Nabaz-e-punjab.com

ਸਿੱਖਿਆ ਬੋਰਡ ਵੱਲੋਂ ਪੰਜਾਬ ਵਿੱਚ ਅਧਿਆਪਕ ਯੋਗਤਾ ਟੈੱਸਟ ਮੁਲਤਵੀ

ਸੈਂਕੜੇ ਮੀਲ ਦੂਰ ਪ੍ਰੀਖਿਆ ਕੇਂਦਰ ਬਣਾਏ ਜਾਣ ਕਾਰਨ ਉਮੀਦਵਾਰਾਂ ਦੀਆਂ ਮਿਲ ਰਹੀਆਂ ਸਨ ਸ਼ਿਕਾਇਤਾਂ

ਬੋਰਡ ਮੈਨੇਜਮੈਂਟ ਨੇ ਦੋਸ਼ਾਂ ਤੋਂ ਬਚਨ ਲਈ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਤੇ ਪ੍ਰਸ਼ਾਸਕੀ ਕਾਰਨ ਦੱਸੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ 22 ਦਸੰਬਰ ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈੱਸਟ ਅੱਜ ਅਚਾਨਕ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ ਇਸ ਸਬੰਧੀ ਬੋਰਡ ਮੈਨੇਜਮੈਂਟ ਨੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਕਾਰਨ ਪ੍ਰੀਖਿਆ ਮੁਲਤਵੀ ਕਰਨ ਦੀ ਗੱਲ ਆਖੀ ਜਾ ਰਹੀ ਹੈ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਅਧਿਆਪਕ ਯੋਗਤਾ ਟੈੱਸਟ ਸਬੰਧੀ ਵੱਡੇ ਪੱਧਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਮੀਦਵਾਰਾਂ ਦੇ ਆਪਣੇ ਜੱਦੀ ਜ਼ਿਲ੍ਹੇ ਤੋਂ ਸੈਂਕੜੇ ਮੀਲ ਦੂਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬੋਰਡ ਵੱਲੋਂ ਚਾਰ ਸਾਲ ਬਾਅਦ ਅਧਿਆਪਕ ਯੋਗਤਾ ਟੈੱਸਟ ਲਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਬੋਰਡ ਨੇ 13 ਦਸੰਬਰ 2015 ਨੂੰ ਇਹ ਪ੍ਰੀਖਿਆ ਲਈ ਸੀ ਅਤੇ ਕਰੀਬ ਪੌਣੇ ਦੋ ਲੱਖ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ। ਇਸ ਤੋਂ ਪਹਿਲਾਂ ਇਹ ਪ੍ਰੀਖਿਆ ਐਸਸੀਈਆਰਟੀ ਵੱਲੋਂ ਲਈ ਜਾਂਦੀ ਸੀ। ਬੋਰਡ ਨੇ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ ਪਿਛਲੇ ਸਾਲ 2018 ਵਿੱਚ ਲਈ ਜਾਣੀ ਸੀ ਪ੍ਰੰਤੂ ਬੋਰਡ 2018 ਵਿੱਚ ਇਹ ਪ੍ਰੀਖਿਆ ਨਹੀਂ ਲੈ ਸਕਿਆ। ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬੋਰਡ ਵੱਲੋਂ ਇਸ ਸਾਲ ਹੁਣ 22 ਦਸੰਬਰ ਨੂੰ ਇਹ ਪ੍ਰੀਖਿਆ ਲੈਣ ਦਾ ਸ਼ਡਿਊਲ ਜਾਰੀ ਕੀਤਾ ਸੀ। ਇਹ ਪ੍ਰੀਖਿਆ ਈਟੀਟੀ ਅਤੇ ਬੀਐੱਡ ਕਰ ਚੁੱਕੇ ਜਾਂ ਕਰ ਰਹੇ ਪ੍ਰੀਖਿਆਰਥੀਆਂ ਦੇਣਗੇ ਪਰ ਉਮੀਦਵਾਰਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕਰਨ ਲਈ ਪ੍ਰੀਖਿਆ ਕੇਂਦਰ ਬਹੁਤ ਦੂਰੀ ’ਤੇ ਬਣਾਏ ਗਏ ਹਨ।
ਅੱਜ ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਈ ਉਮੀਦਵਾਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਧਿਆਪਕ ਯੋਗਤਾ ਟੈੱਸਟ ਦੇਣ ਲਈ ਘਰਾਂ ਤੋਂ ਲਗਭਗ 200 ਤੋਂ 250 ਕਿੱਲੋਮੀਟਰ ਦੂਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਵੇਂ ਕਿ ਸੰਗਰੂਰ ਦੇ ਵਿੱਚ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਫਰੀਦਕੋਟ, ਰੂਪਨਗਰ, ਗੁਰਦਾਸਪੁਰ ਦੇ ਪ੍ਰੀਖਿਆ ਕੇਂਦਰ ਦਿੱਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ ਪ੍ਰੀਖਿਆ ਕੇਂਦਰ ਭਰਨ ਵਾਲੇ ਉਮੀਦਵਾਰਾਂ ਨੂੰ ਤਰਨ ਤਾਰਨ ਜਾ ਕੇ ਪ੍ਰੀਖਿਆ ਦੇਣ ਲਈ ਕਿਹਾ ਗਿਆ ਹੈ। ਜਿਸ ਕਾਰਨ ਪ੍ਰੀਖਿਆਰਥੀ ਬੋਰਡ ਮੈਨੇਜਮੈਂਟ ਦੇ ਇਨ੍ਹਾਂ ਪ੍ਰਬੰਧਾਂ ਤੋਂ ਡਾਢੇ ਅੌਖੇ ਹਨ ਅਤੇ ਮਹਿਲਾ ਉਮੀਦਵਾਰਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੀੜਤ ਉਮੀਦਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰੀਖਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਘਰਾਂ ਦੇ ਨੇੜੇ ਪ੍ਰੀਖਿਆ ਕੇਂਦਰ ਬਣਾਏ ਜਾਣ। ਜੇਕਰ ਘਰੇਲੂ ਜ਼ਿਲ੍ਹੇ ’ਚ ਵਿੱਚ ਪ੍ਰੀਖਿਆ ਨਹੀਂ ਲਈ ਜਾ ਸਕਦੀ ਹੈ ਤਾਂ ਨੇੜਲੇ ਗੁਆਂਢੀ ਜ਼ਿਲ੍ਹੇ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾ ਸਕਦੇ ਹਨ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਥੇਬੰਦੀ ਦੇ ਸੂਬਾਈ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ, ਰਾਜ ਕੁਮਾਰ ਮਾਨਸਾ, ਸੋਨੂੰ ਬਨਾਰਸੀ, ਜਰਨੈਲ ਸੰਗਰੂਰ ਨੇ ਬੋਰਡ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਖੱਜਲ-ਖੁਆਰ ਕਰਨ ਲਈ ਦੂਰ ਦੁਰਾਡੇ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਨੇੜੇ ਪ੍ਰੀਖਿਆ ਕੇਂਦਰ ਬਣਾਏ ਜਾਣ।
(ਬਾਕਸ ਆਈਟਮ)
ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ 22 ਦਸੰਬਰ ਨੂੰ ਲਿਆ ਜਾਣ ਵਾਲਾ ਪੰਜਾਬ ਭਰ ਵਿੱਚ ਅਧਿਆਪਕ ਯੋਗਤਾ ਟੈੱਸਟ ਫਿਲਹਾਲ 5 ਜਨਵਰੀ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਬੋਰਡ ਨੇ ਇਹ ਫੈਸਲਾ ਮੰਗਲਵਾਰ ਸ਼ਾਮ ਨੂੰ ਲਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਇਸ ਸਬੰਧੀ ਪ੍ਰੀਖਿਆਰਥੀਆਂ ਨੂੰ ਅਲਾਟ ਕੀਤੇ ਜਾਣ ਵਾਲੇ ਪ੍ਰੀਖਿਆ ਕੇਂਦਰਾਂ ਬਾਰੇ ਸੂਚਨਾ ਬਾਅਦ ਵਿੱਚ ਵੱਖਰੇ ਤੌਰ ’ਤੇ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…