Nabaz-e-punjab.com

ਹਰਸਿਮਰਤ ਦੀ ਕੁਰਸੀ ਬਚਾਉਣ ਲਈ ਬਾਦਲ ਦਲ ਨੇ ਥੁੱਕ ਕੇ ਚੱਟਿਆਂ: ਬੀਰਦਵਿੰਦਰ ਸਿੰਘ

ਸਾਈਕਲ ਦੇ ਸਟੈਂਡ ਦੀ ਮਿਆਦ ਵੀ ਸਾਲ ਭਰ ਹੁੰਦੀ ਪਰ ਬਾਦਲਾਂ ਦਾ ਕੋਈ ਸਟੈਂਡ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਦਿੱਲੀ ਚੋਣਾਂ ਵਿੱਚ ਬਾਦਲ ਦਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੇ ਮਾਮਲੇ ਵਿੱਚ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੇਂਦਰੀ ਵਜ਼ਾਰਤ ਵਿੱਚ ਕੁਰਸੀ ਬਚਾਉਣ ਲਈ ਬਾਦਲਾਂ ਨੂੰ ਮਜਬੂਰ ਹੋ ਕੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਪਿਆ ਹੈ। ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਬਾਰੇ ਬਾਦਲਾਂ ਵੱਲੋਂ ਲਏ ਸਿਧਾਂਤਕ ਸਟੈਂਡ ਦੀ ਹਾਲਤ ਤਾਂ ਸਾਈਕਲ ਦੇ ਸਟੈਂਡ ਨਾਲੋਂ ਵੀ ਮਾੜੀ ਨਿਕਲੀ, ਸਾਈਕਲ ਦੇ ਸਟੈਂਡ ਦੀ ਵੀ ਘੱਟੋ ਘੱਟ ਸਾਲ ਛੇ ਮਹੀਨੇ ਦੀ ਮਿਆਦ ਹੁੰਦੀ ਹੈ, ਬਾਦਲਾਂ ਦਾ ਦਿੱਲੀ ਚੋਣਾਂ ਮੌਕੇ ਲਿਆ ਸਿਧਾਂਤਕ ਸਟੈਂਡ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਠੁੱਸ ਹੋ ਗਿਆ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕਿੱਥੇ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅੱਡੀਆਂ ਚੁੱਕ-ਚੁੱਕ ਕੇ ਆਖ ਰਿਹਾ ਸੀ ਕਿ ਦਿੱਲੀ ਚੋਣਾਂ ਵਿੱਚ ਭਾਜਪਾ ਨਾਲ ਸਾਡੀ ਸੀਟਾਂ ਦੀ ਵੰਡ ਦੀ ਗੱਲ ਸਿਰਫ਼ ਇਸ ਕਰਕੇ ਟੁੱਟੀ ਗਈ ਹੈ ਕਿ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਲਈ ਮਜਬੂਰ ਕਰ ਰਹੇ ਸਨ ਪਰ ਸਾਨੂੰ ਭਾਵ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਨਾਗਰਿਕਤਾ ਸੋਧ ਕਾਨੂੰਨ, ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਸੀ। ਇਸ ਲਈ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਬਾਦਲ ਦਲ, ਦਿੱਲੀ ਦੀਆਂ ਚਾਰ ਸੀਟਾਂ ਤਾਂ ਕੁਰਬਾਨ ਕਰ ਸਕਦੇ ਹੈ ਪਰ ਘੱਟ ਗਿਣਤੀਆਂ ਨਾਲ ਬੇਵਸਾਹੀ ਨਹੀਂ ਕਰ ਸਕਦਾ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਘੱਟ ਗਿਣਤੀਆਂ ਦੇ ਅਲੰਬਰਦਾਰਾਂ (ਬਾਦਲ ਦਲ) ਕੋਲੋਂ ਹੁਣ ਜਾਣਨਾ ਚਾਹੁੰਦੇ ਹਨ ਕਿ ਇੱਕ ਹਫ਼ਤੇ ਵਿੱਚ ਹੀ ਬਾਦਲਾਂ ਨੂੰ ਅਜਿਹਾ ਕਿਹੜਾ ਸੱਪ ਸੁੰਘ ਗਿਆ ਹੈ ਕਿ ਉਨ੍ਹਾਂ ਨੇ ਆਪਣੇ ‘ਸਿਧਾਂਤਕ ਸਟੈਂਡ’ ਨੂੰ ਪੁੱਠੀ ਪਲਟੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬੇਸ਼ਰਮੀ ਦੀ ਹੱਦ ਹੋ ਗਈ ਹੈ। ਦਿੱਲੀ ਵਿਧਾਨ ਸਭਾ ਦੀਆਂ ਸੀਟਾਂ ਵੀ ਗੁਆ ਲਈਆਂ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਪੂਰਨ ਸਮਰਥਨ ਵੀ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਸਧਾਰਨ ਲੋਕ ਵੀ ਇਹ ਆਖਣ ਲੱਗ ਪਏ ਹਨ ਕਿ ਬਾਦਲਾਂ ਦੇ ਸਟੈਂਡ ਨਾਲੋਂ ਤਾਂ ਸਾਈਕਲ ਦਾ ਸਟੈਂਡ ਵੀ ਮਜ਼ਬੂਤ ਹੁੰਦਾ ਹੈ। ਬਾਦਲਾਂ ਨੇ ਤਾਂ ਹਰਸਿਮਰਤ ਕੌਰ ਦੀ ਕੁਰਸੀ ਲਈ ਸਮੁੱਚੇ ਪੰਜਾਬ ਸਮੇਤ ਸਿੱਖ ਕੌਮ ਦੀ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਤਾਂ ਇਹ ਹੈ ਕਿ ਇਕ ਘਟੀਆ ਕਿਸਮ ਦੀ ਬੇਅਸੂਲੀ ਹੀ ਇਨ੍ਹਾਂ ਦੇ ਅਸੂਲ ਹੋ ਨਿੱਬੜੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਹੁਣ ਘੱਟ ਗਿਣਤੀਆਂ ਦੇ ਹੱਕ ਅਤੇ ਨਾਗਰਿਕਤਾ ਸੋਧ ਕਾਨੂੰਨ ’ਤੇ ਲਿਆ ਸਿਧਾਂਤਕ ਪੈਂਤੜਾ ਕਿੱਥੇ ਹੈ?

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…