ ਹਨ। ਜੇਕਰ ਪੂਡਾ, ਗਮਾਡਾ ਉਹਨਾਂ ਨੂੰ ਪਹਿਲੀ ਮੰਜਿਲ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਕਰੀਬ 130 ਕਰੋੜ ਰੁਪਏ ਫੀਸ ਵਜੋਂ ਇੱਕਠੇ ਹੋ ਸਕਦੇ ਹਨ। ਇਸ ਤੋਂ ਇਲਾਵਾ ਨਕਸ਼ਾ ਪਾਸ ਕਰਵਾਉਣ ਦੀ ਫੀਸ ਨਾਲ ਵੀ ਗਮਾਡਾ ਨੂੰ ਕਰੀਬ 32 ਕਰੋੜ ਦੇ ਕਰੀਬ ਲਾਭ ਹੋਵੇਗਾ।
ਉਹਨਾਂ ਕਿਹਾ ਕਿ ਜੇਕਰ ਗਮਾਡਾ ਵੱਲੋਂ ਪਹਿਲੀ ਮੰਜ਼ਲ ਪੂਰੀ ਬਣਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਬੂਥ ਮਾਲਕਾਂ ਨੂੰ ਆਪਣਾ ਕਾਰੋਬਾਰ ਕਰਨ ਵਿੱਚ ਰਾਹਤ ਮਿਲੇਗੀ ਅਤੇ ਉਹ ਆਪਣਾ ਕਾਰੋਬਾਰ ਵਧੀਆ ਢੰਗ ਨਾਲ ਚਲਾ ਸਕਣਗ। ਇਸ ਤਰ੍ਹਾਂ ਕਰਨ ਨਾਲ ਪੁੱਡਾ ਅਧੀਨ ਅਥਾਰਟੀਆਂ ਨੂੰ ਵੀ ਫੀਸ ਵਜੋਂ ਬਹੁਤ ਲਾਭ ਹੋਵੇਗਾ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਮੁਹਾਲੀ ਵਿੱਚ ਕਈ ਸੈਕਟਰਾਂ ਵਿੱਚ 2 ਮੰਜ਼ਲਾਂ ਬੂਥਾਂ ਦੀ ਉਸਾਰੀ ਕਰਕੇ ਅਲਾਟਮੈਂਟ ਕੀਤੀ ਗਈ ਹੈ, ਇਸ ਲਈ ਸਿੰਗਲ ਬੂਥ ਮਾਲਕਾਂ ਨੂੰ ਵੀ ਪਹਿਲੀ ਮੰਜ਼ਲ ਦੀ ਉਸਾਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਕੈਬਿਨਟ ਮੰਤਰੀ ਸ੍ਰੀ ਸਰਕਾਰੀਆਂ ਨੇ ਵਫ਼ਦ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਡੀਐਸ ਬੈਨੀਪਾਲ ਅਤੇ ਤੇਜਿੰਦਰ ਸਿੰਘ ਪੂਨੀਆ ਦੋਵੇਂ ਸਾਬਕਾ ਪ੍ਰਧਾਨ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…