ਬਾਇਓ ਮੈਡੀਕਲ ਕੂੜੇ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ

ਨਗਰ ਕੌਂਸਲ ਖਰੜ ਦੀ ਤਰਜ਼ ’ਤੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਜ਼ੋਰ

ਨਵਾਂ ਸ਼ਹਿਰ ਦੀ ਤਰਜ਼ ’ਤੇ ਛੋਟੇ ਸ਼ਹਿਰਾਂ ਵਿੱਚ ਕੂੜਾ ਡੰਪ ਬਣਾਉਣ ਦਾ ਸੁਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਾਇਓ ਮੈਡੀਕਲ ਕੂੜੇ ਬਾਰੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੱਡੇ ’ਤੇ ਮਿਸਾਲੀ ਜੁਰਮਾਨੇ ਕੀਤੇ ਜਾਣ, ਨਹੀਂ ਤਾਂ ਉਨ੍ਹਾਂ ਨੂੰ ਆਪਣੇ ਹਸਪਤਾਲ ਬੰਦ ਕਰਨ ਦੇ ਨੋਟਿਸ ਭੇਜੇ ਜਾਣ। ਇਹ ਚਿਤਾਵਨੀ ਸਾਲਿਡ ਵੇਸਟ ਮੈਨੇਜਮੈਂਟ ਬਾਰੇ ਮੌਨੀਟਰਿੰਗ ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਬਾਰੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਡੀਸੀ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ, ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ, ਐਸਪੀ (ਡੀ) ਹਰਮਨ ਹਾਂਸ ਅਤੇ ਹੋਰ ਹਾਜ਼ਰ ਸਨ।
ਧਰਤੀ ਨੂੰ ਕੂੜਾ ਡੰਪ ਨਾ ਬਣਨ ਦੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਹਾਈ ਕੋਰਟ ਦੇ ਸਾਬਕਾ ਜੱਜ ਜਸਬੀਰ ਸਿੰਘ ਨੇ ਕਿਹਾ ਕਿ ਮਾਪਦੰਡ ਸਪੱਸ਼ਟ ਹਨ ਕਿ ਹਸਪਤਾਲਾਂ ਵਿੱਚ ਆਪਣਾ ਈ.ਟੀ.ਪੀ. (ਐਫਲੂਐਂਟ ਟਰੀਟਮੈਂਟ ਪਲਾਂਟ) ਹੋਣਾ ਚਾਹੀਦਾ ਹੈ। ਜੇ ਹਸਪਤਾਲਾਂ ਦੇ ਮਾਲਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਕੇ ਬਾਇਓ ਮੈਡੀਕਲ ਕੂੜੇ ਨੂੰ ਇੱਧਰ ਉੱਧਰ ਸੁੱਟਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਸਬੰਧਤ ਹਸਪਤਾਲ ਨੂੰ ਬੰਦ ਕਰਨ ਦਾ ਨੋਟਿਸ ਵੀ ਸ਼ਾਮਲ ਹੈ। ਕੂੜੇ ਦੇ ਨਿਬੇੜੇ ਬਾਰੇ ਨਿਵੇਕਲੇ ਤਰੀਕਿਆਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਸੁਝਾਅ ਦਿੱਤਾ ਕਿ ਨਗਰ ਕੌਂਸਲ ਖਰੜ ਦੀ ਤਰਜ਼ ’ਤੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ ਤਾਂ ਕਿ ਕੂੜੇ ਤੋਂ ਆਮਦਨ ਹੋ ਸਕੇ। ਉਨ੍ਹਾਂ ਛੋਟੇ ਛੋਟੇ ਟੋਇਆਂ ਵਿੱਚ ਕੂੜਾ ਡੰਪ ਕਰਨ ਦੇ ਨਵਾਂ ਸ਼ਹਿਰ ਮਾਡਲ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਉਹ ਫੇਜ਼-8 ਦੇ ਕੂੜਾ ਡੰਪ ਦੁਆਲੇ ਤੈਅ ਮਾਪਦੰਡਾਂ ਮੁਤਾਬਕ ਚਾਰਦੀਵਾਰੀ ਕਰਨ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਜਸਟਿਸ ਜਸਬੀਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਸ ਜਾਗਰੂਕਤਾ ਮੁਹਿੰਮ ਲਈ ਫ਼ੰਡ ਜੁਟਾਉਣ ਵਾਸਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪੌਲੀਥੀਨ ਨੂੰ ਖ਼ਤਰਨਾਕ ਸਮੱਸਿਆ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਇਹ ਬਿਮਾਰੀ ਸਿਰਫ਼ ਚਲਾਨਾਂ ਨਾਲ ਹੱਲ ਨਹੀਂ ਹੋਵੇਗੀ, ਸਗੋਂ ਇਸ ਨਾਲ ਕਰੜੇ ਹੱਥੀਂ ਸਿੱਝਣਾ ਪਵੇਗਾ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਪੌਲੀਥੀਨ ਉਤਪਾਦਾਂ ਦੇ ਸਪਲਾਇਰਾਂ ਤੇ ਸਰੋਤਾਂ ਨੂੰ ਲੱਭੋ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਪੋਲਟਰੀ ਫਾਰਮਾਂ ਦੀ ਵੀ ਜਾਂਚ ਕਰਨ ਤਾਂ ਕਿ ਜ਼ਿਲ੍ਹੇ ਵਿੱਚ ਮੱਖੀਆਂ ਤੇ ਬਦਬੂ ਵਰਗੀ ਸਮੱਸਿਆ ਨਾ ਆਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ, ਗਮਾਡਾ ਤੇ ਹੋਰ ਸਬੰਧਤ ਵਿਭਾਗਾਂ ਨਾਲ ਮਿਲ ਕੇ ਕੂੜੇ ਦੇ ਨਿਬੇੜੇ ਲਈ ਵਿਆਪਕ ਰਣਨੀਤੀ ਉਲੀਕੇ, ਜਿਸ ਵਿੱਚ ਘਰਾਂ ’ਚੋਂ ਸ਼ਾਮੀਂ ਕੂੜਾ ਇਕੱਠਾ ਕਰਨ ਦਾ ਸੁਝਾਅ ਵੀ ਸ਼ਾਮਲ ਸੀ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…