Nabaz-e-punjab.com

ਦੇਸ਼ ਵਿੱਚ ਫਿਰਕੂ ਵੰਡੀਆਂ ਪਾ ਰਹੀ ਹੈ ਮੋਦੀ ਸਰਕਾਰ: ਬਲਬੀਰ ਸਿੱਧੂ

ਸਰਕਾਰੀ ਹਾਈ ਸਕੂਲ ਪਿੰਡ ਮੌਲੀ ਬੈਦਵਾਨ ਦੇ ਵਿਕਾਸ ਲਈ 5 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਸ਼ਰ੍ਹੇਆਮ ਫਿਰਕੂ ਲੀਹਾਂ ਉੱਤੇ ਵੰਡ ਰਹੀ ਹੈ। ਜਿਸ ਦੀ ਤਾਜ਼ਾ ਤੇ ਉੱਘੜਵੀਂ ਮਿਸਾਲ ਹੈ ਨਾਗਰਿਕਤਾ ਸੋਧ ਕਾਨੂੰਨ ਤੋਂ ਮਿਲਦੀ ਹੈ। ਇਸ ਕਾਨੂੰਨ ਤਹਿਤ ਦੂਜੇ ਦੇਸ਼ਾਂ ਤੋਂ ਆਏ ਗ਼ੈਰ ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਇਜਾਜ਼ਤ ਹੈ। ਸ੍ਰੀ ਸਿੱਧੂ ਨਜ਼ਦੀਕੀ ਪਿੰਡ ਮੌਲੀ ਬੈਦਵਾਨ ਵਿੱਚ ਸਰਕਾਰੀ ਹਾਈ ਸਕੂਲ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦੇਣ ਉਪਰੰਤ ਮੀਡੀਆ ਨਾਲ ਗੱਲ ਕਰ ਰਹੇ ਸੀ।
ਸ੍ਰੀ ਸਿੱਧੂ ਨੇ ਕਿਹਾ ਕਿ ਜੇ ਨਾਗਰਿਕਤਾ ਦੇਣੀ ਹੈ ਤਾਂ ਇਸ ਨੂੰ ਧਰਮ ਦੇ ਆਧਾਰ ’ਤੇ ਨਾ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਲਕ ਦੇ ਫਿਰਕੂ ਤਾਣੇ-ਬਾਣੇ ਨੂੰ ਤੋੜ-ਮਰੋੜ ਰਹੀ ਹੈ, ਜਿਸ ਦਾ ਪੂਰੇ ਦੇਸ਼ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਰਥਿਕ ਫਰੰਟ ਉੱਤੇ ਦਿਖਾਉਣ ਲਈ ਕੋਈ ਜ਼ਿਕਰਯੋਗ ਪ੍ਰਾਪਤੀ ਨਹੀਂ ਹੈ। ਆਰਥਿਕ ਵਿਕਾਸ ਦਰ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ। ਹੁਣ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਸਰਕਾਰੀ ਹਾਈ ਸਕੂਲ ਪਿੰਡ ਮੌਲੀ ਬੈਦਵਾਨ ਵਿੱਚ ਸਮਾਰਟ ਸਕੂਲ ਸਕੀਮ ਤਹਿਤ ਕਮਰਾ ਬਣਾਉਣ ਲਈ ਪੰਜ ਲੱਖ ਰੁਪਏ ਦਾ ਚੈੱਕ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੀਮਤ ਸਰੋਤਾਂ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਵਿਕਾਸ ਕਾਰਜਾਂ ਵਿੱਚ ਕਿਤੇ ਵੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਦਿਲ ਖੋਲ੍ਹ ਕੇ ਵਿਕਾਸ ਕੰਮਾਂ ਲਈ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੌਲੀ ਬੈਦਵਾਨ ਦੇ ਵਿਕਾਸ ਲਈ ਹੁਣ ਤੱਕ 55 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਪਿੰਡ ਵਾਸੀਆਂ ਦੀ ਮੰਗ ’ਤੇ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਕੇ ਬਾਰ੍ਹਵੀਂ ਦਾ ਦਰਜਾ ਦੇਣ ਦਾ ਭਰੋਸਾ ਦਿੱਤਾ ਅਤੇ ਕਬਰਿਸਤਾਨ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਪਰਵਾਸੀ ਭਾਰਤੀ ਉਮਰਾਓ ਸਿੰਘ ਬੈਦਵਾਨ ਨੇ ਸਕੂਲ ਲਈ ਇਕ ਲੱਖ ਰੁਪਏ ਦਾ ਚੈੱਕ ਦਿੱਤਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਮੁੱਖ ਅਧਿਆਪਕ ਸੰਜੀਵ ਕੁਮਾਰ, ਭਗਤ ਸਿੰਘ ਨਾਮਧਾਰੀ, ਸਰਪੰਚ ਬਾਲਕ੍ਰਿਸ਼ਨ ਗੋਇਲ, ਬੀਡੀਪੀਓ ਹਿਤੇਨ ਕਪਿਲਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਰਾਜਾ, ਗੁਰਬਾਜ਼ ਸਿੰਘ, ਜਸਵੰਤ ਸਿੰਘ, ਇੰਦਰਜੀਤ ਕੌਸ਼ਿਕ, ਭਰਪੂਰ ਸਿੰਘ, ਕੰਵਲਜੀਤ ਸਿੰਘ, ਹਮੀਰ ਸਿੰਘ (ਸਾਰੇ ਪੰਚ), ਬੰਤ ਸਿੰਘ ਸਾਬਕਾ ਸਰਪੰਚ, ਗੁਰਧਿਆਨ ਸਿੰਘ ਦੁਰਾਲੀ ਅਤੇ ਪੰਡਤ ਸ਼ਿਵਰਾਜ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…