Nabaz-e-punjab.com

ਮੁਹਾਲੀ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਸੀਬ ਹੋਣ ਦੀ ਉਮੀਦ ਜਾਗੀ

ਨਗਰ ਨਿਗਮ ਵੱਲੋਂ 14 ਕਰੋੜ ਦੀ ਲਾਗਤ ਨਾਲ ਵੱਖ ਵੱਖ ਥਾਵਾਂ ਤੇ ਬਣਾਏ ਜਾਣਗੇ ਬੂਸਟਿੰਗ ਸਟੇਸ਼ਨ ਤੇ ਟਰੀਟਮੈਂਟ ਪਲਾਂਟ

ਸਿਹਤ ਮੰਤਰੀ ਦੀਆਂ ਦੇਸੀ ਮਸ਼ੀਨਾਂ ਨੂੰ ਜੁਗਾੜੂ ਦੱਸਿਆ, ਵਿਦੇਸ਼ੀ ਮਸ਼ੀਨ ਦੀ ਪ੍ਰਵਾਨਗੀ ਦੇਣ ਲਈ ਸਰਕਾਰ ਨੂੰ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਬਾਸ਼ਿੰਦਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਰੂਰਤ ਅਨੁਸਾਰ ਪੀਣ ਵਾਲਾ ਸ਼ੁੱਧ ਪਾਣੀ ਨਸੀਬ ਹੋਣ ਦੀ ਉਮੀਦ ਜਾਗੀ ਹੈ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਵਾਟਰ ਸਪਲਾਈ ਦੀ ਕਾਇਆ ਕਲਪ ਕਰਨ ਲਈ 14 ਕਰੋੜ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਸਬੰਧੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬੂਸਟਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਅਤੇ ਟਰੀਟਮੈਂਟ ਪਲਾਂਟ ਲਗਾਏ ਜਾਣਗੇ ਅਤੇ ਪਹਿਲਾਂ ਤੋਂ ਚਲ ਰਹੇ ਪਲਾਂਟ ਦੀ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਇਸ ਸਬੰਧੀ 50 ਫੀਸਦੀ ਕੇਂਦਰ ਸਰਕਾਰ ਅਤੇ 30 ਫੀਸਦੀ ਪੰਜਾਬ ਸਰਕਾਰ ਵੱਲੋਂ ਖਰਚਾ ਕੀਤਾ ਜਾਵੇਗਾ ਜਦੋਂਕਿ ਨਗਰ ਨਿਗਮ 20 ਫੀਸਦੀ ਹਿੱਸੇ ਦਾ ਯੋਗਦਾਨ ਦੇਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ 14 ਕਰੋੜ ਦੀ ਲਾਗਤ ਨਾਲ 40 ਸਾਲ ਪੁਰਾਣਾ ਸੀਵਰੇਜ ਵੀ ਬਦਲਿਆ ਜਾ ਰਿਹਾ ਹੈ। ਚਾਰ ਦਹਾਕੇ ਪਹਿਲਾਂ ਦੇਸੀ ਜੁਗਾੜ ਨਾਲ ਸੀਵਰੇਜ ਪਾਇਆ ਗਿਆ ਸੀ, ਜਿਸ ਦੀ ਮਿਆਦ ਪੁੱਗ ਜਾਣ ਕਾਰਨ ਆਏ ਦਿਨ ਸੀਵਰੇਜ ਜਾਮ ਦੀ ਸਮੱਸਿਆ ਰਹਿੰਦੀ ਹੈ।
ਮੇਅਰ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਸ਼ਹਿਰ ਵਾਸੀਆਂ ਨੂੰ ਘੱਟੋ ਘੱਟ ਅਗਲੇ 50 ਸਾਲਾਂ ਤੱਕ ਸੀਵਰੇਜ ਅਤੇ ਪਾਣੀ ਦੀ ਕੋਈ ਕਿੱਲਤ ਨਹੀਂ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਸਪਲਾਈ ਕਰਨ ਲਈ ਟਰੀਟਮੈਂਟ ਪਲਾਂਟਾਂ ਨੂੰ ਵੀ ਅਪਗਰੇਡ ਕੀਤਾ ਜਾਵੇਗਾ ਅਤੇ ਟਿਊਬਵੈੱਲਾਂ ਦੀ ਪੁਰਾਣੀ ਮਸ਼ੀਨਰੀ ਬਦਲੀ ਜਾਵੇਗੀ। ਇਸ ਤੋਂ ਇਲਾਵਾ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ’ਚੋਂ ਵੀ ਹਿੱਸਾ ਮੰਗਿਆ ਜਾਵੇਗਾ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਅਤੇ ਮੇਅਰ ਨੇ ਸਰਬੰਸਦਾਨੀ ਦੇ ਸਮੁੱਚੇ ਪਰਿਵਾਰ ਦੀ ਅਦੁੱਤੀ ਤੇ ਲਾਸਾਨੀ ਬਲੀਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਵੇਂ ਕਮਿਸ਼ਨਰ ਕਮਲ ਗਰਗ ਨੇ ਕੌਂਸਲਰਾਂ ਨਾਲ ਜਾਣ ਪਛਾਣ ਕੀਤੀ।
ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਟੈਕਸੀ ਸਟੈਂਡ ਰੈਗੂਲਰ ਕਰਨ ਦੇ ਮਤੇ ’ਤੇ ਬਹਿਸ ਕਰਦਿਆਂ ਕਿਹਾ ਕਿ ਟੈਕਸੀ ਸਟੈਂਡਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਘੱਟੋ-ਘੱਟ 20 ਗੱਡੀਆਂ ਹੋਣ ਦੀ ਸ਼ਰਤ ਜੋੜੀ ਜਾਵੇ। ਇਸ ਸਬੰਧੀ ਕਮਿਸ਼ਨਰ ਨੂੰ ਵਿਸਥਾਰ ਰਿਪੋਰਟ ਅਤੇ ਸ਼ਰਤਾਂ ਤੈਅ ਕਰਨ ਦੇ ਅਧਿਕਾਰੀ ਦਿੱਤੇ ਗਏ। ਰਜਿੰਦਰ ਰਾਣਾ ਨੇ ਇਕ ਫੇਜ਼ ਵਿੱਚ ਸਿਰਫ਼ ਇਕ ਟੈਕਸੀ ਸਟੈਂਡ ਬਣਨਾ ਚਾਹੀਦਾ ਹੈ। ਅਕਾਲੀ ਕੌਂਸਲਰ ਅਮਰੀਕ ਸਿੰਘ ਦੀ ਮੰਗ ’ਤੇ ਫੇਜ਼-11 ਵਿੱਚ ਬੱਸ ਕਿਊ ਸ਼ੈਲਟਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ।
ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਹਰਪਾਲ ਸਿੰਘ ਚੰਨਾ ਨੇ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਦਿਆਂ ਕਿ ਨਿਗਮ 5 ਸਾਲਾਂ ਵਿੱਚ ਇਸ ਸਮੱਸਿਆ ’ਤੇ ਕਾਬੂ ਪਾਉਣ ਵਿੱਚ ਸਫਲ ਨਹੀਂ ਹੋਈ। ਕਾਂਗਰਸੀ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨਹੀਂ ਪਾਲਤੂ ਪਸ਼ੂਆਂ ਦੀ ਸਮੱਸਿਆ ਜ਼ਿਆਦਾ ਹੈ ਪਸ਼ੂ ਪਾਲਕ ਘਾਹ ਚਰਨ ਲਈ ਪਸ਼ੂਆਂ ਨੂੰ ਪਾਰਕਾਂ, ਸੜਕਾਂ ਕਿਨਾਰੇ ਗਰੀਨ ਬੈਲਟਾਂ ਅਤੇ ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹਾ ਛੱਡ ਦਿੰਦੇ ਹਨ। ਜੇ ਕੋਈ ਫੜਦਾ ਤਾਂ ਉਹ ਉਸ ਦੇ ਗਲ ਪੈ ਜਾਂਦੇ ਹਨ। ਇਸ ਦੇ ਜਵਾਬ ਵਿੱਚ ਮੇਅਰ ਨੇ ਕਿਹਾ ਕਿ ਨਿਗਮ ਕੋਲ ਪੱਕੇ ਪੁਲੀਸ ਮੁਲਾਜ਼ਮ ਨਾ ਹੋਣ ਕਾਰਨ ਇਹ ਦਿੱਕਤ ਆ ਰਹੀ ਹੈ। ਕਮਿਸ਼ਨਰ ਕਮਲ ਗਰਗ ਨੇ ਪੱਖ ਰੱਖਦਿਆਂ ਕਿਹਾ ਕਿ ਗਊਸ਼ਾਲਾ ਵਿੱਚ 500 ਪਸ਼ੂ ਰੱਖਣ ਦੀ ਸਮਰੱਥਾ ਹੈ ਪਰ ਮੌਜੂਦਾ ਸਮੇਂ ਵਿੱਚ ਉੱਥੇ 900 ਪਸ਼ੂ ਰੱਖੇ ਹੋਏ ਹਨ। ਬਾਅਦ ਵਿੱਚ ਸਰਬਸੰਮਤੀ ਨਾਲ ਲਾਲੜੂ ਗਊਸ਼ਾਲਾ ਦੀ ਜ਼ਮੀਨ ਵਿੱਚ ਆਪਣਾ ਸ਼ੈੱਡ ਬਣਾਉਣ ਲਈ 1 ਕਰੋੜ ਰੁਪਏ ਖਰਚਣ ਦਾ ਮਤਾ ਪਾਸ ਕੀਤਾ ਗਿਆ। ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਆਵਾਰਾ ਕੁੱਤਿਆਂ ਦਾ ਮੁੱਦਾ ਚੁੱਕਦਿਆਂ ਕੁੱਤਿਆਂ ਦੀ ਨਸਬੰਦੀ ਸਕੀਮ ’ਤੇ ਸਵਾਲ ਖੜੇ ਕੀਤੇ। ਆਰਪੀ ਸ਼ਰਮਾ ਨੇ ਪੁਰਾਣੇ ਕੰਮਾਂ ਦੇ ਟੈਂਡਰ ਨਾ ਲਗਾਉਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਕਮਿਸ਼ਨਰ ਨੇ ਕਿਹਾ ਕਿ ਬਜਟ ਰੀ-ਐਲੋਕੇਟ ਕੀਤਾ ਜਾ ਰਿਹਾ ਹੈ, ਜਿਸ ਨੂੰ ਅਗਲੀ ਮੀਟਿੰਗ ਵਿੱਚ ਲਿਆਂਦਾ ਜਾਵੇਗਾ। ਉਦਯੋਗਿਕ ਖੇਤਰ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਸਰਕਾਰ ਵੱਲੋਂ ਬਣਾਈ ਐਸਪੀਵੀ ਦੇ ਹਵਾਲੇ ਕਰਨ ਦਾ ਮਤਾ ਸਰਬਸੰਮਤੀ ਨਾਲ ਰੱਦ ਕੀਤਾ ਗਿਆ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਤੇ ਸੁਰਿੰਦਰ ਸਿੰਘ ਰੋਡਾ ਨੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਕੋਲੋਂ ਸਾਢੇ 5 ਗੁਣਾ ਵੱਧ ਪਾਣੀ ਦੇ ਬਿੱਲ ਵਸੂਲਣ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਇਨ੍ਹਾਂ ਸੈਕਟਰਾਂ ਦੇ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਈ ਜਾਵੇ। ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਫੇਜ਼-3ਬੀ1 ਵਿੱਚ ਕਮਿਊਨਿਟੀ ਸੈਂਟਰ ਦੀ ਮੁੜ ਉਸਾਰੀ ਕਰਨ ਦੀ ਮੰਗ ’ਤੇ ਮੇਅਰ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਨਾਜਾਇਜ਼ ਰੇੜੀ ਫੜੀਆਂ ਦਾ ਵੀ ਮੁੱਦਾ ਉੱਠਿਆ।
(ਬਾਕਸ ਆਈਟਮ)
ਸ਼ਹਿਰ ਵਿੱਚ ਦਰਖਤਾਂ ਦੀ ਛੰਗਾਈ ਸਹੀ ਤਰੀਕੇ ਨਾਲ ਨਾ ਹੋਣ ਬਾਰੇ ਬਹੁਗਿਣਤੀ ਮੈਂਬਰਾਂ ਦੇ ਇਤਰਾਜ਼ਾਂ ਨੂੰ ਜਾਇਜ਼ ਮੰਨਦਿਆਂ ਹਾਊਸ ਵਿੱਚ ਨਵੇਂ ਸਿਰਿਓਂ ਸਰਕਾਰ ਨੂੰ ਵਿਵਾਦਿਤ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਖਰੀਦਣ ਦੀ ਪ੍ਰਵਾਨਗੀ ਦੇਣ ਲਈ ਪੱਤਰ ਲਿਖਣ ਦਾ ਮਤਾ ਪਾਸ ਕੀਤਾ ਗਿਆ। ਮੇਅਰ ਨੇ ਕਿਹਾ ਕਿ ਕੰਪਨੀ ਨੂੰ ਪਹਿਲਾਂ ਹੀ 90 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਪਰ ਸਿਆਸੀ ਰੰਜ਼ਸ਼ ਕਾਰਨ ਸਰਕਾਰ ਨੇ ਮਸ਼ੀਨ ਦੀ ਖਰੀਦ ’ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਅਖ਼ਤਿਆਰੀ ਕੋਟੇ ਤੋਂ ਦੋ ਦੇਸੀ ਮਸ਼ੀਨਾਂ ਖਰੀਦ ਕੇ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹਾਊਸ ਵਿੱਚ ਜੁਗਾੜੂ ਮਸ਼ੀਨਾਂ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤਤਕਾਲੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ੀ ਟਰੀ ਪਰੂਨਿੰਗ ਦੀ ਖਰੀਦ ’ਤੇ ਰੋਕ ਲਗਾ ਦਿੱਤੀ ਸੀ।
(ਬਾਕਸ ਆਈਟਮ)
ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਅਤੇ ਹਰਪਾਲ ਸਿੰਘ ਚੰਨਾ ਨੇ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਲਾਲ ਡੋਰੇ ਦੇ ਅੰਦਰ ਆਬਾਦੀ ਤੋਂ ਨਕਸ਼ਾ ਫੀਸ ਵਸੂਲੀ ਦਾ ਵਿਰੋਧ ਕਰਦਿਆਂ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪਿੰਡਾਂ ਦੇ ਲੋਕਾਂ ’ਤੇ ਬੇਲੋੜਾ ਬੋਝ ਹੈ। ਜਿਸ ਕਾਰਨ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਕਸ਼ਾ ਫੀਸ ਉਥੇ ਵਸੂਲੀ ਜਾਵੇਗੀ, ਜਿੱਥੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ। ਇਸ ਸਬੰਧੀ ਕੌਂਸਲਰਾਂ ’ਤੇ ਹੀ ਗੱਲ ਸੁੱਟ ਦਿੱਤੀ ਗਈ ਕਿ ਉਹ ਆਪਣੇ ਪੱਧਰ ’ਤੇ ਹੀ ਘੱਟ ਤੋਂ ਘੱਟ ਫੀਸ ਨਿਰਧਾਰਿਤ ਕਰਕੇ ਰਿਪੋਰਟ ਦੇਣ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…