nabaz-e-punjab.com

ਨਸ਼ਾ ਤਸਕਰੀ ਮਾਮਲੇ ਵਿੱਚ ਦੋ ਨਾਇਜੀਰੀਅਨਾਂ ਨੂੰ 10 ਸਾਲ ਦੀ ਕੈਦ, 1-1 ਲੱਖ ਰੁਪਏ ਜੁਰਮਾਨਾ

ਐਸਟੀਐਫ਼ ਨੇ ਦੋ ਸਾਲ ਪਹਿਲਾਂ 800 ਗਰਾਮ ਹੈਰੋਇਨ ਸਮੇਤ ਕੀਤੇ ਗਏ ਸੀ ਦੋਵੇਂ ਨਾਇਜੀਰੀਅਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਮੁਹਾਲੀ ਅਦਾਲਤ ਨੇ ਦੋ ਸਾਲ ਪੁਰਾਣੇ ਹੈਰੋਇਨ ਤਸਕਰੀ ਮਾਮਲੇ ਦਾ ਨਿਬੇੜਾ ਕਰਦਿਆਂ ਦੋ ਨਾਇਜੀਰੀਅਨਾਂ ਚੀਬੁਆਏ ਅਤੇ ਮੋਰੇ ਬੰਬਮ ਵਾਸੀ ਨਾਇਜੀਰੀਆ ਹਾਲ ਵਾਸੀ ਵਿਕਾਸ ਪੁਰੀ ਨਵੀਂ ਦਿੱਲੀ ਨੂੰ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਐਸਟੀਐਫ਼ ਦੇ ਜਾਂਚ ਅਧਿਕਾਰੀ ਏਐਸਆਈ ਅਵਤਾਰ ਸਿੰਘ ਸੋਹੀ ਨੇ 23 ਦਸੰਬਰ 2017 ਨੂੰ ਦੋਸ਼ੀ ਨਾਇਜੀਰੀਅਨਾਂ ਨੂੰ ਗੁਪਤ ਸੂਚਨਾ ’ਤੇ ਵਾਈਪੀਐਸ ਚੌਕ ਨੇੜੇ ਨਾਕਾਬੰਦੀ ਕਰਕੇ 800 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਚੱਲ ਰਹੀ ਸੀ। ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਅਤੇ ਐਸਟੀਐਫ਼ ਵੱਲੋਂ ਪੇਸ਼ ਕੀਤੇ ਠੋਸ ਸਬੂਤਾਂ ਨੂੰ ਆਧਾਰ ਬਣਾ ਕੇ ਦੋਸ਼ੀ ਨਾਇਜੀਰੀਅਨ ਨੂੰ ਸਜ਼ਾ ਸੁਣਵਾਈ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 50 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਦਿਆਰਥੀ ਵੀਜ਼ਾ ’ਤੇ ਭਾਰਤ ਆਏ ਸੀ ਲੇਕਿਨ ਇੱਥੇ ਪੜ੍ਹਾਈ ਕਰਨ ਦੀ ਥਾਂ ਨਸ਼ਿਆਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਚੀਬੁਆਏ ਫੁੱਟਬਾਲ ਦਾ ਕੌਮਾਂਤਰੀ ਖਿਡਾਰੀ ਰਹਿ ਚੁੱਕਾ ਹੈ ਅਤੇ ਹੁਣ ਉਸ ਨੇ ਆਪਣਾ ਵੀਜ਼ਾ ਅਤੇ ਪਾਸਪੋਰਟ ਵੀ ਗੁਆ ਦਿੱਤਾ ਹੈ। ਦੋਸ਼ੀ ਮੋਰੇ ਬੰਬਮ ਦਾ ਪਾਸਪੋਰਟ ਅਤੇ ਵੀਜ਼ਾ ਵੀ ਗੁਆਚ ਗਿਆ ਦੱਸਿਆ ਹੈ। ਉਹ ਦੋਵੇਂ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਬਿਨਾਂ ਪਾਸਪੋਰਟ ਤੋਂ ਕਾਫੀ ਸਮੇਂ ਤੋਂ ਨਵੀਂ ਦਿੱਲੀ ਵਿੱਚ ਰਹਿ ਰਹੇ ਸੀ ਅਤੇ ਹੈਰੋਇਨ ਤਸਕਰੀ ਦਾ ਵੱਡਾ ਪੱਧਰ ’ਤੇ ਧੰਦਾ ਚਲਾ ਰਹੇ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…