Nabaz-e-punjab.com

ਪੰਜਾਬ ਨੂੰ ਮੈਡੀਕਲ ਟੂਰਿਸਟ ਹੱਬ ਬਣਾਉਣ ਲਈ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਵਕਾਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ ਵੱਖ ਵੱਖ ਡੈਲੀਗੇਟਾਂ ਨੇ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਪੰਜਾਬ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਤੇ ਸਿੱਖਿਅਤ ਮਨੁੱਖੀ ਸ਼ਕਤੀ ਅਤੇ ਸੂਬੇ ਵਿੱਚ ਨਵੇਂ ਉੱਦਮ ਸਥਾਪਿਤ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ, ਸਹਿਯੋਗ ਦੇ ਨਾਲ-ਨਾਲ ਹੋਟਲ ਸਨਅਤ ਸਿੱਖਰਾਂ ’ਤੇ ਹੈ।
ਉਨ੍ਹਾਂ ਕਿਹਾ ਕਿ ਇਸ ਅਨੁਕੂਲ ਮਾਹੌਲ ਵਿੱਚ ਪੰਜਾਬ ਨੂੰ ਕੌਮਾਂਤਰੀ ਪੱਧਰ ’ਤੇ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੀਆਂ ਪੂਰੀਆਂ ਸੰਭਾਵਾਨਾਵਾਂ ਹਨ। ਇਸ ਕਾਰਜ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ’ਤੇ ਦਬਾਅ ਪਾ ਕੇ ਪੰਜਾਬ ਲਈ ਸੀਆਈਐਸ ਦੇਸ਼ਾਂ ਜਿਵੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ ਅਤੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਅਸਟਰੇਲੀਆ ਦੇ ਐਨਆਰਆਈਜ਼ ਲਈ ਵਧੇਰੇ ਸਿੱਧੀਆਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਬੋਲਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਸੂਬੇ ਵਿੱਚ ਸਿਹਤ ਆਧਾਰਿਤ ਮੌਜੂਦਾ ਬੁਨਿਆਦੀ ਢਾਂਚੇ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਜੋਕੇ ਸਮੇਂ ਪੰਜਾਬ ਵਿੱਚ 6 ਮੈਡੀਕਲ ਕਾਲਜ, 13 ਡੈਂਟਲ ਕਾਲਜ ਤੇ ਕਾਫੀ ਗਿਣਤੀ ਵਿੱਚ ਨਰਸਿੰਗ ਕਾਲਜ ਮੌਜੂਦ ਹਨ। ਇਸ ਤੋਂ ਇਲਾਵਾ ਦੇਸ਼ ਦੇ ਮੈਡੀਕਲ ਖੇਤਰ ਦੀਆਂ ਪ੍ਰਸਿੱਧ ਸਿਹਤ ਸੰਸਥਾਵਾਂ ਜਿਵੇਂ ਫੋਰਟਿਸ, ਮੈਕਸ, ਆਈਵੀ, ਅਪੋਲੋ, ਮੈੱਡਕਾਰਡ, ਸਵਿਫ਼ਟ, ਗਰੇਸ਼ੀਅਨ, ਗਲੋਬਲ, ਕੈਪੀਟੋਲ, ਸੀਐਮਸੀ, ਡੀਐਮਸੀ ਵੱਲੋਂ ਹਸਪਤਾਲ ਸਥਾਪਿਤ ਕੀਤੇ ਗਏ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮੁੰਬਈ ਦੇ ਟਾਟਾ ਮੈਮੋਰੀਅਲ ਕੇਂਦਰ ਦੇ ਸਹਿਯੋਗ ਨਾਲ ਸੰਗਰੂਰ ਵਿੱਚ 100 ਬਿਸਤਰਿਆਂ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਹਸਪਤਾਲ ਨੇ ਮਹਿਜ਼ 2 ਸਾਲਾਂ ਵਿੱਚ 7000 ਮਰੀਜ਼ਾਂ ਦਾ ਇਲਾਜ ਕੀਤਾ ਹੈ ਜਦਕਿ 5 ਸਾਲਾਂ ਵਿੱਚ ਕੱੁਲ 12000 ਮਰੀਜ਼ਾਂ ਨੂੰ ਰਜਿਸਟਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੋਟਲ ਸਨਅਤ ਪੰਜਾਬ ਵਿੱਚ ਇਸ ਸਮੇਂ ਬੁਲੰਦੀਆਂ ’ਤੇ ਹੈ ਜੋ ਕਿ ਸੂਬੇ ਨੂੰ ਅੰਤਰ-ਰਾਸ਼ਟਰੀ ਮੈਡੀਕਲ ਟੂਰਿਜ਼ਮ ਹੱਬ ਵਜੋਂ ਸਥਾਪਿਤ ਕਰਨ ਲਈ ਬਹੁਤ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਜੂਹ ਵਿੱਚ 350 ਏਕੜ ਦੇ ਰਕਬੇ ਵਿੱਚ ਅਤਿ-ਆਧੁਨਿਕ ਮੈਡੀਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਦੇ ਸਿਹਤ ਖੇਤਰ ਦੇ ਮੋਹਰੀ ਗਰੱੁਪਾਂ ਵੱਲੋਂ ਆਪਣੇ ਹਸਪਤਾਲ ਤੇ ਖੋਜ ਕੇਂਦਰ ਖੋਲ੍ਹੇ ਜਾ ਰਹੇ ਹਨ।
ਪਦਮਭੂਸ਼ਣ ਐਵਾਰਡੀ ਡਾ. ਕੇਕੇ ਤਲਵਾਰ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕੇਂਦਰੀ ਏਸ਼ੀਆਈ ਦੇਸ਼ਾਂ, ਅਮਰੀਕਾ, ਬ੍ਰਿਟੇਨ ਵਿੱਚ ਵਸਦੇ ਪਰਵਾਸੀ ਭਾਰਤੀਆਂ ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਰਗੇ ਲਾਗਲੇ ਰਾਜਾਂ ਤੋਂ ਮੈਡੀਕਲ ਟੂਰਿਜ਼ਮ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ, ਇਹ ਹੈਲਥਕੇਅਰ ਡਿਲੀਵਰੀ ਈਕੋਸਿਸਟਮ ਅੱਖਾਂ ਦੀ ਸਰਜਰੀ, ਕਾਰਡੀਓਲੋਜੀ, ਆਈਵੀਐਫ, ਕਮਰ ਅਤੇ ਗੋਡੇ ਬਦਲਣ, ਦੰਦਾਂ ਦੀ ਸਰਜਰੀ, ਲਈ ਉੱਚ ਤਕਨੀਕੀ ਸਹੂਲਤਾਂ ਨਾਲ ਲੈਸ 2173 ਤੋਂ ਵੱਧ ਮਲਟੀ-ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ, ਦੀ ਮੌਜੂਦਗੀ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ, ਫਾਰਮੇਸੀ ਕਾਲਜਾਂ ਅਤੇ ਖੋਜ ਸੰਸਥਾਵਾਂ ਦੇ ਬੁੱਧੀਜੀਵੀਆਂ ਦੀ ਮੌਜੂਦਗੀ ਇਸ ਵਾਤਾਵਰਨ ਵਿੱਚ ਹੋਰ ਵਾਧਾ ਕਰਦੀ ਹੈ।
ਇਸ ਮੌਕੇ ਫੋਰਟਿਸ ਹੈਲਥ ਕੇਅਰ ਦੇ ਐਮਡੀ ਡਾ. ਆਸ਼ੂਤੋਸ਼ ਰਘੂਵੰਸ਼ੀ, ਅਪੋਲੋ ਹਸਪਤਾਲ ਦੇ ਸੰਯੁਕਤ ਮੈਡੀਕਲ ਡਾਇਰੈਕਟਰ ਡਾ. ਅਨੁਪਮ ਸਿੱਬਲ, ਐਸਟਰ ਮੈਡਸਿਟੀ ਕੋਚੀ ਦੇ ਸੀਈਓ ਜੇਲਸਨ ਕਵਾਲਕਟ, ਆਈਵੀ ਹਸਪਤਾਲ ਮੁਹਾਲੀ ਦੀ ਮੈਡੀਕਲ ਡਾਇਰੈਕਟਰ ਡਾ. ਕੰਵਲਦੀਪ ਕੌਰ ਅਤੇ ਸਰਵਿਸ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਡਾਇਰੈਕਟਰ ਸ੍ਰੀਮਤੀ ਸੰਗੀਤਾ ਗੋਡਬੋਲੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…