Nabaz-e-punjab.com

ਬੋਰਡ ਦੀ ਨਵੀਂ ਨੀਤੀ ਨਾਲ ਪੰਜਾਬ ਦੇ ਸਕੂਲੀ ਬੱਚੇ ਸਮੇਂ ਦੇ ਹਾਣੀ ਨਹੀਂ ਬਣ ਸਕਣਗੇ: ਬੀਰਦਵਿੰਦਰ

20 ਫੀਸਦੀ ਅੰਕ ਲੈ ਕੇ ਪਾਸ ਫ਼ਾਰਮੂਲਾ ਤਿਆਰ ਕਰਨ ਵਾਲੇ ਅਧਿਕਾਰੀ ਦੀ ਛੁੱਟੀ ਹੋਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਤਜਵੀਜ਼ ਕੀਤੇ ਨਵੇਂ ਪਾਸ ਫ਼ਾਰਮੂਲੇ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਦੀ ਨਵੀਂ ਨੀਤੀ ਤੋਂ ਪੰਜਾਬ ਦੇ ਸਾਵਧਾਨ ਲੋਕਾਂ ਨੂੰ ਸਖ਼ਤ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਦੇ ਮਾਪਦੰਡਾਂ ਲਈ, ਮਿਆਰੀ ਪ੍ਰੀਖਿਆ ਅਤੇ ਮਿਆਰੀ-ਪ੍ਰੀਖਿਆ-ਮੁਲੰਕਣ ਅਤਿਅੰਤ ਜ਼ਰੂਰੀ ਹੈ। ਇਸ ਲਈ ਵਿਕਸਤ ਦੇਸ਼ਾਂ ਵਿੱਚ ਪਾਸ ਪ੍ਰਤੀਸ਼ਤਤਾ 60 ਫੀਸਦੀ ਰੱਖੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਸਕੂਲੀ ਬੱਚਿਆਂ ਨੂੰ ਹਮੇਸ਼ਾ ਲਈ ਅਪਾਹਜ ਬਣਾਉਣ ਦੀ ਇਹ ਚਾਲ ਕਿਸ ਫਰੇਬੀ ਦਿਮਾਗ ਦੀ ਕਾਢ ਹੈ, ਉਸ ਨੂੰ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ’ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੀ ਜ਼ਿਆਦਾਤਰ ਕੋਰਸਾਂ ਵਿੱਚ ਪਾਸ ਨੀਤੀ 45 ਫੀਸਦੀ ਰੱਖੀ ਗਈ ਹੈ। ਬੀਏ ਵਿੱਚ ਅਧਿਆਪਕਾਂ ਲਈ 55 ਫੀਸਦੀ ਰੱਖੀ ਹੋਈ ਹੈ। ਜਦੋਂਕਿ ਇਸ ਨਵੇਂ ਤੁਗਲਕੀ ਪਾਸ ਫ਼ਾਰਮੂਲੇ ਵਿੱਚ 5ਵੀਂ, ਅੱਠਵੀਂ ਅਤੇ ਦਸਵੀਂ ਦੀ ਬੋਰਡ ਦੀ ਪ੍ਰੀਖਿਆ ਪਾਸ ਕਰਨ ਲਈ ਲਿਖਤੀ ਪ੍ਰੀਖਿਆ ਵਿੱਚ ਮਹਿਜ਼ 20 ਫੀਸਦੀ ਅੰਕ ਪ੍ਰਾਪਤ ਕਰਨੇ ਹੀ ਜ਼ਰੂਰੀ ਰੱਖੇ ਗਏ ਹਨ। ਇਸ ਨਵੀਂ ਪਾਸ ਨੀਤੀ ਪਿੱਛੇ ਪੰਜਾਬ ਦੇ ਬੱਚਿਆਂ ਨੂੰ ਘਸਿਆਰਾ ਬਣਾਉਣ ਦੀ ਡੂੰਘੀ ਅਤੇ ਪੰਜਾਬ ਵਿਰੋਧੀ ਸਾਜ਼ਿਸ਼ ਕੰਮ ਕਰ ਰਹੀ ਹੈ। ਜੋ ਪੰਜਾਬ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਰਾਸਰ ਧੋਖਾ ਅਤੇ ਵੱਡੀ ਬੇਈਮਾਨੀ ਹੈ। ਇਸ ਪਾਸ ਨੀਤੀ ਨਾਲ ਪੰਜਾਬ ਦੇ ਬੱਚੇ ਆਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਕਦੇ ਵੀ ਸਮੇਂ ਦੇ ਹਾਣੀ ਨਹੀਂ ਬਣ ਸਕਣਗੇ।
ਬੀਰਦਵਿੰਦਰ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਸਿੱਖਿਆ ਬੋਰਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਸੁਆਲ ਕੀਤਾ ਹੈ ਕਿ ਪੰਜਾਬ ਦੇ ਜਿਹੜੇ ਬੱਚੇ ਕੇਵਲ 20 ਫੀਸਦੀ ਅੰਕ ਲੈ ਕੇ ਪਾਸ ਹੋਣਗੇ, ਉਹ ਭਵਿੱਖ ਦੀਆਂ ਚੁਣੌਤੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਿੰਜ ਖੜ੍ਹਨ ਦੇ ਯੋਗ ਬਣ ਸਕਣਗੇ ਜਾਂ ਉਨ੍ਹਾਂ ਦੇ 20 ਫੀਸਦੀ ਅੰਕਾਂ ਵਾਲੇ ਇਹ ਸਰਟੀਫਿਕੇਟ ਕਿਸੇ ਵੀ ਮੁਕਾਬਲੇ ਦੀ ਮਿਆਰੀ ਪ੍ਰੀਖਿਆ ਵਿੱਚ ਉਨ੍ਹਾਂ ਦੀ ਯੋਗਤਾ ਦਾ ਮੁਲੰਕਣ ਕਰਨ ਵੇਲੇ ਉਨ੍ਹਾਂ ਦੀ ਕੋਈ ਇਮਦਾਦ ਕਰ ਸਕਣਗੇ? ਉਨ੍ਹਾਂ ਕਿਹਾ ਕਿ ਜਿਹੜਾ ਵਿਦਿਆਰਥੀ 80 ਫੀਸਦੀ ਪਾਠਕ੍ਰਮ ਦੇ ਪ੍ਰਸ਼ਨ ਹੀ ਹੱਲ ਨਹੀਂ ਕਰ ਸਕਦਾ, ਉਸ ਵਿਦਿਆਰਥੀ ਦਾ ਭਵਿੱਖ ਕੀ ਹੋਵੇਗਾ? ਸਰਕਾਰੀ ਸਕੂਲਾਂ ਦੇ ਨਤੀਜੇ 100 ਫੀਸਦੀ ਪਾਸ ਦਿਖਾਕੇ, ਮੁਫ਼ਤ ਅਤੇ ਖੋਖਲੀ ਸ਼ੋਹਰਤ ਖੱਟਣ ਦੀ ਨੀਤੀ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਕੇ ਰੱਖ ਦੇਵੇਗੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ 20 ਫੀਸਦੀ ਪਾਸ ਅੰਕ ਲੈਣੇ ਸਿੱਖਿਆ ਦੇ ਕਿਸੇ ਵੀ ਮਿਆਰੀ ਮਾਪਦੰਡਾਂ ਅਨੁਸਾਰ ਯੋਗ ਨਹੀਂ ਹੈ। ਇਸ ਲਈ ਮੱੁਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਤੁਰੰਤ ਕੁੰਭਕਰਨੀ ਨੀਂਦ ’ਚੋਂ ਜਾਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਤਰਕ ਬੜੀ ਜ਼ਿੰਮੇਵਾਰੀ ਅਤੇ ਡੂੰਘੀ ਪੀੜਾ ਨਾਲ ਦੇ ਰਹੇ ਹਨ ਕਿ ਇਹ ਨਵੀਂ ਪਾਸ ਨੀਤੀ ਪ੍ਰੀਖਿਆਵਾਂ ਦੇ ਨਾਂ ’ਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਧੋਖਾ ਹੀ ਨਹੀਂ ਸਗੋਂ ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀ ’ਤੇ ਬਹੁਤ ਵੱਡਾ ਕਲੰਕ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਅਤੇ ਤਤਕਾਲੀ ਪ੍ਰੀਖਿਆ ਪਾਸ ਨੀਤੀ ਤੇ ਪੁਨਰ ਵਿਚਾਰ ਕਰਕੇ ਵਿਦਿਆਰਥੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਵਿੱਚ ਵੱਖੋ-ਵੱਖਰੇ ਤੌਰ ’ਤੇ 33 ਫੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਘੋਸ਼ਿਤ ਕੀਤੇ ਜਾਣ ਅਤੇ ਇਸ ਨਵੀਂ ਤੁਗਲਕੀ ਪਾਸ-ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…