Share on Facebook Share on Twitter Share on Google+ Share on Pinterest Share on Linkedin ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣਾ ਜ਼ਰੂਰੀ: ਜੇਪੀ ਸਿੰਘ ਜ਼ਿਆਦਾਤਰ ਗੁਰਦੁਆਰਾ ਕਮੇਟੀਆਂ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣ ’ਚ ਅਸਫਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ: ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣ ’ਤੇ ਜ਼ੋਰ ਦਿੰਦਿਆਂ ਸੰਸਥਾ ਵੱਲੋਂ ਮੁਫ਼ਤ ਦਸਤਾਰਾਂ ਵੰਡਣ ਅਤੇ ਦਸਤਾਰ ਸਿਖਲਾਈ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਯੋਗ ਅਗਵਾਈ ਦੀ ਸਖ਼ਤ ਲੋੜ ਹੈ। ਜੇਕਰ ਛੋਟੇ ਬੱਚਿਆਂ ਨੂੰ ਗੁਰਮਤਿ ਦਾ ਪਾਠ ਪੜ੍ਹਾਇਆ ਜਾਵੇਗਾ ਤਾਂ ਹੀ ਉਹ ਵੱਡੇ ਹੋ ਕੇ ਦਸਤਾਰਧਾਰੀ ਬਣ ਸਕਣਗੇ। ਅੱਜ ਇੱਥੇ ਉਨ੍ਹਾਂ ਕਿਹਾ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਬਚਪਣ ਵਿੱਚ ਤਾਂ ਮਾਪਿਆਂ ਦੇ ਆਖੇ ਲੱਗ ਕੇ ਸਿੱਖ ਬੱਚੇ ਸਿੱਖੀ ਸਰੂਪ ਵਿੱਚ ਰਹਿੰਦੇ ਹਨ ਅਤੇ ਸੋਹਣੀ ਦਸਤਾਰ ਆਪਣੇ ਸਿਰ ’ਤੇ ਸਜਾਉਂਦੇ ਹਨ ਪਰ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਉਹ ਦਸਤਾਰ ਬੰਨ੍ਹਣੀ ਬੰਦ ਕਰ ਦਿੰਦੇ ਹਨ। ਅਜੋਕੇ ਸਮੇਂ ਵਿੱਚ ਵੱਡੀ ਗਿਣਤੀ ਸਿੱਖ ਬੱਚੇ ਪਤਿਤ ਹੋ ਚੁੱਕੇ ਹਨ। ਜੋ ਗੰਭੀਰ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਬਚਪਣ ਵਿੱਚ ਹੀ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਹੁੰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਭਾਈ ਜੇਪੀ ਸਿੰਘ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਵੱਖ ਵੱਖ ਗੁਰਦੁਆਰਾ ਕਮੇਟੀਆਂ ਵੀ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੀਵੀ ਚੈਨਲਾਂ ’ਤੇ ਅਸ਼ਲੀਲ ਗਾਣਿਆਂ ਅਤੇ ਹੋਰ ਵੀਡੀਓਜ਼ ਵਿੱਚ ਨੌਜਵਾਨਾਂ ਨੂੰ ਹਥਿਆਰਾਂ ਨਾਲ ਲੈਸ, ਤੰਬਾਕੂਨੋਸ਼ੀ ਅਤੇ ਕਲੀਨਸੇਵ ਦਿਖਾਉਣ ਦਾ ਅਸਰ ਅਜੋਕੀ ਨੌਜਵਾਨ ਪੀੜ੍ਹੀ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਗੀਧਰ ਸੇਵਕ ਜਥਾ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਜਿੱਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਕੈਂਪਾਂ ਵਿੱਚ ਗਰੀਬ ਲੋੜਵੰਦ ਬੱਚਿਆਂ ਨੂੰ ਮੁਫ਼ਤ ਦਸਤਾਰਾਂ ਦਿੱਤੀਆਂ ਜਾ ਰਹੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ