Nabaz-e-punjab.com

ਦੁਸਹਿਰਾ ਗਰਾਊਂਡ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਉੱਘੇ ਗਾਇਕ ਮਾਣਕ ਅਲੀ ਨੇ ਮਾਹੌਲ ਨੂੰ ਸੂਫ਼ੀ ਰੰਗ ਵਿੱਚ ਰੰਗਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਇੱਥੋਂ ਦੇ ਦੁਸਹਿਰਾ ਗਰਾਊਂਡ ਫੇਜ਼-8 ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸ.ਸਿੱਧੂ ਨੇ ਕਿਹਾ ਕਿ ਤਿਉਹਾਰ ਜਿੱਥੇ ਸਮਾਜਿਕ ਕੁਰੀਤੀਆਂ ਨੂੰ ਜੜ੍ਹੋ ਖ਼ਤਮ ਕਰਨ ਦਾ ਹੋਕਾ ਦਿੰਦੇ ਹਨ, ਉਥੇ ਸਾਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਇੱਥੇ ਇਕ ਪਰਿਵਾਰ ਵਾਂਗ ਇਕੱਠੇ ਹੋ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਪੂਰੇ ਹਲਕੇ ਤੇ ਸ਼ਹਿਰ ਭਰ ਤੋਂ ਲੋਕਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਲੋਕਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਨਵੇਂ ਸਾਲ ਅਤੇ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਅੌਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦੇਣ ਦਾ ਸੁਨੇਹਾ ਸਾਨੂੰ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਇਕ ਥਾਂ ਲੋਹੜੀ ਦਾ ਤਿਉਹਾਰ ਮਨਾ ਕੇ ਪੂਰੇ ਹਲਕੇ ਦੇ ਲੋਕਾਂ ਨੇ ਇਕ ਪਰਿਵਾਰ ਵਾਂਗ ਰਹਿਣ ਦਾ ਅਹਿਦ ਲਿਆ ਅਤੇ ਇਹੀ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਹੈ, ਜੋ ਸਮਾਜ ਵਿੱਚ ਬੀਜੇ ਜਾ ਰਹੇ ਵਿਰੋਧ ਦੇ ਬੀਜਾਂ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ ਅਤੇ ਇਕ ਮਨੁੱਖ ਦੇ ਮਨ ਵਿੱਚ ਦੂਜੇ ਮਨੁੱਖ ਲਈ ਸੰਵੇਦਨਾ ਭਰਦੇ ਹਨ। ਉਨ੍ਹਾਂ ਮੁਹਾਲੀ ਸ਼ਹਿਰ ਦੀ ਤਰੱਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਗੁੜਗਾਉਂ, ਦਿੱਲੀ ਤੋਂ ਬਾਅਦ ਮੁਹਾਲੀ ਵੱਲ ਨਿਵੇਸ਼ਕਾਂ ਦਾ ਝੁਕਾਅ ਹੈ ਕਿਉਂਕਿ ਇੱਥੇ ਨਿਵੇਸ਼ ਲਈ ਵਧੀਆ ਮਾਹੌਲ ਦੇ ਨਾਲ ਨਾਲ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਹੈ। ਇੱਥੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ। ਆਈਸਰ, ਆਈ.ਐਸ.ਬੀ. ਵਰਗੀਆਂ ਸੰਸਥਾਵਾਂ ਇੱਥੇ ਬਣੀਆਂ ਹਨ ਅਤੇ ਹੁਣ ਮੈਡੀਕਲ ਕਾਲਜ ਬਣ ਰਿਹਾ ਹੈ, ਉਹ ਇਸ ਸ਼ਹਿਰ ਨੂੰ ਦੁਨੀਆ ਦੇ ਨਕਸ਼ੇ ਉਤੇ ਹੋਰ ਚਮਕਾਏਗਾ। ਪ੍ਰੋਗਰਾਮ ਦੌਰਾਨ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਮੁਹਾਲੀ ਵੱਲੋਂ ਸੂਚਨਾ ਟੈਕਨਾਲੋਜੀ (ਆਈਟੀ) ਖੇਤਰ ਵਿੱਚ ਕੀਤੀ ਤਰੱਕੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਹਵਾਈ ਅੱਡੇ ਉਤੇ ਹੋਰ ਕੌਮਾਂਤਰੀ ਉਡਾਣਾਂ ਅਤੇ ਰਾਤ ਸਮੇਂ ਉਡਾਣਾਂ ਸ਼ੁਰੂ ਹੋਣ ਦੀ ਸਹੂਲਤ ਮਿਲਣ ਨਾਲ ਇਹ ਸ਼ਹਿਰ ਹੋਰ ਤਰੱਕੀ ਕਰੇਗਾ। ਪ੍ਰੋਗਰਾਮ ਦੌਰਾਨ ਉੱਘੇ ਗਾਇਕ ਮਾਣਕ ਅਲੀ ਨੇ ਮਾਹੌਲ ਨੂੰ ਸੂਫ਼ੀਆਨਾ ਰੰਗ ਵਿੱਚ ਰੰਗਿਆ ਅਤੇ ਹਾਜ਼ਰੀਨ ਦੀਆਂ ਧੁਰ ਅੰਦਰਲੀਆਂ ਸੰਗੀਤਕ ਰਮਜ਼ਾਂ ਛੇੜੀਆਂ। ਸਮਾਗਮ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਜਥੇਬੰਦੀਆਂ ਤੇ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪੰਜਾਬ ਲਾਰਜ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਸ੍ਰੀਮਤੀ ਦਲਜੀਤ ਕੌਰ ਸਿੱਧੂ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਅਮਰੀਕ ਸਿੰਘ ਸੋਮਲ, ਜਸਬੀਰ ਸਿੰਘ ਮਣਕੂ, ਸੁਰਿੰਦਰ ਸਿੰਘ ਰਾਜਪੂਤ, ਨਰਾਇਣ ਸਿੰਘ ਸਿੱਧੂ, ਕੁਲਜੀਤ ਸਿੰਘ ਬੇਦੀ, ਤਰਨਜੀਤ ਕੌਰ ਗਿੱਲ, ਭਾਰਤ ਭੂਸ਼ਣ ਮੈਣੀ, ਨਛੱਤਰ ਸਿੰਘ, ਸੁਮਨ ਗਰਗ (ਸਾਰੇ ਕੌਂਸਲਰ), ਇੰਡਸਟਰੀ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਯੋਗੇਸ਼ ਸਾਗਰ, ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ, ਜਨਰਲ ਸਕੱਤਰ ਰਾਜੀਵ ਗੁਪਤਾ, ਵਿੱਤ ਸਕੱਤਰ ਇੰਦਰਜੀਤ ਸਿੰਘ ਛਾਬੜਾ, ਨਵਨੀਤ ਤੋਖੀ, ਵਕੀਲ ਨਰਪਿੰਦਰ ਸਿੰਘ ਰੰਗੀ, ਅਮਰਜੀਤ ਸਿੰਘ ਜੀਤੀ ਸਿੱਧੂ, ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ, ਗੁਰਸਾਹਿਬ ਸਿੰਘ ਅਤੇ ਮਾਸਟਰ ਰਾਮ ਸਰੂਪ ਜੋਸ਼ੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…