Share on Facebook Share on Twitter Share on Google+ Share on Pinterest Share on Linkedin ਧਰਨੇ ਦੀ ਘੁਰਕੀ ਤੋਂ ਬਾਅਦ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਹਿਲਾਂ ਰੋਕੇ ਹੋਏ ਟੈਂਡਰ ਖੋਲ੍ਹੇ ਕਾਬਜ਼ ਧਿਰ ਦੇ ਕੌਂਸਲਰਾਂ ਨੇ ਸੋਮਵਾਰ ਸ਼ਾਮ 4 ਵਜੇ ਤੱਕ ਟੈਂਡਰ ਖੋਲ੍ਹਣ ਲਈ ਦਿੱਤਾ ਗਿਆ ਸੀ ਅਲਟੀਮੇਟਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ: ਪੰਜਾਬ ਸਰਕਾਰ ਨੇ ਆਖ਼ਰਕਾਰ ਅਕਾਲੀ-ਭਾਜਪਾ ਕੌਂਸਲਰਾਂ ਦੇ ਅੱਗੇ ਝੁਕਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਪਹਿਲਾਂ ਰੋਕੇ ਹੋਏ ਵਿਕਾਸ ਕੰਮਾਂ ਦੇ ਟੈਂਡਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਮੇਅਰ ਧੜੇ ਦੇ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਟੈਂਡਰ ਖੋਲ੍ਹਣ ਲਈ ਅੱਜ ਸ਼ਾਮ 4 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਟੈਂਡਰ ਨਹੀਂ ਖੋਲ੍ਹੇ ਗਏ ਤਾਂ ਮੰਗਲਵਾਰ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਬੁੱਧਵਾਰ ਨੂੰ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਸੀ। ਕਾਬਜ਼ ਧੜੇ ਦੇ ਕੌਂਸਲਰਾਂ ਦੇ ਸੰਘਰਸ਼ ਦੀ ਘੁਰਕੀ ਦੇ ਚੱਲਦਿਆਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੇ ਰੁਕੇ ਹੋਏ ਵਿਕਾਸ ਟੈਂਡਰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 300 ਮਤੇ ਪਾਸ ਕੀਤੇ ਗਏ ਸੀ। ਲੇਕਿਨ ਹੁਣ ਵਰਕ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ 95 ਟੈਂਡਰ ਲਗਾਏ ਸੀ, ਜਿਨ੍ਹਾਂ ’ਚੋਂ 10 ਟੈਂਡਰ ਰੋਕ ਕੇ 85 ਟੈਂਡਰ ਖੋਲ੍ਹੇ ਗਏ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਕੈਬਨਿਟ ਮੰਤਰੀ ਦੇ ਇਸ਼ਾਰੇ ’ਤੇ ਹੋ ਰਿਹਾ ਹੈ ਤਾਂ ਜੋ ਕਾਬਜ਼ ਧਿਰ ਸ਼ਹਿਰ ਦੇ ਵਿਕਾਸ ਕੰਮਾਂ ਦਾ ਸਿਹਰਾ ਨਾ ਲੈ ਸਕੇ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਬੀਤੀ 11 ਅਕਤੂਬਰ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਟੈਂਡਰ ਜਾਰੀ ਕੀਤੇ ਗਏ ਸਨ। ਜਿਨ੍ਹਾਂ ਨੂੰ 6 ਨਵੰਬਰ ਨੂੰ ਖੋਲ੍ਹਿਆ ਜਾਣਾ ਸੀ ਅਤੇ ਟੈਂਡਰ ਖੋਲ੍ਹੇ ਜਾਣ ਦੌਰਾਨ ਅਧਿਕਾਰੀਆਂ ਨੇ ਇਹ ਕਾਰਵਾਈ ਵਿਚਾਲੇ ਹੀ ਰੋਕ ਦਿੱਤੀ ਗਈ ਸੀ। ਇਸ ਦੌਰਾਨ ਜਿਹੜੇ ਹੋਰ ਨਵੇਂ ਟੈਂਡਰ ਆਏ ਸਨ। ਉਹ ਵੀ ਰੋਕ ਦਿੱਤੇ ਗਏ ਸਨ। ਇਸ ਗੱਲ ਦਾ ਬੁਰਾ ਮਨਾਉਂਦਿਆਂ ਅਕਾਲੀ-ਭਾਜਪਾ ਦੇ ਕੌਂਸਲਰਾਂ ਨੇ ਕਿਹਾ ਕਿ ਇਸ ਕਾਰਨ ਸ਼ਹਿਰ ਵਿੱਚ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਕੌਂਸਲਰਾਂ ਵੱਲੋਂ ਧਰਨਾ ਸ਼ੁਰੂ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਨਗਰ ਨਿਗਮ ਨੇ ਅੱਜ ਰੁਕੇ ਹੋਏ ਟੈਂਡਰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਗਮ ਵੱਲੋਂ ਬੀਤੀ 6 ਨਵੰਬਰ ਨੂੰ ਰੋਕੇ ਗਏ ਵਿਕਾਸ ਕੰਮਾਂ ਦੇ ਟੈਂਡਰ ਅੱਜ ਖੋਲ੍ਹ ਦਿੱਤੇ ਗਏ ਹਨ। ਬਾਕੀ ਦੇ ਟੈਂਡਰਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਲਿਖ ਕੇ ਦਿੱਤਾ ਗਿਆ ਹੈ ਕਿ ਫੰਡਾਂ ਦੀ ਉਪਲਬਧਤਾ ਅਨੁਸਾਰ ਇਹ ਟੈਂਡਰ ਖੋਲ੍ਹੇ ਜਾਣ। ਲਿਹਾਜ਼ਾ ਫੰਡਾਂ ਦੀ ਉਪਲਬਧਤਾ ਅਨੁਸਾਰ ਇਹ ਟੈਂਡਰ ਵੀ ਖੋਲ੍ਹ ਦਿੱਤੇ ਜਾਣਗੇ। (ਬਾਕਸ ਆਈਟਮ) ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨਾਲ ਸਬੰਧਤ ਤਿੰਨ ਵਿਕਾਸ ਕੰਮ ਰੋਕੇ ਗਏ ਹਨ। ਉਨ੍ਹਾਂ ਦੱਸਿਆ ਕਿ ਮਦਨਪੁਰ ਤੋਂ ਫਰਨੀਚਰ ਮਾਰਕੀਟ ਤੱਕ ਪੇਵਰ ਬਲਾਕ ਅਤੇ ਕੰਕਰੀਟ ਪਾਈ ਜਾਣੀ ਸੀ। ਇਸੇ ਤਰ੍ਹਾਂ ਮਕਾਨ ਨੰਬਰ 455 ਤੋਂ 498 ਤੱਕ ਕਰਵ ਚੈਨਲ ਅਤੇ ਕੋਠੀ ਨੰਬਰ 108 ਦੇ ਨੇੜਲੇ ਰਿਹਾਇਸ਼ੀ ਪਾਰਕ ਵਿੱਚ ਲੋਕਾਂ ਦੀ ਸਹੂਲਤ ਲਈ ਸੈਰ ਵਾਸਤੇ ਨਵਾਂ ਟਰੈਕ ਬਣਾਇਆ ਜਾਣਾ ਸੀ, ਪ੍ਰੰਤੂ ਹੁਣ ਤੱਕ ਵਰਕ ਟੈਂਡਰ ਹੀ ਨਹੀਂ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਅਧਿਕਾਰੀ ਦੇ ਕਥਨ ਅਨੁਸਾਰ ਇਹ ਕੰਮ ਮੰਤਰੀ ਹੁਕਮਾਂ ’ਤੇ ਰੋਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ