Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਦੇ ਸਾਈਬਰ ਸੈੱਲ ਵੱਲੋਂ ਬਹੁ ਕਰੋੜੀ ਬੈਂਕ ਘੁਟਾਲੇ ਦਾ ਪਰਦਾਫਾਸ਼, ਦੋ ਮੁਲਜ਼ਮ ਕਾਬੂ ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ: ਪੰਜਾਬ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਨੇ ਉੱਚ ਤਕਨੀਕ ਦੀ ਵਰਤੋਂ ਨਾਲ ਬਹੁ ਕਰੋੜੀ ਬੈਂਕ ਘੁਟਾਲਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਲ੍ਹਸਾਜ਼ ਨੇ ਫਰਜ਼ੀ ਨਾਂਅ ’ਤੇ ਖੁਲ੍ਹਵਾਏ 5 ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫ਼ਰ ਕਰਕੇ ਬਾਅਦ ਵਿੱਚ ਏਟੀਐਮ ਅਤੇ ਚੈੱਕ ਰਾਹੀਂ ਰਾਸ਼ੀ ਕਢਵਾ ਲਈ ਹੈ। ਸਟੇਟ ਜਾਂਚ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਚਡੀਐਫ਼ਸੀ ਬੈਂਕ ਦੇ ਲੋਕੇਸ਼ਨ ਮੈਨੇਜਰ ਇਨਵੈਸਟੀਗੇਸ਼ਨ, ਰਿਸਕ ਇੰਟੈਲੀਜੈਂਸ ਅਤੇ ਕੰਟਰੋਲ ਯੂਨਿਟ ਵਿਜੈ ਕੁਮਾਰ ਵੱਲੋਂ 30 ਦਸੰਬਰ 2019 ਨੂੰ ਐਚਡੀਐਫ਼ਸੀ ਬੈਂਕ ਦੇ ਖਾਤੇ ’ਚੋਂ ਤਕਨੀਕੀ ਪੈਂਤੜੇ ਨਾਲ ਕਰੀਬ 2 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਸਬੰਧੀ ਅਰਜ਼ੀ ਦਾਇਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਧੋਖਾਧੜੀ ਕਰਨ ਵਾਲਿਆਂ ਨੇ ਪੀੜਤ ਦੇ ਬੈਂਕ ਖਾਤੇ ਨਾਲ ਰਜਿਸਟਰ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਨੂੰ ਬੜੀ ਚਲਾਕੀ ਨਾਲ ਸਮਾਨ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨਾਲ ਬਦਲ ਦਿੱਤਾ। ਇਸ ਤਰ੍ਹਾਂ ਪੀੜਤ ਦੇ ਖਾਤੇ ਨਾਲ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਅਪਡੇਟ ਕਰਦਿਆਂ ਉਕਤ ਖਾਤੇ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ। ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਸਾਰੇ ਸਰਕਾਰੀ ਆਈਡੀ ਸਬੂਤ ਜਿਸ ਵਿੱਚ ਚਿੱਪ ਆਧਾਰਿਤ ਡਰਾਈਵਿੰਗ ਲਾਇਸੈਂਸ, ਪੈੱਨ ਕਾਰਡ, ਹੋਲੋਗਰਾਮ ਵਾਲੇ ਵੋਟਰ ਆਈਡੀ ਕਾਰਡ ਸ਼ਾਮਲ ਹਨ, ਜੋ ਬੈਂਕ ਖਾਤਾ ਖੋਲ੍ਹਣ ਅਤੇ ਮੋਬਾਈਲ ਨੰਬਰ ਲੈਣ ਲਈ ਕੇਵਾਈਸੀ ਦਸਤਾਵੇਜ਼ ਦੇ ਰੂਪ ਵਿੱਚ ਦਿੱਤੇ ਗਏ ਸਨ, ਉਹ ਸਾਰੇ ਜਾਅਲੀ ਪਾਏ ਗਏ ਹਨ। ਪੁਲੀਸ ਅਨੁਸਾਰ ਜਾਲ੍ਹਸਾਜ਼ਾਂ ਵੱਲੋਂ ਸਾਰੇ ਪੈਸੇ ਏਟੀਐਮ ਕਾਰਡਾਂ ਅਤੇ ਚੈੱਕ ਰਾਹੀਂ ਕਢਵਾਏ ਗਏ ਹਨ। ਇਸ ਤਰ੍ਹਾਂ ਪੁਲੀਸ ਲਈ ਕੋਈ ਸੁਰਾਗ ਨਹੀਂ ਛੱਡਿਆ। ਇਸ ਤੋਂ ਇਲਾਵਾ ਜਾਲ੍ਹਸਾਜ਼ਾਂ ਵੱਲੋਂ ਉਕਤ ਕਾਰਵਾਈ ਨੂੰ ਅੰਜਾਮ ਦੇਣ ਵੇਲੇ ਹੀ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਉਹ ਮੋਬਾਈਲ ਨੂੰ ਬੰਦ ਕਰ ਦਿੰਦੇ ਸਨ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਇਹ ਗਰੋਹ ਲੁਧਿਆਣਾ ਤੋਂ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ ਘੱਟੋ ਘੱਟ 3 ਵਿਅਕਤੀ ਸ਼ਾਮਲ ਸਨ। ਗਰੋਹ ਦੇ ਇਕ ਮੈਂਬਰ ਦੀ ਪਛਾਣ ਰਾਜੀਵ ਕੁਮਾਰ ਪੁੱਤਰ ਦੇਵ ਰਾਜ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਤਲਾਸ਼ੀ ਅਤੇ ਪ੍ਰਾਪਤ ਵੇਰਵਿਆਂ ਦੇ ਅਧਾਰ ‘ਤੇ ਇਸ ਕੇਸ ਵਿੱਚ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਨ੍ਹਾਂ ’ਚੋਂ ਦੋ ਮੁਲਜ਼ਮਾਂ ਰਾਜੀਵ ਕੁਮਾਰ ਅਤੇ ਦੀਪਕ ਕੁਮਾਰ ਗੁਪਤਾ ਨੂੰ 28 ਜਨਵਰੀ ਨੂੰ ਸ਼ਿਮਲਾਪੁਰੀ, ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਨ੍ਹਾਂ ’ਚੋਂ ਇਕ ਮੁਲਜ਼ਮ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਉਨ੍ਹਾਂ ਦੇ ਆਪਣੇ ਖਾਤਿਆਂ ਵਿੱਚ ਜਮ੍ਹਾਂ 10,00,000 ਰੁਪਏ ਬਰਾਮਦ ਕੀਤੇ ਗਏ ਅਤੇ ਹੋਰ ਬਰਾਮਦਗੀਆਂ ਜਲਦ ਕੀਤੀਆਂ ਜਾਣਗੀਆਂ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਨਾਲ ਸਬੰਧਤ 4 ਹੋਰ ਕੇਸ ਵੀ ਹੱਲ ਹੋ ਗਏ। ਇਸੇ ਤਰ੍ਹਾਂ ਦੇ ਦੋਸ਼ੀਆਂ ਨੇ ਰਾਮ ਕਾਲਾ ਵਾਸੀ ਨਾਹਰਪੁਰ, ਹਰਿਆਣਾ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ ਸੀ, ਜਿਸ ਸਬੰਧੀ ਇਕ ਕੇਸ 2019 ਵਿੱਚ ਐਫ਼ਆਈਆਰ 169 ਅਧੀਨ ਥਾਣਾ ਮਾਨੇਸਰ, ਹਰਿਆਣਾ ਵਿੱਚ ਦਰਜ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇਹ ਕੇਸ ਵੀ ਹੱਲ ਹੋ ਗਿਆ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਪੁੱਛਗਿੱਛ ਨਾਲ ਹੋਰ ਬਰਾਮਦਗੀਆਂ ਅਤੇ ਇਸ ਗਰੋਹ ਦੇ ਬਾਕੀ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਮੁਲਜ਼ਮਾਂ ਦੇ ਖ਼ਿਲਾਫ਼ ਆਈਟੀ ਐਕਟ ਦੀ ਧਾਰਾ 66, 66ਸੀ, 66ਡੀ, ਆਈਪੀਸੀ ਦੀ ਧਾਰਾ 420, 465, 468, 471, 120-ਬੀ ਤਹਿਤ ਬੀਤੀ 8 ਜਨਵਰੀ ਨੂੰ ਸਟੇਟ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ