Nabaz-e-punjab.com

ਬਲੌਂਗੀ ਵਿੱਚ ਆਟੋ ਦੇ ਟਾਇਰ ਚੋਰੀ ਤੇ ਦੋ ਕਾਰਾਂ ਦੇ ਸ਼ੀਸ਼ੇ ਤੋੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸ਼ਹਿਰੀ ਤੇ ਦਿਹਾਤੀ ਖੇਤਰ ਵਿੱਚ ਕਾਫੀ ਸਮੇਂ ਦੀ ਚੁੱਪੀ ਤੋਂ ਬਾਅਦ ਫਿਰ ਤੋਂ ਚੋਰ ਗਰੋਹ ਸਰਗਰਮ ਹੋ ਗਿਆ ਹੈ। ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਦੀ ਆਦਰਸ਼ ਕਲੋਨੀ ਦੇ ਬਲਾਕ-ਬੀ ਵਿੱਚ ਇਕ ਥ੍ਰੀ ਵ੍ਹੀਲਰ ਦੇ ਟਾਇਰ ਚੋਰੀ ਕਰਨ ਅਤੇ ਦੋ ਹੋਰ ਕਾਰਾਂ ਦੇ ਸ਼ੀਸ਼ੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਤੀਜੀ ਕਾਰ ਦੇ ਸ਼ੀਸ਼ੇ ਤੋੜਨ ਦਾ ਵੀ ਯਤਨ ਕੀਤਾ ਗਿਆ।
ਬਲੌਂਗੀ ਦੇ ਪੰਚ ਜਨਾਰਦਨ ਪੰਚ, ਪਵਨ ਕੁਮਾਰ, ਤਰਨਪ੍ਰੀਤ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਆਦਰਸ਼ ਕਲੋਨੀ ਬਲਾਕ-ਬੀ (ਬਲੌਂਗੀ) ਵਿੱਚ ਟੋਭੇ ਦੇ ਨੇੜੇ ਖੜੇ ਥ੍ਰੀ ਵ੍ਹੀਲਰ ਦੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਟਾਇਰ ਚੋਰੀ ਕਰ ਲਏ ਹਨ। ਇਸ ਤੋਂ ਇਲਾਵਾ ਨੇੜੇ ਖੜੀਆਂ ਦੋ ਕਾਰਾਂ ਦੇ ਸ਼ੀਸ਼ੇ ਤੋੜੇ ਗਏ, ਜਦੋਂਕਿ ਇਕ ਹੋਰ ਕਾਰ ਦੇ ਸ਼ੀਸ਼ੇ ਤੋੜ ਕੇ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਵਿੱਚ ਅਕਸਰ ਟੋਭੇ ਨੇੜੇ ਨਸ਼ੇੜੀ ਕਿਸਮ ਦੇ ਵਿਅਕਤੀ ਬੈਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਇੱਥੇ ਪੁਲੀਸ ਦੀ ਗਸ਼ਤ ਵੀ ਨਹੀਂ ਹੋਈ ਹੈ। ਜਿਸ ਕਰਕੇ ਨਸ਼ੇੜੀਆਂ ਅਤੇ ਚੋਰਾਂ ਦੇ ਹੌਂਸਲੇ ਕਾਫ਼ੀ ਵੱਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿੱਚ ਪੁਲੀਸ ਦੀ ਗਸ਼ਤ ਤੇਜ਼ ਕੀਤੀ ਜਾਵੇ ਅਤੇ ਥਾਣੇ ਵਿੱਚ ਪੁਲੀਸ ਨਫ਼ਰੀ ਦੀ ਘਾਟ ਪੂਰੀ ਕੀਤੀ ਜਾਵੇ।
ਉਧਰ, ਇੱਥੋਂ ਦੇ ਫੇਜ਼-4 ਦੀ ਕੋਠੀ ਨੰਬਰ-975 ਸਮੇਤ ਦੋ ਹੋਰ ਘਰਾਂ ਦੇ ਵਿਹੜਿਆਂ ਵਿੱਚ ਦਾਖ਼ਲ ਹੋ ਕੇ ਅਣਪਛਾਤੇ ਚੋਰਾਂ ਵੱਲੋਂ ਉੱਥੇ ਖੜ੍ਹੀਆਂ ਮੋਟਰ ਸਾਈਕਲਾਂ ਚੋਰੀ ਕੀਤੀਆਂ ਜਾ ਚੁੱਕੀਆਂ ਹਨ। ਫੇਜ਼-1 ਵਿੱਚ ਮਕਾਨ ਨੰਬਰ-564 ’ਚੋਂ ਬੁਲਟ ਮੋਟਰ ਸਾਈਕਲ ਅਤੇ ਫੇਜ਼-5 ਦੀ ਕੋਠੀ ਨੰਬਰ-1607 ’ਚੋਂ ਇੱਕ ਅਪਾਚੀ ਮੋਟਰ ਸਾਈਕਲ ਵੀ ਚੋਰੀ ਹੋਇਆ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਗਿਆ ਹੈ ਲੇਕਿਨ ਅਜੇ ਤਾਈਂ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ।
ਉਧਰ, ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਪੁਲੀਸ ਕਰਮਚਾਰੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗਸ਼ਤ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਘਰਾਂ ਦੇ ਵਿਹੜਿਆਂ ਵਿੱਚ ਖੜੇ ਕਰਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…