Nabaz-e-punjab.com

ਵਿਕਾਸ ਕੰਮਾਂ ਦੇ ਟੈਂਡਰਾਂ ’ਤੇ ਰਾਜਨੀਤੀ: ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਧਰਨਾ ਮੁਲਤਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਮੁਹਾਲੀ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਟੈਂਡਰ ਨਾ ਖੋਲ੍ਹੇ ਜਾਣ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਅਕਾਲੀ-ਭਾਜਪਾ ਦੇ ਕੌਂਸਲਰਾਂ ਨੇ ਨਗਰ ਨਿਗਮ ਅਧਿਕਾਰੀਆਂ ਉੱਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਟੈਂਡਰ ਰੋਕਣ ਦੇ ਦੋਸ਼ ਲਗਾਉਂਦਿਆਂ ਭਲਕੇ 29 ਨਵੰਬਰ ਨੂੰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਅੱਜ ਅਚਾਨਕ ਉਨ੍ਹਾਂ ਨੇ ਭਲਕੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ। ਇਸ ਸਬੰਧੀ ਕਾਬਜ਼ ਧਿਰ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਕਮਿਸ਼ਨਰ ਕਮਲ ਕੁਮਾਰ ਗਰਗ ਦੇ ਭਰੋਸੇ ਮਗਰੋਂ ਉਨ੍ਹਾਂ ਨੇ ਧਰਨੇ ਦਾ ਪ੍ਰੋਗਰਾਮ ਮੁਲਤਵੀ ਕੀਤਾ ਹੈ।
ਜਾਣਕਾਰੀ ਅਨੁਸਾਰ ਅੱਜ ਅਕਾਲੀ ਕੌਂਸਲਰ ਫੂਲਰਾਜ ਸਿੰਘ, ਆਰਪੀ ਸ਼ਰਮਾ, ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਸਤਵੀਰ ਸਿੰਘ ਧਨੋਆ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਤਸਿੰਬਲੀ, ਸੁਖਦੇਵ ਸਿੰਘ ਪਟਵਾਰੀ, ਕੁਲਦੀਪ ਕੌਰ ਕੰਗ, ਰਜਿੰਦਰ ਕੌਰ, ਰਜਨੀ ਗੋਇਲ, ਗੁਰਮੀਤ ਕੌਰ, ਜਸਬੀਰ ਕੌਰ ਅੱਤਲੀ, ਕਮਲਜੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ, ਪਰਮਜੀਤ ਕਾਹਲੋਂ ਅਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ, ਬੌਬੀ ਕੰਬੋਜ ਅਤੇ ਬੀਬੀ ਪ੍ਰਕਾਸ਼ਵਤੀ ਨੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਵਿਕਾਸ ਕੰਮ ਸ਼ੁਰੂ ਲਈ ਤੁਰੰਤ ਟੈਂਡਰ ਖੋਲ੍ਹੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਮਿਸ਼ਨਰ ਨੂੰ ਸੋਮਵਾਰ ਸ਼ਾਮ 4 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਜੇਕਰ ਇਸ ਦੌਰਾਨ ਸਬੰਧਤ ਵਿਕਾਸ ਕੰਮਾਂ ਦੇ ਟੈਂਡਰ ਨਹੀਂ ਖੋਲ੍ਹੇ ਗਏ ਤਾਂ ਕਾਬਜ਼ ਧਿਰ (ਅਕਾਲੀ-ਭਾਜਪਾ) ਦੇ ਕੌਂਸਲਰਾਂ ਵੱਲੋਂ ਮੰਗਲਵਾਰ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਮਗਰੋਂ ਮੁਹਾਲੀ ਨਿਗਮ ਦੇ ਬਾਹਰ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।
ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਹਰਪਾਲ ਸਿੰਘ ਚੰਨਾ ਨੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 300 ਮਤੇ ਪਾਸ ਕੀਤੇ ਗਏ ਸੀ। ਲੇਕਿਨ ਹੁਣ ਵਰਕ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ 95 ਟੈਂਡਰ ਲਗਾਏ ਸੀ, ਜਿਨ੍ਹਾਂ ’ਚੋਂ 10 ਟੈਂਡਰ ਰੋਕ ਕੇ 85 ਟੈਂਡਰ ਖੋਲ੍ਹੇ ਗਏ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਮੰਤਰੀ ਦੇ ਇਸ਼ਾਰੇ ’ਤੇ ਹੋ ਰਿਹਾ ਹੈ ਤਾਂ ਜੋ ਕਾਬਜ਼ ਧਿਰ ਸ਼ਹਿਰ ਦੇ ਵਿਕਾਸ ਕੰਮਾਂ ਦਾ ਸਿਹਰਾ ਨਾ ਲੈ ਸਕੇ।
(ਬਾਕਸ ਆਈਟਮ)
ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਵੱਖਰੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨਾਲ ਸਬੰਧਤ ਤਿੰਨ ਵਿਕਾਸ ਕੰਮ ਰੋਕੇ ਗਏ ਹਨ। ਉਨ੍ਹਾਂ ਦੱਸਿਆ ਕਿ ਮਦਨਪੁਰ ਤੋਂ ਫਰਨੀਚਰ ਮਾਰਕੀਟ ਤੱਕ ਪੇਵਰ ਬਲਾਕ ਅਤੇ ਕੰਕਰੀਟ ਪਾਈ ਜਾਣੀ ਸੀ। ਇਸੇ ਤਰ੍ਹਾਂ ਮਕਾਨ ਨੰਬਰ 455 ਤੋਂ 498 ਤੱਕ ਕਰਵ ਚੈਨਲ ਅਤੇ ਕੋਠੀ ਨੰਬਰ 108 ਦੇ ਨੇੜਲੇ ਰਿਹਾਇਸ਼ੀ ਪਾਰਕ ਵਿੱਚ ਲੋਕਾਂ ਦੀ ਸਹੂਲਤ ਲਈ ਸੈਰ ਵਾਸਤੇ ਨਵਾਂ ਟਰੈਕ ਬਣਾਇਆ ਜਾਣਾ ਸੀ, ਪ੍ਰੰਤੂ ਹੁਣ ਤੱਕ ਵਰਕ ਟੈਂਡਰ ਹੀ ਨਹੀਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਕ ਅਧਿਕਾਰੀ ਨੇ ਕਥਨ ਅਨੁਸਾਰ ਮੰਤਰੀ ਹੁਕਮਾਂ ’ਤੇ ਕੰਮ ਰੋਕੇ ਹਨ।
(ਬਾਕਸ ਆਈਟਮ)
ਉਧਰ, ਸੰਪਰਕ ਕਰਨ ’ਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਕਿਹਾ ਕਿ ਉਹ ਦੋ ਦਿਨ ਪਹਿਲਾਂ ਹੀ ਬਦਲ ਕੇ ਆਏ ਹਨ। ਉਹ ਇਸ ਮਸਲੇ ਤੋਂ ਪੂਰੀ ਤਰ੍ਹਾਂ ਵਾਕਿਫ਼ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕੁਝ ਕੌਂਸਲਰ ਉਨ੍ਹਾਂ ਨੂੰ ਮਿਲੇ ਸੀ ਅਤੇ ਸਮੁੱਚੇ ਮਾਮਲੇ ਬਾਰੇ ਪੂਰੀ ਪੜਤਾਲ ਕਰਕੇ ਸਰਕਾਰੀ ਨੇਮਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਕਮਿਸ਼ਨਰ ਨੇ ਮੰਤਰੀ ਦੇ ਇਸ਼ਾਰੇ ’ਤੇ ਟੈਂਡਰ ਨਾ ਖੋਲ੍ਹੇ ਜਾਣ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…