Nabaz-e-punjab.com

ਘਰੇਲੂ ਹਿੰਸਾ: ਹਾਈ ਕੋਰਟ ਵੱਲੋਂ ਡੀਐਸਪੀ ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ

ਬਚਾਅ ਪੱਖ ਦੇ ਵਕੀਲ ਨੇ ਕਿਹਾ ਡੀਐਸਪੀ ਸੋਨੀ ਨੂੰ ਝੂਠੇ ਕੇਸ ’ਚ ਫਸਾਇਆ, ਨਹੀਂ ਮਿਲੀ ਰਾਹਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਵਿੱਚ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਡੀਐਸਪੀ ਅਤੁਲ ਸੋਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਐਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਡੀਐਸਪੀ ਦੇ ਖ਼ਿਲਾਫ਼ ਸੰਗੀਨ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹਾਲਾਂਕਿ ਹੁਣ ਸ੍ਰੀਮਤੀ ਸੁਨੀਤਾ ਸੋਨੀ ਇਹ ਰਹੇ ਹਨ ਕਿ ਝਗੜੇ ਦੌਰਾਨ ਫਾਇਰਿੰਗ ਨਹੀਂ ਹੋਈ ਹੈ ਅਤੇ ਉਨ੍ਹਾਂ ਵਿੱਚ ਮਹਿਜ਼ ਘਰੇਲੂ ਝਗੜਾ ਹੋਇਆ ਸੀ। ਇਸ ਬਾਰੇ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਪੁਲੀਸ ਨੇ ਸ੍ਰੀਮਤੀ ਸੋਨੀ ਦੀ ਹੱਥ ਲਿਖਤ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੀ ਡੀਐਸਪੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਉੱਚ ਅਦਾਲਤ ਨੂੰ ਦੱਸਿਆ ਕਿ ਡੀਐਸਪੀ ਦੇ ਘਰੋਂ ਮਿਲਿਆ ਅਸਲਾ ਵੀ ਨਾਜਾਇਜ਼ ਹੈ। ਡੀਐਸਪੀ ਰੈਂਕ ਦੇ ਅਧਿਕਾਰੀ ਕੋਲ ਨਾਜਾਇਜ਼ ਅਸਲਾ ਕਿੱਥੋਂ ਆਇਆ। ਉਸ ਨੇ ਇਹ ਹਥਿਆਰ ਆਪਣੇ ਕੋਲ ਕਿਊਂ ਰੱਖਿਆ ਹੋਇਆ ਸੀ। ਇਨ੍ਹਾਂ ਸਾਰੇ ਤੱਥਾਂ ਦੀ ਜਾਂਚ ਕਰਨੀ ਹੈ। ਇਸ ਲਈ ਡੀਐਸਪੀ ਦੀ ਗ੍ਰਿਫ਼ਤਾਰੀ ਕਰਨੀ ਬਣਦੀ ਹੈ। ਲਿਹਾਜ਼ਾ ਪੁਲੀਸ ਅਧਿਕਾਰੀ ਦੀ ਜ਼ਮਾਨਤ ਮਨਜ਼ੂਰ ਨਾ ਕੀਤੀ ਜਾਵੇ। ਜਾਂਚ ਅਧਿਕਾਰੀ ਨੇ ਡੀਐਸਪੀ ਖ਼ਿਲਾਫ਼ ਦਿੱਲੀ ਵਿੱਚ ਦਰਜ ਇਕ ਹੋਰ ਕੇਸ ਬਾਰੇ ਵੀ ਹਾਈ ਕੋਰਟ ਨੂੰ ਦੱਸਿਆ ਹੈ।
ਉਧਰ, ਬਚਾਅ ਪੱਖ ਦੇ ਵਕੀਲ ਸੰਤਪਾਲ ਸਿੰਘ ਸਿੱਧੂ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਡੀਐਸਪੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀਮਤੀ ਸੋਨੀ ਖ਼ੁਦ ਉੱਚ ਅਧਿਕਾਰੀਆਂ ਨੂੰ ਹਲਫ਼ਨਾਮਾ ਭੇਜ ਕੇ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਡੀਐਸਪੀ ਨੇ ਉਸ ’ਤੇ ਫਾਇਰਿੰਗ ਨਹੀਂ ਕੀਤੀ ਸੀ। ਸਿਰਫ਼ ਮਾਮੂਲੀ ਝਗੜਾ ਹੋਇਆ ਸੀ। ਪ੍ਰੰਤੂ ਇਸ ਦੇ ਬਾਵਜੂਦ ਪੁਲੀਸ ਉਨ੍ਹਾਂ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਪੁਲੀਸ ਐਫ਼ਆਈਆਰ ਰੱਦ ਕਰਨ ਲਈ ਤਿਆਰ ਨਹੀਂ ਹੈ। ਹਾਈ ਕੋਰਟ ਦੇ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀਐਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ। ਉਧਰ, ਹਾਈ ਕੋਰਟ ਵੱਲੋਂ ਡੀਐਸਪੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਤੋਂ ਬਾਅਦ ਸਥਾਨਕ ਪੁਲੀਸ ਨੇ ਮੁਲਜ਼ਮ ਅਧਿਕਾਰੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਡੀਐਸਪੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਹੈ। ਡੀਐਸਪੀ ਦੇ ਦੋਸਤਾਂ ਸਮੇਤ ਉਸ ਦੇ ਫੇਸਬੁੱਕ ਅਕਾਉਂਟ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਹੀ ਨਹੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲੀਸ ਵੱਲੋਂ ਡੀਐਸਪੀ ਅਤੁਲ ਸੋਨੀ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…