Share on Facebook Share on Twitter Share on Google+ Share on Pinterest Share on Linkedin ਅਕਾਲੀ-ਭਾਜਪਾ ਕੌਂਸਲਰਾਂ ਨੇ ਸਿੱਧੂ ਖ਼ਿਲਾਫ਼ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ, ਸੀਬੀਆਈ ਤੋਂ ਜਾਂਚ ਮੰਗੀ ਖੇਤੀਬਾੜੀ ਜ਼ਮੀਨ ਨੂੰ ਉਦਯੋਗਿਕ ਤੇ ਵਪਾਰਕ ਜ਼ੋਨ ’ਚ ਤਬਦੀਲ ਕਰਨ ਦਾ ਮਾਮਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ: ਅਕਾਲੀ-ਭਾਜਪਾ ਕੌਂਸਲਰਾਂ ਅਤੇ ਹੋਰਨਾਂ ਆਗੂਆਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਸ਼ਿਕਾਇਤ ਭੇਜ ਮੰਗ ਕੀਤੀ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਕੈਬਨਿਟ ’ਚੋਂ ਬਾਹਰ ਕੀਤਾ ਜਾਵੇ। ਇਸਤਰੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਭਾਜਪਾ ਆਗੂ ਅਰੁਣ ਸ਼ਰਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਨੇ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਨਜ਼ਦੀਕੀ ਪਿੰਡ ਮਾਣਕਪੁਰ ਕੱਲਰ ਦੀ 68 ਏਕੜ ਖੇਤੀਬਾੜੀ ਯੋਗ ਜ਼ਮੀਨ ਨੂੰ ਉਦਯੋਗਿਕ ਤੇ ਕਮਰਸ਼ੀਅਲ ਜ਼ੋਨ ਵਿੱਚ ਤਬਦੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਮੰਤਰੀ ਨੂੰ ਅਹੁਦੇ ਤੋਂ ਫਾਰਗ ਕਰਕੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਜਾਵੇ। ਅਕਾਲੀ-ਭਾਜਪਾ ਆਗੂਆਂ ਨੇ ਕਿਹਾ ਕਿ ਜਿਹੜੀ ਪ੍ਰਾਈਵੇਟ ਕੰਪਨੀ ਵੱਲੋਂ ਜ਼ਮੀਨ ਖਰੀਦੀ ਗਈ ਹੈ। ਜਿਸ ਵਿੱਚ ਕੈਬਨਿਟ ਮੰਤਰੀ ਦਾ ਛੋਟਾ ਭਰਾ ਜੀਤੀ ਸਿੱਧੂ ਹਿੱਸੇਦਾਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਟਾਊਨ ਪਲਾਨਿੰਗ ਬੋਰਡ ਵਿੱਚ ਆਪਣਾ ਰਸੂਖ ਵਰਤਦਿਆਂ ਆਪਣੇ ਭਰਾ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਖੇਤੀਬਾੜੀ ਯੋਗ ਜ਼ਮੀਨ ਨੂੰ ਉਦਯੋਗਿਕ ਤੇ ਵਪਾਰਕ ਜ਼ੋਨ ਵਿੱਚ ਤਬਦੀਲ ਕਰਵਾ ਲਿਆ ਹੈ। ਅਜਿਹਾ ਕਰਕੇ ਉਨ੍ਹਾਂ ਨੇ ਸਰਕਾਰੀ ਖਜਾਨੇ ਅਤੇ ਕਿਸਾਨਾਂ ਨੂੰ ਚੂਨਾ ਲਗਾਇਆ ਹੈ। ਉਨ੍ਹਾਂ ਜੇਕਰ ਜ਼ਮੀਨ ਦੀ ਵਰਤੋਂ ਬਾਰੇ ਤਬਦੀਲੀ ਕਰਵਾਉਣੀ ਸੀ ਤਾਂ ਸਰਕਾਰ ਨੂੰ ਕਿਸਾਨਾਂ ਕੋਲੋਂ ਜ਼ਮੀਨ ਐਕਵਾਇਰ ਕੀਤਾ ਜਾਣਾ ਚਾਹੀਦਾ ਸੀ ਪਰ ਸ੍ਰੀ ਸਿੱਧੂ ਨੇ ਇਹ ਕੰਮ ਸਰਕਾਰ ਦੇ ਜ਼ਿੰਮੇ ਛੱਡਣ ਦੀ ਬਜਾਏ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨਾਂ ਅਤੇ ਸਹਿਕਾਰੀ ਪ੍ਰਸ਼ਾਸਨ ਨੂੰ ਹਨੇਰੇ ਵਿੱਚ ਰੱਖਿਆ ਹੈ। ਟਾਊਨ ਪਲਾਨਿੰਗ ਬੋਰਡ ਨੇ 22 ਜਨਵਰੀ 2018 ਨੂੰ ਆਪਣੀ 34ਵੀਂ ਮੀਟਿੰਗ ਵਿੱਚ ਇਸ ਲਈ ਸਹਿਮਤੀ ਦਿੱਤੀ ਸੀ ਕਿ ਪਿੰਡ ਕੁਰੜਾ ਅਤੇ ਸੇਖਣਮਾਜਰਾ ਦੇ ਨਾਲ ਪਿੰਡ ਮਾਣਕਪੁਰ ਕੱਲਰ ਦੀ ਖੇਤੀਬਾੜੀ ਵਾਲੀ ਜਮੀਨ ਨੂੰ ਰਿਹਾਇਸ਼ੀ ਜੋਨ ਵਿੱਚ ਤਬਦੀਲ ਕੀਤਾ ਜਾਵੇ। ਇਸ ਸਬੰਧੀ 12 ਅਪ੍ਰੈਲ 2018 ਨੂੰ ਇਕ ਜਨਤਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਪਿੰਡ ਤੰਗੋਰੀ ਵਿਖੇ ਖੇਤੀਬਾੜੀ ਵਾਲੀ ਜਮੀਨ ਨੂੰ ਰਿਹਾਇਸ਼ੀ ਜੋਨ ਵਿੱਚ ਤਬਦੀਲ ਕਰਨ ਲਈ ਬਨੂੜ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਗਈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਮੰਤਰੀ ਸਿੱਧੂ ਵੱਲੋਂ ਇਸ ਸਬੰਧੀ ਹੇਰਾਫੇਰੀ ਕੀਤੀ ਗਈ ਹੈ ਅਤੇ ਇੱਥੇ ਹੀ ਬਸ ਨਹੀਂ ਬਲਕਿ ਸ੍ਰੀ ਸਿੱਧੂ ਦੀ ਸਰਪ੍ਰਸਤੀ ਹੇਠ ਸੂਬੇ ਵਿੱਚ ਰੇਤ ਮਾਫ਼ੀਆ, ਭੂ-ਮਾਫ਼ੀਆ ਅਤੇ ਸ਼ਰਾਬ ਮਾਫ਼ੀਆ ਚਲਾਇਆ ਜਾ ਰਿਹਾ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਿੱਧੂ ਵੱਲੋਂ ਸਰਕਾਰੀ ਖਜਾਨੇ ਨੂੰ ਮੋਟਾ ਚੂਨਾ ਲਾਉਣ ਵਾਲੀਆਂ ਗੈਰਕਾਨੂੰਨੀ ਕਾਰਵਾਈਆਂ ਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੈਬਨਿਟ ਮੰਤਰੀ ਸਿੱਧੂ ਵੱਲੋਂ ਖੇਤੀਬਾੜੀ ਵਾਲੀ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਰਿਹਾਇਸ਼ੀ, ਉਦਯੋਗਿਕ ਅਤੇ ਕਮਰਸ਼ੀਅਲ ਕੈਟਾਗਰੀ ਵਿੱਚ ਤਬਦੀਲ ਕਰਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਅਪਰਾਧਿਕ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਇਸ ਮੌਕੇ ਯੂਥ ਅਕਾਲੀ ਦਲ ਦੇ ਬੁਲਾਰੇ ਸਤਿੰਦਰ ਸਿੰਘ ਗਿੱਲ, ਗੁਰਮੁੱਖ ਸਿੰਘ ਸੋਹਲ, ਕਮਲਜੀਤ ਸਿੰਘ ਰੂਬੀ, ਰਮਨਪ੍ਰੀਤ ਕੌਰ ਕੁੰਭੜਾ, ਅਰੁਣ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਸਰਬਜੀਤ ਸਿੰਘ, ਹਰਪਾਲ ਸਿੰਘ ਚੰਨਾ, ਸੈਹਬੀ ਆਨੰਦ ਅਤੇ ਗੁਰਮੀਤ ਕੌਰ, ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਬਾਕਰਪੁਰ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਦਿਨੇਸ਼ ਕੁਮਾਰ, ਮਨਦੀਪ ਸਿੰਘ ਮਾਨ, ਅਵਤਾਰ ਸਿੰਘ ਗੋਸਲ, ਸੁਖਜਿੰਦਰ ਸਿੰਘ ਛਿੰਦੀ, ਨਿਰਮਲ ਸਿੰਘ ਮਾਣਕਪੁਰ ਅਤੇ ਪਰਮਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ। (ਬਾਕਸ ਆਈਟਮ) ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਜ਼ਮੀਨਾਂ ਹੜੱਪਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਪ੍ਰਾਈਵੇਟ ਕੰਪਨੀ ਵੱਲੋਂ ਸਰਕਾਰੀ ਨੇਮਾਂ ਤਹਿਤ ਉੱਥੇ ਜ਼ਮੀਨ ਖਰੀਦੀ ਗਈ ਹੈ, ਜਿਸ ਨੂੰ ਸਰਕਾਰ ਨੇ ਸਨਅਤੀ ਏਰੀਆ ਘੋਸ਼ਿਤ ਕੀਤਾ ਗਿਆ। ਹੁਣ ਸਰਕਾਰ ਨੇ ਇਹ ਪ੍ਰਾਜੈਕਟ ਪਾਸ ਵੀ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੇ ਹੁਣ ਤੱਕ ਕੋਈ ਗੈਰਕਾਨੂੰਨੀ ਕੰਮ ਨਹੀਂ ਕੀਤਾ ਜਦੋਂਕਿ ਅਕਾਲੀਆਂ ਨੇ ਕਦੇ ਕੋਈ ਸਹੀ ਕੰਮ ਨਹੀਂ ਕੀਤਾ ਹੈ। ਅਕਾਲੀ ਕਲੋਨਾਈਜਰਾਂ ਨੇ ਤਾਂ ਸਰਕਾਰੀ ਜ਼ਮੀਨਾਂ ਵੀ ਨਹੀਂ ਛੱਡੀਆਂ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਸ਼ਾਇਦ ਇਹ ਗੱਲ ਭੁੱਲ ਗਏ ਹਨ ਕਿ ਪਿਛਲੀ ਸਰਕਾਰ ਵੇਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਲਾਂਪੁਰ ਗਰੀਸਦਾਸ ਨੇੜੇ ਆਲੀਸ਼ਾਨ ਹੋਟਲ ਬਣਾਇਆ ਅਤੇ ਹੋਟਲ ਤੱਕ ਲਾਈਟਾਂ ਅਤੇ ਸੜਕ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ। ਜਦੋਂਕਿ ਹੋਟਲ ਦੇ ਨਾਲ ਲਗਦੇ ਪਿੰਡ ਪੱਲਣਪੁਰ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇਹੀ ਨਹੀਂ ਬਾਦਲਾਂ ਨੇ ਸਿਆਸੀ ਤੇ ਨਿੱਜੀ ਫਾਇਦੇ ਲਈ ਗਮਾਡਾ ਦੇ ਕਰੋੜਾਂ ਰੁਪਏ ਦੀ ਦੁਰਵਰਤੋਂ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ