ਮੁਹਾਲੀ ਵਿੱਚ ਨੈਨੀਤਾਲ ਦੀ ਲੜਕੀ ਨਾਲ ਗੈਂਗਰੇਪ, ਡੀਜੀਪੀ ਵੱਲੋਂ ਸਿੱਟ ਦਾ ਗਠਨ

ਏਡੀਜੀਪੀ ਸ੍ਰੀਮਤੀ ਗੁਰਪ੍ਰੀਤ ਦਿਓ ਨਿੱਜੀ ਤੌਰ ’ਤੇ ਕਰਨਗੇ ਸਮੁੱਚੇ ਮਾਮਲੇ ਦੀ ਨਜ਼ਰਸਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 8 ਫਰਵਰੀ:
ਇੱਥੋਂ ਦੇ ਵਾਈਪੀਐਸ ਸਕੂਲ ਨੇੜੇ ਸੁੰਨਸਾਨ ਥਾਂ ’ਤੇ ਇਕ ਲੜਕੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਮਟੌਰ ਵਿੱਚ ਧਾਰਾ 376 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਐਸਪੀ (ਸਿਟੀ-1) ਮੈਡਮ ਅਸ਼ਵਨੀ ਗਟਿਆਲ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਸਬ ਇੰਸਪੈਕਟਰ ਮੀਨਾ ਹੁੱਡਾ ਅਤੇ ਸਿਪਾਹੀ ਅਮਨਜੀਤ ਕੌਰ ਸ਼ਾਮਲ ਹਨ। ਜਦੋਂਕਿ ਏਡੀਜੀਪੀ ਸ੍ਰੀਮਤੀ ਗੁਰਪ੍ਰੀਤ ਦਿਓ ਨਿੱਜੀ ਤੌਰ ’ਤੇ ਨਜ਼ਰਸਾਨੀ ਕਰਨਗੇ।
ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਹਵਾਲੇ ਨਾਲ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਪੀੜਤ ਲੜਕੀ ਨੇ ਮੁਹਾਲੀ ਤੋਂ ਚੰਡੀਗੜ੍ਹ ਦੇ ਸੈਕਟਰ-45 ਜਾਣ ਲਈ ਮੁਹਾਲੀ ਤੋਂ ਥ੍ਰੀ ਵੀਲ੍ਹਰ ਲਿਆ ਸੀ। ਸੜਕ ’ਤੇ ਹਨੇਰਾ ਹੋਣ ਕਾਰਨ ਆਟੋ ਚਾਲਕ ਤੇ ਉਸ ਦੇ ਦੋਸਤ ਦੀ ਨੀਅਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੇ ਵਾਈਵੀਐਸ ਸਕੂਲ ਨੇੜੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਨੇੜੇ ਧਰਨਾ ਪੁਆਇੰਟ ’ਤੇ ਲੜਕੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਵੱਲੋਂ ਰੋਲਾ ਪਾਉਣ ’ਤੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਆਟੋ ਚਾਲਕ ਅਤੇ ਉਸ ਦਾ ਸਾਥੀ ਮੌਕੇ ’ਤੇ ਫਰਾਰ ਹੋ ਗਏ। ਘਟਨਾ ਸਥਾਨ ’ਤੇ ਸੜਕ ਤੋਂ ਲੰਘ ਰਹੇ ਵਿਅਕਤੀਆਂ ਦੀ ਮਦਦ ਨਾਲ ਪੀੜਤ ਨੇ ਪੁਲੀਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਗਈ। ਪੀਸੀਆਰ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਲੜਕੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੀੜਤ ਲੜਕੀ ਨੈਨੀਤਾਲ ਤੋਂ ਮੁਹਾਲੀ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਈ ਸੀ ਅਤੇ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਸ਼ੁੱਕਰਵਾਰ ਰਾਤ ਨੂੰ ਉਹ ਕਿਸੇ ਜ਼ਰੂਰੀ ਕੰਮ ਲਈ ਸੈਕਟਰ-70 ਤੋਂ ਚੰਡੀਗੜ੍ਹ ਜਾਣ ਲਈ ਥ੍ਰੀ ਵੀਲ੍ਹਰ ਵਿੱਚ ਲਿਫ਼ਟ ਲਈ ਸੀ। ਪੁਲੀਸ ਨੇ ਅਣਪਛਾਤੇ ਆਟੋ ਚਾਲਕ ਅਤੇ ਉਸ ਦੇ ਸਾਥੀ ਦੇ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਕੇ ਉਨ੍ਹਾਂ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ ਲੇਕਿਨ ਦੇਰ ਸ਼ਾਮ ਤੱਕ ਪੁਲੀਸ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਠੋਸ ਸੁਰਾਗ ਨਹੀਂ ਮਿਲਿਆ।
ਉਧਰ, ਮੁੱਖ ਮੰਤਰੀ ਦੇ ਹੁਕਮਾਂ ’ਤੇ ਏਡੀਜੀਪੀ ਗੁਰਪ੍ਰੀਤ ਦਿਓ ਨੇ ਜਾਂਚ ਲਈ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੀੜਤ ਲੜਕੀ ਨਾਲ ਗੱਲ ਕੀਤੀ। ਇਸ ਤੋਂ ਇਲਾਵਾ ਸਿੱਟ ਦੇ ਮੈਂਬਰਾਂ ਨਾਲ ਵੀ ਕੇਸ ਸਬੰਧੀ ਲੰਮੀ ਚਰਚਾ ਕੀਤੀ। ਉਨ੍ਹਾਂ ਮੁਲਜ਼ਮਾਂ ਦੀ ਛੇਤੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਪਿਛਲੇ ਇਕ ਸਾਲ ਤੋਂ ਸਥਾਨਕ ਕੰਪਨੀ ਲਈ ਹੋਮ ਕੇਅਰ ਅਟੈਂਡਟ ਵਜੋਂ ਕੰਮ ਕਰ ਰਹੀ ਸੀ। ਜਿਸ ਨੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ’ਤੇ ਨਰਸਿੰਗ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਹੈ। ਉਹ ਬੀਤੀ ਰਾਤ 8 ਵਜੇ ਤੋਂ ਅੱਜ ਸਵੇਰੇ 8 ਵਜੇ ਤੱਕ ਚੰਡੀਗੜ੍ਹ ਵਿੱਚ ਇਕ ਮਰੀਜ਼ ਦੇ ਘਰ ਨਾਈਟ ਕਾਲ ’ਤੇ ਸੀ। 7 ਜਨਵਰੀ ਦੀ ਦੇਰ ਸ਼ਾਮ 7 ਵਜੇ ਉਸ ਨੇ ਆਪਣੀ ਰਿਹਾਇਸ਼ ਤੋਂ ਚੰਡੀਗੜ੍ਹ ਲਈ ਆਟੋ ਲਿਆ। ਆਟੋ ਚਾਲਕ ਤੇ ਉਸ ਦਾ ਇਕ ਸਾਥੀ ਪੀੜਤ ਨੂੰ ਵਾਈਪੀਐਸ ਚੌਕ ਨੇੜੇ ਇਕ ਸੁੰਨਸਾਨ ਥਾਂ ’ਤੇ ਲੈ ਗਏ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …