Nabaz-e-punjab.com

ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਗਊਸ਼ਾਲਾ ਪ੍ਰਬੰਧਕਾਂ ਨਾਲ ਖ਼ਿਲਾਫ਼ ਡੀਸੀ ਤੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ

ਅਕਾਲੀ ਆਗੂ ਨੇ ਗਊਸ਼ਾਲਾ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਮੰਗੀ, ਉੱਚ ਪੱਧਰੀ ਜਾਂਚ ਕਰਵਾਉਣ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਲਾਲੜੂ ਨੇੜੇ ਪਿੰਡ ਮਗਰਾ ਵਿੱਚ 22 ਏਕੜ ਥਾਂ ਵਿੱਚ ਬਣੀ ਗਊਸ਼ਾਲਾ ਵਿੱਚ ਪਿਛਲੇ ਕੁਝ ਹੀ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਗਊਆਂ ਦੀ ਮੌਤ ਦਾ ਮਾਮਲਾ ਕਾਫੀ ਗਰਮਾ ਗਿਆ ਹੈ। ਇਸ ਮਾਮਲੇ ਵਿੱਚ ਅੱਜ ਹਲਕਾ ਡੇਰਾਬੱਸੀ ਦੇ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਵੱਖੋ ਵੱਖ ਸ਼ਿਕਾਇਤਾਂ ਦੇ ਕੇ ਗਊਸ਼ਾਲਾ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵਿਧਾਇਕ ਸ਼ਰਮਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਸਿਆਸੀ ਆਗੂਆਂ ਦੀ ਆਪਸੀ ਲੜਾਈ ਵਿੱਚ ਉਹਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ।
ਅੱਜ ਇੱਥੇ ਡਿਪਟੀ ਕਮਿਸ਼ਨਰ ਨੂੰ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਦੋਸ਼ ਲਗਾਇਆ ਕਿ ਪਿੰਡ ਮਗਰਾਂ ਦੀ ਗਊਸ਼ਾਲਾ ਵਿੱਚ ਭੁੱਖ, ਠੰਡ ਅਤੇ ਗਲਿਆ ਸੜਿਆ ਚਾਰਾ ਖੁਆਉਣ ਕਾਰਨ ਪਿਛਲੇ ਇਕ ਮਹੀਨੇ ਵਿੱਚ 100 ਗਊਆਂ ਦੀ ਮੌਤ ਹੋ ਚੁੱਕੀ ਹੈ। ਉਹਨਾ ਕਿਹਾ ਕਿ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਰਕਾਰੀ ਖਜਾਨੇ ਵਿਚੋੱ ਕਰੀਬ ਦੋ ਕਰੋੜ ਦੀ ਰਕਮ ਨਾਲ ਮਗਰਾਂ ਪਿੰਡ ਵਿੱਚ 30 ਏਕੜ ਵਿਚ ਸੈਡ ਬਣਾ ਕੇ ਗਊਆਂ ਦੀ ਸਾਂਭ ਸੰਭਾਲ ਲਈ ਗਊਸ਼ਾਲਾ ਬਣਾਈ ਸੀ ਅਤੇ ਇਸ ਗਊਸ਼ਾਲਾ ਵਿੱਚ 400 ਤੋਂ ਵੱਧ ਗਊਆਂ ਸਨ। ਉਹਨਾਂ ਕਿਹਾ ਕਿ ਪਹਿਲਾਂ ਇਸ ਗਊਸ਼ਾਲਾ ਦਾ ਪ੍ਰਬੰਧ ਵਧੀਆ ਢੰਗ ਨਾਲ ਚਲ ਰਿਹਾ ਸੀ ਅਤੇ ਆਮ ਜਨਤਾ ਵਲੋੱ ਇਸ ਗਊਸ਼ਾਲਾ ਲਈ ਮਦਦ ਦਿੱਤੀ ਜਾ ਰਹੀ ਸੀ।
ਉਹਨਾਂ ਕਿਹਾ ਕਿ ਇਸ ਵੇਲੇ ਇਸ ਗਊਸ਼ਾਲਾ ਦਾ ਰੱਖ ਰਖਾਓ ਦਾ ਪ੍ਰਬੰਧ ਧਿਆਨ ਫਾਊਡੇਸ਼ਨ ਲੁਧਿਆਣਾ ਦੇ ਕੋਲ ਹੈ ਅਤੇ ਜਿਸ ਦਿਨ ਤੋਂ ਇਸ ਸੰਸਥਾ ਨੇ ਗਊਸ਼ਾਲਾ ਦਾ ਪ੍ਰਬੰਧ ਸੰਭਾਲਿਆ ਹੈ, ਉਸ ਦਿਨ ਤੋਂ ਗਊਸ਼ਾਲਾ ਦੇ ਪ੍ਰਬੰਧਨ ਵਿੱਚ ਲਗਾਤਾਰ ਗਿਰਾਵਟ ਤਰਜ ਕੀਤੀ ਗਈ ਹੈ। ਉਹਨਾਂ ਇਲਜਾਮ ਲਗਾਇਆ ਕਿ ਜਾਨਵਰਾਂ ਨੂੰ ਲੋੜੀਂਦੀ ਖੁਰਾਕ ਤੱਕ ਨਹੀਂ ਮਿਲਦੀ ਅਤੇ ਇਸਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਗਊਸ਼ਾਲਾ ਵਿਚ ਮੌਜੂਦ 400 ਗਊਆਂ ਲਈ ਹਰ ਦਿਨ 160 ਕੁਇੰਟਲ ਚਾਰੇ ਦੀ ਲੋੜ ਪੈਂਦੀ ਹੈ ਜਦੋਂਕਿ ਰੌਜਾਨਾ ਸਿਰਫ਼ 20 ਕੁਇੰਟਲ ਚਾਰਾ ਆ ਰਿਹਾ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਨੇ ਇਸ ਗਊਸ਼ਾਲਾ ਦਾ ਦੌਰਾ ਕੀਤਾ ਤਾਂ ਉੱਥੇ ਮੌਜੂਦ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਨੇ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਲਿਆਂਦੀ ਕਿ ਏਨੀਆਂ ਗਊਆਂ ਲਈ 20 ਕੁਇੰਟਲ ਚਾਰਾ ਬਹੁਤ ਘੱਟ ਹੈ ਅਤੇ ਗਲਿਆ ਸੜਿਆ ਚਾਰਾ ਖਾਣ, ਠੰਡ ਕਾਰਨ ਅਨੇਕਾਂ ਗਊਆਂ ਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਉਕਤ ਡਾਕਟਰ ਨੇ ਆਪਣੀ ਇੰਸਪੈਕਸ਼ਨ ਰਜਿਸਟਰ ਵਿੱਚ ਇਸ ਮਾਮਲੇ ਬਾਰੇ ਆਪਣੇ ਕੁਮੈਂਟਵੀ ਦਰਜ ਕੀਤੇ ਹਨ। ਉਹਨਾਂ ਇਲਜਾਮ ਲਗਾਇਆ ਕਿ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਮਾੜੀ ਕਾਰਗੁਜਾਰੀ ਕਾਰਨ ਇਨ੍ਹਾਂ ਗਊਆਂ ਦੀ ਮੌਤ ਹੋਈ ਹੈ ਇਸ ਲਈ ਇਸ ਫਾਊਂਡੇਸ਼ਨ ਦੇ ਪ੍ਰਬੰਧਕਾਂ ਖ਼ਿਲਾਫ਼ ਐਫ਼ਆਈਆਰ ਦਰਜ ਕਰਕੇ ਉਚ ਪੱਧਰੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਅਕਾਲੀ ਆਗੂ ਜਥੇਦਾਰ ਸਾਧੂ ਸਿੰਘ ਖਲੌਰ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ, ਡੇਰਾਬੱਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਰੰਗੀ, ਲਾਲੜੂ ਦੇ ਪ੍ਰਧਾਨ ਬੱਲੂ ਰਾਮ, ਅਸ਼ਵਨੀ ਸ਼ਰਮਾ ਅਤੇ ਹੋਰ ਗਊ ਭਗਤ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…