nabaz-e-punjab.com

ਇਮਾਰਤ ਡਿੱਗੀ: ਮੁੱਖ ਮੰਤਰੀ ਨੇ ਏਡੀਸੀ ਸ੍ਰੀਮਤੀ ਜੈਨ ਨੂੰ ਸੌਂਪੀ ਘਟਨਾ ਦੀ ਜਾਂਚ, 7 ਦਿਨਾਂ ’ਚ ਰਿਪੋਰਟ ਮੰਗੀ

ਮਲਬੇ ਹੇਠ ਦੱਬੇ ਹੋਏ ਵਿਅਕਤੀਆਂ ਦੇ ਬਚਾਅ ਲਈ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਲਾਂਡਰਾਂ-ਖਰੜ ਸੜਕ ’ਤੇ ਸਥਿਤ ਉੱਚੀ ਇਮਾਰਤ ਡਿੱਗਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੂੰ ਇਸ ਘਟਨਾ ਦੀ ਪੂਰੀ ਤੈਅ ਤੱਕ ਜਾਂਚ ਕਰਨ ਅਤੇ ਇਕ ਹਫ਼ਤੇ ਦੇ ਅੰਦਰ ਅੰਦਰ ਮੁੱਢਲੀ ਜਾਂਚ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਸੌਂਪਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਹਤ ਕਾਰਜ ਜੰਗੀ ਪੱਧਰ ’ਤੇ ਚਲਾਏ ਜਾਣ ਤਾਂ ਜੋ ਉਨ੍ਹਾਂ ਪੀੜਤਾਂ ਨੂੰ ਬਚਾਇਆ ਜਾ ਸਕੇ, ਜਿਨ੍ਹਾਂ ਦੀ ਇਮਾਰਤ ਦੇ ਮਲਬੇ ਹੇਠ ਦੱਬੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਮਿਲੀ ਸੂਚਨਾ ਅਨੁਸਾਰ ਹਾਲੇ ਦੋ ਜਾਂ ਤਿੰਨ ਜਣਿਆਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ। ਸਰਕਾਰ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਸੂਬਾ ਸਰਕਾਰ ਵੱਲੋਂ ਜ਼ਖ਼ਮੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਦੋ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਿਹੜੇ ਇਲਾਜ ਅਧੀਨ ਹਨ। ਡਿਪਟੀ ਕਮਿਸ਼ਨਰ ਅਨੁਸਾਰ ਮੁੱਢਲੀ ਸੂਚਨਾ ਵਿੱਚ ਪਤਾ ਚੱਲਿਆ ਹੈ ਕਿ ਜਦੋਂ ਬਿਲਡਿੰਗ ਡਿੱਗੀ ਤਾਂ ਨਾਲ ਲੱਗਦੀ ਇਮਾਰਤ ਵਿੱਚ ਬੇਸਮੈਂਟ ਦੀ ਉਸਾਰੀ ਲਈ ਜੇਸੀਬੀ ਕੰਮ ਕਰ ਰਹੀ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਪਤਾ ਲੱਗੇਗਾ ਕਿ ਇਹ ਨਿਰਮਾਣ ਗੈਰ ਕਾਨੂੰਨੀ ਸੀ ਜਾਂ ਨਹੀਂ। ਏਡੀਸੀ ਸ੍ਰੀਮਤੀ ਜੈਨ ਅਤੇ ਐਸਡੀਐਮ ਹਿਮਾਂਸ਼ੂ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਐਮਰਜੈਂਸੀ ਸੇਵਾਵਾਂ ਸਮੇਤ ਫਾਇਰ ਟੈਂਡਰ ਤੇ ਮੈਡੀਕਲ ਟੀਮਾਂ ਨੂੰ ਵੀ ਬੁਲਾਇਆ ਗਿਆ। ਵਿਸ਼ੇਸ਼ ਸਾਜ਼ੋ-ਸਾਮਾਨ ਨਾਲ ਲੈਸ ਐਨਡੀਆਰਐਫ਼ ਟੀਮਾਂ ਨੂੰ ਸੇਵਾ ਲਈ ਸ਼ਾਮਲ ਕੀਤਾ ਗਿਆ ਅਤੇ ਲੁਧਿਆਣਾ ਦੀ ਇੱਕ ਵਾਧੂ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪੱਛਮੀ ਕਮਾਂਡ ਦੀ ਸੈਨਾ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਲੋੜ ਪੈਣ ’ਤੇ ਉਨ੍ਹਾਂ ਦੇ ਇੰਜੀਨੀਅਰਾਂ ਨੂੰ ਵੀ ਬਚਾਅ ਕਾਰਜਾਂ ਵਿੱਚ ਮਦਦ ਲਈ ਰੱਖਿਆ ਗਿਆ। ਬੁਲਾਰੇ ਨੇ ਕਿਹਾ ਕਿ ਮਲਬੇ ਨੂੰ ਹਟਾਉਣ ਲਈ ਐਲ ਐਂਡ ਟੀ ਦੀਆਂ ਹਾਈਡ੍ਰਾ ਕਰੇਨ ਵਰਗੀਆਂ ਕੁਝ ਮਸ਼ੀਨਾਂ ਦਾ ਸਥਾਨਕ ਤੌਰ ’ਤੇ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਤੋਂ ਪਹਿਲਾਂ ਐਨਡੀਆਰਐਫ਼ ਨੇ ਮਲਬੇ ਹੇਠ ਦੱਬੇ ਜਾਂ ਫਸੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਪਣੀਆਂ ਜਲ ਤੋਪਾਂ ਦਾ ਇਸਤੇਮਾਲ ਵੀ ਕੀਤਾ।
ਉਧਰ, ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਵੱਖ ਵੱਖ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਮਲਬੇ ਹੇਠ ਹੋਰ ਲੋਕਾਂ ਦੇ ਵੀ ਦਬੇ ਹੋਣ ਦੀ ਸੰਕਾ ਜਤਾਈ ਜਾ ਰਹੀ ਹੈ ਲੇਕਿਨ ਹਾਲੇ ਤੱਕ ਇਸ ਸਬੰਧੀ ਕੁਝ ਵੀ ਕਹਿਣਾ ਠੀਕ ਨਹੀਂ ਹੈ, ਕਿਉਂਕਿ ਰੈਸਕਿਊਂ ਅਪਰੇਸ਼ਨ ਅਜੇ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ ਵੱਖ ਟੀਮਾਂ ਮੌਕੇ ‘ਤੇ ਤਾਇਨਾਤ ਹਨ, ਜਿਨ੍ਹਾਂ ਵੱਲੋਂ ਹਰ ਪਹਿਲੂ ‘ਤੇ ਨਜ਼ਰ ਰੱਖੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…