nabaz-e-punjab.com

ਬੰਬ ਧਮਾਕਾ: ਚਾਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲੈਣ ਲਈ ਐਨਆਈਏ ਦੀ ਅਰਜ਼ੀ ਰੱਦ

ਮੁਲਜ਼ਮ ਮਲਕੀਤ ਸਿੰਘ ਤੇ ਗੁਰਜੰਟ ਸਿੰਘ ਦੇ ਇਲਾਜ ਸਬੰਧੀ 5 ਜਨਵਰੀ ਨੂੰ ਮੈਡੀਕਲ ਰਿਪੋਰਟ ਅਦਾਲਤ ’ਚ ਪੇਸ਼ ਕਰਨ ਦੇ ਹੁਕਮ

ਮੁਲਜ਼ਮ ਮਲਕੀਤ ਸਿੰਘ ਦੇ ਛੋਟੇ ਭਰਾ ਨੇ ਪੁਲੀਸ ਕਾਰਗੁਜ਼ਾਰੀ ’ਤੇ ਚੁੱਕੇ ਕਈ ਸਵਾਲ, ਕਿੱਲੇ ਤੋਂ ਮੱਝ ਵੀ ਖੋਲ੍ਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਵਿੱਚ ਬੀਤੀ 5 ਸਤੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਸਬੰਧੀ ਅੱਜ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਸੁਣਵਾਈ ਹੋਈ। ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਗੁਰਜੰਟ ਸਿੰਘ, ਮੱਸਾ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਤੋਂ ਦੁਬਾਰਾ ਪੁੱਛਗਿੱਛ ਲਈ ਉਨ੍ਹਾਂ ਦੇ ਪ੍ਰੋਡਕਸ਼ਨ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ।
ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਨੇ ਦੱਸਿਆ ਕਿ ਐਨਆਈਏ ਦੀ ਦਲੀਲਾਂ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਬੰਬ ਧਮਾਕੇ ਦੌਰਾਨ ਮੁਲਜ਼ਮ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਅਤੇ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਮੁਲਜ਼ਮ ਮਲਕੀਤ ਸਿੰਘ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਅਦਾਲਤ ਨੇ ਪਹਿਲਾਂ 30 ਅਕਤੂਬਰ ਅਤੇ ਬੀਤੀ 21 ਨਵੰਬਰ ਨੂੰ ਜੇਲ੍ਹ ਸੁਪਰਡੈਂਟ ਨੂੰ ਆਦੇਸ਼ ਦਿੱਤੇ ਸੀ ਲੇਕਿਨ ਜੇਲ੍ਹ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਹੁਣ ਤੱਕ ਮੁਲਜ਼ਮਾਂ ਦੇ ਇਲਾਜ ਸਬੰਧੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕੀ ਹੈ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ 5 ਜਨਵਰੀ 2020 ਤੱਕ ਮੁਲਜ਼ਮ ਗੁਰਜੰਟ ਦੀਆਂ ਅੱਖਾਂ ਦੀ ਜਾਂਚ ਅਤੇ ਮਲਕੀਤ ਸਿੰਘ ਦੇ ਇਲਾਜ ਸਬੰਧੀ ਮੈਡੀਕਲ ਰਿਪੋਰਟ ਪੇਸ਼ ਕੀਤੀ ਜਾਵੇ।
ਉਧਰ, ਅਦਾਲਤ ਦੇ ਬਾਹਰ ਮੁਲਜ਼ਮ ਮਲਕੀਤ ਸਿੰਘ ਦੇ ਛੋਟੇ ਭਰਾ ਰਵਿੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਬੀਤੀ ਦੱਸਦਿਆਂ ਪੁਲੀਸ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ ਹੈ। ਉਨ੍ਹਾਂ ਆਪਣੇ ਵੱਡੇ ਭਰਾ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਪੰਡੋਰੀ ਬੰਬ ਧਮਾਕੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਪੁਲੀਸ ਨੇ ਜਿਨ੍ਹਾਂ ਵਿਅਕਤੀਆਂ ਨੂੰ ਚੁੱਕਿਆ ਸੀ, ਉਨ੍ਹਾਂ ’ਚੋਂ ਇਕ ਵਿਅਕਤ ਮਲਕੀਤ ਦਾ ਜਾਣਕਾਰ ਸੀ। ਰਵਿੰਦਰਜੀਤ ਨੇ ਦੱਸਿਆ ਕਿ ਉਸ ਦੀ ਮਾਂ ਵੀ ਕਾਫੀ ਬਿਮਾਰ ਰਹਿੰਦੀ ਹੈ ਅਤੇ ਵੱਡਾ ਭਰਾ ਵੀ ਜੁਡੀਸ਼ਲ ਰਿਮਾਂਡ ਦੌਰਾਨ ਜੇਰੇ ਇਲਾਜ ਹੈ। ਉਸ ਨੇ ਘਰ ਦਾ ਗੁਜ਼ਾਰਾ ਚਲਾਉਣ ਲਈ ਬੈਂਕ ਤੋਂ ਕਰਜ਼ਾ ਲੈ ਕੇ ਪ੍ਰਾਈਵੇਟ ਟੈਕਸੀ ਪਾਈ ਸੀ ਅਤੇ ਇਕ ਮੱਝ ਖਰੀਦੀ ਗਈ ਸੀ ਲੇਕਿਨ ਪੁਲੀਸ ਨੇ ਉਸ ਦੀ ਟੈਕਸੀ ਵੀ ਜ਼ਬਤ ਕਰ ਲਈ ਹੈ ਅਤੇ ਘਰ ਵਿਹੜੇ ਵਿੱਚ ਕਿੱਲੇ ਨਾਲ ਬੰਨ੍ਹੀ ਮੱਝ ਵੀ ਪੁਲੀਸ ਖੋਲ੍ਹ ਕੇ ਲੈ ਗਈ ਹੈ। ਰਵਿੰਦਰਜੀਤ ਨੇ ਦੋਸ਼ ਲਾਇਆ ਕਿ ਪੁਲੀਸ ਨੇ ਜਿਹੜੇ ਉਨ੍ਹਾਂ ਦੀ ਕਾਰ ਆਪਣੇ ਕਬਜ਼ੇ ਵਿੱਚ ਲਈ ਹੈ। ਉਸ ਨੂੰ ਇਕ ਪੁਲੀਸ ਮੁਲਾਜ਼ਮ ਚਲਾਉਂਦਾ ਫਿਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਭਰਾ ਨੂੰ ਕੇਸ ’ਚੋਂ ਡਿਸਚਾਰਜ ਕੀਤਾ ਜਾਵੇ। ਉਸ ਦੀ ਪ੍ਰਾਈਵੇਟ ਟੈਕਸੀ ਅਤੇ ਮੱਝ ਵਾਪਸ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…