Nabaz-e-punjab.com

ਕਮਿਊਨਿਟੀ ਸੈਂਟਰ ਦੀ ਹਾਲਤ ਖਸਤਾ, ਟਾਈਲਾਂ ਟੁੱਟ ਕੇ ਥੱਲੇ ਡਿੱਗਣੀਆਂ ਸ਼ੁਰੂ

ਕਮਿਊਨਿਟੀ ਸੈਂਟਰਾਂ ਦੇ ਰੱਖ ਰਖਾਓ ਲਈ ਸਾਲ ਪਹਿਲਾਂ ਪਾਸ ਕੀਤੇ ਮਤੇ ਨੂੰ ਸਰਕਾਰ ਨੇ ਨਹੀਂ ਦਿੱਤੀ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਇੱਥੋਂ ਦੇ ਰਿਹਾਇਸ਼ੀ ਖੇਤਰ ਫੇਜ਼-5 ਸਥਿਤ ਕਮਿਊਨਿਟੀ ਸੈਂਟਰ ਅਤੇ ਬਲਕ ਮਾਰਕੀਟ ਦੀ ਬਹੁਤ ਮਾੜੀ ਹਾਲਤ ਹੈ। ਮੁਹਾਲੀ ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦਿਆਂ ਕਮਿਊਨਿਟੀ ਸੈਂਟਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਮਾਰਤਾਂ ਦੀਆਂ ਟਾਈਲਾਂ ਉੱਖੜ ਕੇ ਥੱਲੇ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਇੱਥੇ ਗੰਦਗੀ ਦੀ ਬਹੁਤ ਭਰਮਾਰ ਹੈ। ਕਮਿਊਨਿਟੀ ਸੈਂਟਰ ਦੇ ਮੁੱਖ ਗੇਟ ’ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਲਮਕ ਰਹੀਆਂ ਹਨ, ਵੱਡੀ ਮਾਤਰਾ ਵਿੱਚ ਘਾਹ ਉੱਗਿਆ ਹੋਇਆ ਹੈ। ਸਟੇਜ ’ਤੇ ਜਾਣ ਲਈ ਬਣੀ ਪੌੜੀਆਂ ਵੀ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਬਜ਼ੁਰਗਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਪ੍ਰੋਗਰੈਸਿਵ ਵੈੱਲਫੇਅਰ ਸੁਸਾਇਟੀ ਫੇਜ਼-5 ਦੇ ਪ੍ਰਧਾਨ ਗੁਰਮੀਤ ਸਿੰਘ, ਡੀਪੀ ਵਧਵਾ, ਮਦਨ ਲਾਲ, ਅਮਰੀਕ ਸਿੰਘ, ਜੋਗਿੰਦਰ ਸਿੰਘ, ਰਮੇਸ਼ ਵਰਮਾ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਵੱਲੋਂ ਲੋਕਾਂ ਤੋਂ ਇਸ ਕਮਿਊਨਿਟੀ ਸੈਂਟਰ ਵਿੱਚ ਸਮਾਗਮ ਕਰਵਾਉਣ ਲਈ ਪ੍ਰਵਾਨਗੀ ਦੇਣ ਸਬੰਧੀ ਫੀਸ ਵਸੂਲੀ ਜਾਂਦੀ ਹੈ, ਪ੍ਰੰਤੂ ਇਸ ਦੇ ਬਾਵਜੂਦ ਕਮਿਊਨਿਟੀ ਸੈਂਟਰ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੰਧ ਤੋਂ ਟਾਈਲਾਂ ਟੁੱਟ ਕੇ ਥੱਲੇ ਡਿੱਗ ਰਹੀਆਂ ਹਨ। ਇਸ ਬੇਧਿਆਨੀ ਦੇ ਚੱਲਦਿਆਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਮਿਊਨਿਟੀ ਸੈਂਟਰ ਦੀ ਹਾਲਤ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕ ਇੱਥੇ ਵਿਆਹ ਜਾਂ ਹੋਰ ਸਮਾਗਮ ਆਯੋਜਿਤ ਕਰ ਸਕਣ।
(ਬਾਕਸ ਆਈਟਮ)
ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਨਗਰ ਨਿਗਮ ਵੱਲੋਂ ਸਾਲ ਪਹਿਲਾਂ ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰਾਂ ਦੇ ਰੱਖ ਰਖਾਓ ’ਤੇ ਕਰੋੜਾਂ ਰੁਪਏ ਖ਼ਰਚਣ ਦਾ ਮਤਾ ਪਾਸ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਤੱਕ ਸਰਕਾਰ ਨੇ ਹਰੀ ਝੰਡੀ ਨਹੀਂ ਦਿੱਤੀ। ਇੰਝ ਹੀ ਬਲਕ ਮਾਰਕੀਟ ਦੀਆਂ ਕੰਧਾਂ ਤੋਂ ਟਾਈਲਾਂ ਟੁੱਟ ਕੇ ਥੱਲੇ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਡੀਓ ਅਤੇ ਜੇਈ ਨੂੰ ਕਈ ਵਾਰ ਮੌਕਾ ਦਿਖਾਇਆ ਜਾ ਚੁੱਕਾ ਹੈ ਪ੍ਰੰਤੂ ਹੁਣ ਤੱਕ ਕਾਰਵਾਈ ਨਹੀਂ ਹੋਈ।
ਉਧਰ, ਕਮਿਊਨਿਟੀ ਸੈਂਟਰ ਦੇ ਸੁਪਰਵਾਈਜ਼ਰ ਸਤਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਮਿਊਨਿਟੀ ਸੈਂਟਰ ਦੀ ਖਸਤਾ ਹਾਲਤ ਬਾਰੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…