Nabaz-e-punjab.com

ਐਸਟੀਐਫ਼ ਮੁਹਾਲੀ ਵੱਲੋਂ 1 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇਕ ਵਿਅਕਤੀ ਨੂੰ ਇਕ ਕਿੱਲੋ ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਗੋਦੂ ਸਿੰਘ ਵਾਸੀ ਪਿੰਡ ਨਿਆਲ, ਪਾਤੜਾਂ (ਜ਼ਿਲ੍ਹਾ ਪਟਿਆਲਾ) ਵਜੋਂ ਹੋਈ ਹੇ। ਉਸ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਥਾਣਾ ਫੇਜ਼-4 ਦੇ ਐਸਐਚਓ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਦੂ ਸਿੰਘ ਪੁਰਾਣਾ ਬੱਸ ਸਟੈਂਡ ਪਾਤੜਾਂ ਸਾਈਡ ਤੋਂ ਪਾਤੜਾਂ-ਸੰਗਰੂਰ ਕੈਂਚੀਆਂ ਵੱਲ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ।
ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਸਬ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਾਤੜਾਂ-ਸੰਗਰੂਰ ਕੈਂਚੀਆਂ ਵਿੱਚ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ ਦੌਰਾਨ ਇਸ ਵਿਅਕਤੀ ਕੋਲੋਂ 1 ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਗੋਦੂ ਸਿੰਘ ਨੇ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਪਾਸ ਹੈ ਅਤੇ ਤਿੰਨ ਸਾਲ ਪਹਿਲਾਂ 2016 ਵਿੱਚ ਪੜ੍ਹਾਈ ਛੱਡਣ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਆਪਣੇ ਪਿੰਡ ਨਿਆਲ ਵਿੱਚ ਸਿਲਾਈ ਦਾ ਕੰਮ ਕਰਨ ਲੱਗ ਪਿਆ ਸੀ। ਗਰੀਬ ਹੋਣ ਕਰਕੇ ਉਸ ਦੇ ਸਿਰ ’ਤੇ ਕਾਫ਼ੀ ਕਰਜ਼ਾ ਚੜ੍ਹਿਆ ਹੋਇਆ ਸੀ। ਜਿਸ ਕਰਕੇ ਉਹ ਮਾੜੀ ਸੰਗਤ ਵਿੱਚ ਪੈ ਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ। ਜਿਸ ਤੋਂ ਉਸ ਨੂੰ ਕਾਫ਼ੀ ਆਮਦਨ ਹੋਣ ਲੱਗ ਪਈ। ਜਿਸ ਕਾਰਨ ਉਹ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗ ਪਿਆ।
ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਮੈਡੀਕਲ ਕਰਵਾਇਆ ਗਿਆ। ਏਆਈਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਕੋਲੋਂ ਪਤਾ ਕਰਨਾ ਹੈ ਕਿ ਉਹ ਹੈਰੋਇਨ ਕਿੱਥੋਂ ਖਰੀਦ ਕੇ ਲਿਆਂਦਾ ਸੀ ਅਤੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …