Nabaz-e-punjab.com

ਕਰੋਨਾ ਵਾਇਰਸ ਕਾਰਨ ਘਬਰਾਉਣ ਦੀ ਲੋੜ ਨਹੀਂ: ਡੀਸੀ ਗਿਰੀਸ਼ ਦਿਆਲਨ

ਸਿਵਲ ਹਸਪਤਾਲ ’ਚ ਸਪੈਸ਼ਲ ਵਾਰਡ ਬਣਾਇਆ, ਜ਼ਰੂਰੀ ਸਾਵਧਾਨੀਆਂ ਵਰਤਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਚੀਨ ਤੋਂ ਕਰੋਨਾ ਵਾਇਰਸ ਬਾਰੇ ਰਿਪੋਰਟਾਂ ਨਸ਼ਰ ਹੋਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਿਹਾ ਹੈ ਅਤੇ ਇਸ ਸਬੰਧੀ ਜ਼ਿਲ੍ਹੇ ਦੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਇੱਕ ਵੱਖਰਾ ਸਪੈਸ਼ਲ ਵਾਰਡ ਤਿਆਰ ਹੈ ਅਤੇ ਰੈਪਿਡ ਰਿਸਪਾਨਸ ਟੀਮ ਪਹਿਲਾਂ ਤੋਂ ਹੀ ਤਿਆਰ ਹੈ। ਜਿਸ ਵਿੱਚ ਨੋਡਲ ਅਧਿਕਾਰੀ ਵਜੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਸਮੇਤ ਮੈਡੀਕਲ ਮਾਹਰ, ਬੱਚਿਆ ਦੇ ਡਾਕਟਰ, ਛਾਤੀ ਮਾਹਰ ਅਤੇ ਸਹਾਇਕ ਸਟਾਫ਼ ਸ਼ਾਮਲ ਹੈ। ਜਿਨ੍ਹਾਂ ਕੋਲ ਦਸਤਾਨਿਆਂ, ਮਾਸਕ ਆਦਿ ਲੋੜੀਂਦਾ ਸਟਾਕ ਉਪਲਬੱਧ ਹੈ।
ਵਿਦੇਸ਼ਾਂ ’ਚੋਂ ਮੁਹਾਲੀ ਜ਼ਿਲ੍ਹੇ ਵਿੱਚ ਆਉਣ ਵਾਲੇ ਵਿਅਕਤੀਆਂ ਬਾਰੇ ਡੀਸੀ ਨੇ ਕਿਹਾ ਕਿ ਚੀਨ ਤੋਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਲਈ ਕੋਈ ਉਡਾਣ ਨਹੀਂ ਹੈ ਅਤੇ ਇੱਥੋਂ ਅੰਤਰਰਾਸ਼ਟਰੀ ਉਡਾਣ ਸ਼ਾਰਜਾਹ ਤੋਂ ਹੈ। ਜਿਸ ਦੀ ਜਾਂਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਥਰਮਲ ਸਕੈਨਰ ਖਰੀਦ ਕੇ ਏਅਰਪੋਰਟ ’ਤੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਏਅਰਪੋਰਟ ਉੱਤੇ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਚੀਨ ਗਿਆ ਸੀ ਅਤੇ 4 ਦਿਨ ਉੱਥੇ ਰਹਿ ਕੇ 22 ਜਨਵਰੀ ਨੂੰ ਵਾਪਸ ਆ ਗਿਆ ਸੀ। ਉਹ ਪੀਜੀਆਈ ਵਿੱਚ ਨਿਗਰਾਨੀ ਅਧੀਨ ਹੈ ਅਤੇ ਬਿਲਕੁਲ ਠੀਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਵਾਇਰਸ ਦੇ ਆਮ ਫਲੂ ਵਰਗੇ ਲੱਛਣ ਹਨ। ਜਿਸ ਦੇ ਨਮੂਨੇ ਲੈ ਕੇ ਪੀਜੀਆਈ ਅਤੇ ਫਿਰ ਪੁਣੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਭੇਜੇ ਜਾਣਗੇ।
ਉਧਰ, ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਹੋਰ ਸ਼ੱਕੀ ਮਰੀਜ਼ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ। ਪੰਜਾਬ ਵਿੱਚ ਹੁਣ ਤੱਕ 16 ਸ਼ੱਕੀ ਮਰੀਜ਼ਾਂ ਬਾਰੇ ਪਤਾ ਲੱਗਾ ਹੈ। ਸਿਹਤ ਵਿਭਾਗ ਨੇ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…