Nabaz-e-punjab.com

ਪਾਣੀ ਦੀ ਨਿਕਾਸੀ: ਕੈਬਨਿਟ ਮੰਤਰੀ ਚੰਨੀ ਨੇ ਮੁਹਾਲੀ ਤੇ ਫਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਿਸਾਨਾਂ ਵਿੱਚ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਖਰੜ, 5 ਜਨਵਰੀ:
ਇੱਥੋਂ ਦੇ ਨੇੜਲੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਰੀਬ ਕਿਸਾਨਾਂ ਦੀਆਂ ਕਈ ਫਸਲਾਂ ਨੁਕਸਾਨੀਆਂ ਗਈਆਂ ਹਨ ਅਤੇ ਸੀਵਰੇਜ ਦਾ ਪਾਣੀ ਖੜਾ ਹੋਣ ਕਾਰਨ ਪੇਂਡੂ ਖੇਤਰ ਵਿੱਚ ਬਦਬੂ ਫੈਲ ਰਹੀ ਹੈ। ਜਿਸ ਕਾਰਨ ਪਿੰਡਾਂ ਦੇ ਲੋਕਾਂ ਨੇ ਬਿਮਾਰੀ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੀੜਤ ਕਿਸਾਨਾਂ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਐਸਡੀਐਮ ਖਰੜ ਅਤੇ ਬੀਡੀਪੀਓ ਸਮੇਤ ਹੋਰ ਸਬੰਧਤ ਅਧਿਕਾਰੀਆਂ ’ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਦਿਆਂ ਨਹਿਰ ਵਿੱਚ ਪਾਣੀ ਸੁੱਟਿਆ ਗਿਆ ਸੀ। ਜਿਸ ਦਾ ਪਿੰਡਾਂ ਦੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ। ਉਧਰ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਲਕੇ ਸੋਮਵਾਰ ਨੂੰ ਆਪਸੀ ਰਿਹਾਇਸ਼ੀ ’ਤੇ ਬਾਅਦ ਦੁਪਹਿਰ ਸਾਢੇ 3 ਵਜੇ ਜ਼ਿਲ੍ਹਾ ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ।
ਪਿੰਡ ਮਜਾਤੜੀ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਕੁਲਵੰਤ ਸਿੰਘ ਗੋਸਲ, ਨੰਬਰਦਾਰ ਗੁਰਿੰਦਰ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਸਤਵੀਰ ਸਿੰਘ, ਜਵਾਲਾ ਸਿੰਘ, ਜਤਿੰਦਰ ਸਿੰਘ, ਭਾਗ ਸਿੰਘ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਜਾਤੜੀ ਅਤੇ ਪੋਪਨਿਆਂ ਦੀ ਕਰੀਬ 20-22 ਏਕੜ ਵਿੱਚ ਲੱਗੀ ਕਣਕ, ਗੰਨਾ, ਹਰਾ ਚਾਰਾ ਤਹਿਸ-ਨਹਿਸ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਖਰੜ ਨਗਰ ਕੌਂਸਲ ਨੇ ਖਰੜ ਸ਼ਹਿਰ ਅਤੇ ਨਿਆਂ ਸ਼ਹਿਰ-ਬਡਾਲਾ ਦੇ ਸੀਵਰੇਜ ਦਾ ਗੰਦਾ ਪਾਣੀ ਖੁੱਲ੍ਹਾ ਛੱਡ ਦਿੱਤਾ ਹੈ। ਗੰਦੇ ਪਾਣੀ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, ਉੱਥੇ ਪਿੰਡਾਂ ਵਿੱਚ ਬਦਬੂ ਫੈਲ ਗਈ ਹੈ। ਉਨ੍ਹਾਂ ਸ਼ਿਕਾਇਤ ਪੱਤਰ ਰਾਹੀਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਨਿਆਮੀਆਂ ਦੇ ਵਸਨੀਕਾਂ ਨੇ ਆਪਣੀ ਹੱਦ ਵਿੱਚ ਪਾਣੀ ਦਾਖ਼ਲ ਹੋਣ ਤੋਂ ਰੋਕਣ ਲਈ ਨਿਕਾਸੀ ਪੁਲੀ ’ਤੇ ਨੱਕਾ ਲਗਾ ਕੇ ਬੰਦ ਕਰ ਦਿੱਤੀ ਹੈ। ਜਿਸ ਕਾਰਨ ਗੰਦਾ ਪਾਣੀ ਪਿੰਡ ਮਜਾਤੜੀ ਦੇ ਖੇਤਾਂ ਵਿੱਚ ਇਕੱਠਾ ਹੋ ਗਿਆ ਹੈ। ਇਸ ਨਾਲ ਨੇੜਲੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਵੀ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨ ਬੰਦੀ ਕੀਤੀ ਪੁਲੀ ਦਾ ਨੱਕਾ ਖੋਲ੍ਹਣ ਦਾ ਯਤਨ ਕਰਦੇ ਹਨ ਤਾਂ ਉੱਥੇ ਲੜਾਈ ਝਗੜਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਗੰਦਾ ਪਾਣੀ ਐਸਵਾਈਐਲ ਨਹਿਰ ਵਿੱਚ ਸੁੱਟਿਆ ਜਾਵੇ।
ਉਧਰ, ਐਸਡੀਐਮ ਖਰੜ ਹਿਮਾਸ਼ੂ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਹਿਲਾਂ ਰੰਗੀਆਂ ਪਿੰਡ ਵਿੱਚ ਪਾਣੀ ਇਕੱਠਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਧਿਕਾਰੀ ਬੰਦ ਕੀਤੀ ਪੁਲੀ ਖੋਲ੍ਹਣ ਗਏ ਸੀ ਲੇਕਿਨ ਨਿਆਮੀਆਂ ਪਿੰਡ ਦੇ ਲੋਕਾਂ ਦੇ ਵਿਰੋਧ ਕਾਰਨ ਉੱਥੇ ਅਮਨ ਕਾਨੂੰਨ ਭੰਗ ਹੋਣ ਦਾ ਖ਼ਦਸ਼ਾ ਸੀ। ਜਿਸ ਕਾਰਨ ਟੀਮ ਨੂੰ ਬਿਨਾਂ ਕਾਰਵਾਈ ਤੋਂ ਵਾਪਸ ਆਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਯਤਨਸ਼ੀਲ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…