Nabaz-e-punjab.com

ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਬੀਬੀ ਪ੍ਰੀਤਮ ਕੌਰ ਭਿਓਰਾ ਦਾ ਅੰਤਿਮ ਸਸਕਾਰ

ਪੰਥਕ ਮਸਲਿਆਂ ਦੇ ਹੱਲ ਲਈ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋੜ: ਭਿਓਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਹੱਤਿਆ ਕਾਂਡ ਅਤੇ ਬੁੜੈਲ ਜੇਲ੍ਹ ਬਰੇਕ ਮਾਮਲੇ ਵਿੱਚ ਸਜ਼ਾ ਕੱਟ ਰਹੇ ਖਾੜਕੂ ਕਾਰਕੁਨ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਬੀਬੀ ਪ੍ਰੀਤਮ ਕੌਰ (87) ਜਿਨ੍ਹਾਂ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੱਜ ਮੁਹਾਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਤਿਮ ਸਸਕਾਰ ਕੀਤਾ ਗਿਆ। ਮਾਤਾ ਪ੍ਰੀਤਮ ਕੌਰ ਅਖੀਰਲੇ ਦਿਨਾਂ ਵਿੱਚ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਆਪਣੇ ਲਾਡਲੇ ਪੁੱਤ ਪਰਮਜੀਤ ਸਿੰਘ ਭਿਓਰਾ ਨੂੰ ਮਿਲਣਾ ਚਾਹੁੰਦੀ ਸੀ ਪ੍ਰੰਤੂ ਕਾਨੂੰਨ ਦੀਆਂ ਬੇੜੀਆਂ ਨੇ ਉਸ ਨੂੰ ਪੁੱਤ ਨਾਲ ਮਿਲਣ ਨਹੀਂ ਦਿੱਤਾ ਅਤੇ ਆਖ਼ਰਕਾਰ ਵੀਰਵਾਰ ਦੇਰ ਸ਼ਾਮ ਉਹ ਅਕਾਲ ਚਲਾਣਾ ਕਰ ਗਏ।
ਉਧਰ, ਚੰਡੀਗੜ੍ਹ ਪੁਲੀਸ ਦੇ ਕਰਮਚਾਰੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਪਰਮਜੀਤ ਸਿੰਘ ਭਿਓਰਾ ਨੂੰ ਮੁਹਾਲੀ ਦੇ ਸ਼ਮਸ਼ਾਨਘਾਟ ਲੈ ਕੇ ਬਾਅਦ ਦੁਪਹਿਰ ਕਰੀਬ ਸਵਾ 3 ਵਜੇ ਪਹੁੰਚੇ। ਭਿਓਰਾ ਨੇ ਆਪਣੀ ਮਾਂ ਦੀ ਲਾਸ਼ ਨਾਲ ਲਿਪਟ ਕੇ ਭਾਵੁਕ ਹੋ ਗਏ। ਉਸ ਨੇ ਮਾਂ ਦੀ ਚਿਤਾ ਨੂੰ ਅਗਨੀ ਦਿਖਾਉਣ ਤੋਂ ਬਾਅਦ ਆਪਣੇ ਭਰਾਵਾਂ ਅਤੇ ਭੈਣਾਂ ਅਤੇ ਹੋਰਨਾਂ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਕਈ ਗਰਮ ਖ਼ਿਆਲੀ ਆਗੂਆਂ ਨਾਲ ਮੁਲਾਕਾਤ ਕੀਤੀ। ਪੁਲੀਸ ਹਰੇਕ ਮੁਲਾਕਾਤੀ ’ਤੇ ਤਿੱਖੀ ਨਜ਼ਰ ਰੱਖ ਰਹੀ ਸੀ।
ਬੀਬੀ ਪ੍ਰੀਤਮ ਕੌਰ ਕਾਫੀ ਸਮੇਂ ਤੋਂ ਆਪਣੀ ਵੱਡੀ ਬੇਟੀ ਸੁਰਿੰਦਰ ਕੌਰ ਅਤੇ ਜਵਾਈ ਸੇਵਾਮੁਕਤ ਅਧਿਆਪਕ ਗੁਰਚਰਨ ਸਿੰਘ ਦੇ ਘਰ ਪਿੰਡ ਭਟੇੜੀ (ਰਾਜਪੁਰਾ) ਵਿੱਚ ਰਹਿੰਦੇ ਸੀ ਅਤੇ ਬੀਤੀ 10 ਦਸੰਬਰ ਨੂੰ ਹੀ ਆਪਣੀ ਛੋਟੀ ਬੇਟੀ ਐਨਆਰਆਈ ਹਰਮਿੰਦਰ ਕੌਰ ਦੇ ਘਰ ਰਹਿਣ ਆਏ ਸੀ। ਭਿਓਰਾ ਜੇਲ੍ਹ ਵਿੱਚ ਹੈ ਜਦੋਂਕਿ ਇਕ ਬੇਟਾ ਮੁਹਾਲੀ ਰਹਿੰਦਾ ਹੈ ਅਤੇ ਦੋ ਬੇਟੇ ਦਿੱਲੀ ਵਿੱਚ ਆਪਣਾ ਕਾਰੋਬਾਰ ਕਰਦੇ ਹਨ।
ਇਸ ਮੌਕੇ ਪਰਮਜੀਤ ਸਿੰਘ ਭਿਓਰਾ ਨੇ ਸਾਰੇ ਸਿੱਖਾਂ ਨੂੰ ਪੰਥਕ ਮਸਲਿਆਂ ਦੇ ਸਥਾਈ ਹੱਲ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ਸਮੁੱਚੀ ਕੌਮ ਨੂੰ ਸਹੀ ਸੇਧ ਅਤੇ ਨੌਜਵਾਨ ਪੀੜ੍ਹੀ ਨੂੰ ਯੋਗ ਲੀਡਰਸ਼ਿਪ ਦੀ ਅਗਵਾਈ ਮਿਲ ਸਕੇ। ਬਰਗਾੜੀ ਕਾਂਡ ਬਾਰੇ ਉਨ੍ਹਾਂ ਕੋਈ ਬਹੁਤੀ ਗੱਲ ਨਹੀਂ ਕੀਤੀ। ਜਿਵੇਂ ਹੀ ਮੀਡੀਆ ਨੇ ਉਨ੍ਹਾਂ ਨਾਲ ਹੋਰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਰਾਹ ਡੱਕਦਿਆਂ ਉਨ੍ਹਾਂ ਦੇ ਆਲੇ ਦੁਆਲੇ ਸੁਰੱਖਿਆ ਘੇਰਾ ਹੋ ਮਜ਼ਬੂਤ ਕਰ ਦਿੱਤਾ।
ਇਸ ਮੌਕੇ ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਆਰਪੀ ਸਿੰਘ, ਦਲ ਖਾਲਸਾ ਦੇ ਆਗੂ ਸਤਨਾਮ ਸਿੰਘ ਪਾਊਂਟਾ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ, ਅਕਾਲੀ ਦਲ (ਮਾਨ) ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭਾਗੋਵਾਲ, ਪ੍ਰੋ. ਮੇਹਰ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਦਮਦਮੀ ਟਕਸਾਲ (ਮਹਿਤਾ) ਤੋਂ ਬਾਬਾ ਬੋਹੜ ਸਿੰਘ, ਹਰਚੰਦ ਸਿੰਘ, ਕੰਵਰ ਸਿੰਘ ਧਾਮੀ, ਬਲਜੀਤ ਸਿੰਘ ਖਾਲਸਾ, ਅਮਰ ਸਿੰਘ ਚਾਹਲ, ਹਰਭਜਨ ਸਿੰਘ ਕਸ਼ਮੀਰੀ, ਬੀਬੀ ਕਰਮਜੀਤ ਕੌਰ, ਐਡਵੋਕੇਟ ਸਿਮਰਨ ਸਿੰਘ, ਪਲਵਿੰਦਰ ਸਿੰਘ, ਮਨਪ੍ਰੀਤ ਸਿੰਘ ਖਾਲਸਾ ਅਤੇ ਰਤਨਜੀਤ ਸਿੰਘ ਸਮੇਤ ਹੋਰ ਗਰਮ ਖਿਆਲੀ ਆਗੂ ਅਤੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਦੌਰਾਨ ਜਿਵੇਂ ਹੀ ਪੁਲੀਸ ਨੇ ਇਕ ਨੌਜਵਾਨ ਨੂੰ ਭਿਓਰਾ ਨੂੰ ਮਿਲਣ ਲਈ ਰੋਕਿਆ ਤਾਂ ਉਸ ਨੇ ਸ਼ਮਸ਼ਾਨਘਾਟ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰਾ ਲਾਇਆ ਪ੍ਰੰਤੂ ਬਾਅਦ ਵਿੱਚ ਹੋਰਨਾਂ ਆਗੂਆਂ ਨੇ ਉਸ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ।
ਮਾਤਾ ਪ੍ਰੀਤਮ ਕੌਰ ਨਮਿੱਤ ਅੰਤਿਮ ਅਰਦਾਸ 7 ਫਰਵਰੀ ਨੂੰ ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ 10 ਤੋਂ 12 ਵਜੇ ਤੱਕ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ 9 ਸੈਕਟਰ-71 ਸਥਿਤ ਐਨਆਰਆਈ ਬੇਟੀ ਹਰਮਿੰਦਰ ਕੌਰ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …