Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਚਾਰ ਮੰਜ਼ਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਤਿੰਨ ਵਿਅਕਤੀਆਂ ਨੂੰ ਮਲਬੇ ’ਚੋਂ ਕੱਢਿਆ, ਐਨਡੀਆਰਐਫ਼ ਦੀ ਟੀਮ ਬਚਾਓ ਕਾਰਜ ’ਚ ਜੁਟੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਫਰਵਰੀ: ਖਰੜ ਵਿੱਚ ਅੱਜ ਲਾਂਡਰਾਂ ਸੜਕ ’ਤੇ ਜੇਟੀਪੀਐਲ ਦੇ ਨਾਲ ਬਣੀ ਅੰਬਿਕਾ ਇਨਫਰਾ ਦੀ ਚਾਰ ਮੰਜ਼ਲਾ ਇਮਾਰਤ ਨਾਲ ਲੱਗਦੀ ਥਾਂ ’ਤੇ ਕੀਤੀ ਜਾ ਰਹੀ ਖੁਦਾਈ ਕਾਰਨ ਇੱਕ ਪਾਸੇ ਨੂੰ ਡਿੱਗ ਪਈ ਜਿਸਦੇ ਮਲਬੇ ਵਿੱਚ ਕਈ ਵਿਅਕਤੀਆਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਇਸਦੇ ਮਲਬੇ ’ਚੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ’ਚੋਂ ਇੱਕ ਵਿਅਕਤੀ (ਜਿਸਦਾ ਨਾਮ ਪ੍ਰੇਮ ਕੁਮਾਰ ਦੱਸਿਆ ਗਿਆ ਹੈ) ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਮਲਬੇ ਵਿੱਚ ਦੱਬੇ ਹੋਰਨਾਂ ਵਿਅਕਤੀਆਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਮੌਕੇ ਤੇ ਐਨਡੀਆਰਐਫ਼ ਦੀ ਟੀਮ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਹੈ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਮਾਰਤ ਅੱਜ ਦੁਪਹਿਰ 12 ਵਜੇ ਦੇ ਕਰੀਬ ਡਿੱਗੀ ਹੈ। ਇਸ ਇਮਾਰਤ ਦੇ ਪਿਛਲੇ ਪਾਸੇ ਇਮਾਰਤ ਦੇ ਮਾਲਕ ਵੱਲੋਂ ਇੱਕ ਹੋਟਲ ਦੀ ਉਸਾਰੀ ਕੀਤੀ ਜਾ ਰਹੀ ਹੈ ਜਿੱਥੇ ਢਾਂਚਾ ਖੜ੍ਹਾ ਹੈ ਅਤੇ ਹੁਣ ਮਾਲਕ ਵੱਲੋਂ ਜੇਸੀਬੀ ਮਸ਼ੀਨ ਲਗਵਾ ਕੇ ਇਸ ਇਮਾਰਤ ਦੇ ਖੱਬੇ ਪਾਸੇ ਦੀ ਥਾਂ ਦੀ ਪਟਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਅੱਜ ਦੁਪਹਿਰ ਵੇਲੇ ਇਹ ਇਮਾਰਤ ਅਚਾਨਕ ਇੱਕ ਪਾਸੇ ਨੂੰ ਝੁਕ ਗਈ। ਇਸ ਇਮਾਰਤ ਦੇ ਉੱਪਰ ਦੋ ਭਾਰੀ ਮੋਬਾਈਲ ਟਾਵਰ ਲੱਗੇ ਹੋਏ ਸਨ ਅਤੇ ਇਮਾਰਤ ਦੇ ਝੁਕਣ ਨਾਲ ਇਹ ਟਾਵਰ ਵੀ ਟੇਢੇ ਹੋ ਗਏ ਅਤੇ ਇਹਨਾਂ ਦੇ ਭਾਰ ਨਾਲ ਇਹ ਪੂਰੀ ਇਮਾਰਤ ਹੀ ਡਿੱਗ ਗਈ। ਇਹਨਾਂ ਵਿੱਚੋੱ ਇੱਕ ਟਾਵਰ ਇਸ ਇਮਾਰਤ ਦੇ ਨਾਲ ਬਣੇ ਜੇ ਟੀ ਪੀ ਐਲ ਦੇ ਸੁਆਗਤੀ ਗੇਟ ਤੇ ਵੱਜਿਆ ਅਤੇ ਇਸ ਸੁਆਗਤੀ ਗੇਟ ਦਾ ਇਹ ਹਿੱਸਾ ਵੀ ਨੁਕਸਾਨਿਆ ਗਿਆ। ਇਮਾਰਤ ਦੇ ਡਿੱਗਣ ਵੇਲੇ ਵੱਡਾ ਧਮਾਕਾ ਹੋਇਆ ਅਤੇ ਇਹ ਇਮਾਰਤ ਇੱਕ ਝਟਕੇ ਵਿੱਚ ਹੀ ਡਿੱਗ ਗਈ। ਇਸ ਇਮਾਰਤ ਵਿੱਚ ਅੰਬਿਕਾ ਇਨਫਰਾ ਦਾ ਦਫ਼ਤਰ ਚਲਦਾ ਹੈ ਅਤੇ ਅੱਜ ਛੁਟੀ ਹਣ ਕਾਰਨ ਇੱਥੇ ਜਿਆਦਾ ਵਿਅਕਤੀ ਨਹੀਂ ਸੀ ਵਰਨਾ ਇਸ ਹਾਦਸੇ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋਣਾ ਸੀ। ਇਮਾਰਤ ਦੇ ਡਿੱਗਣ ਦੀ ਖ਼ਬਰ ਖਰੜ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੂਚਨਾ ਮਿਲਦੇ ਹੀ ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਐਸਡੀਐਮ ਨੇ ਤੁਰੰਤ ਫੁਰਤੀ ਤੋਂ ਕੰਮ ਲੈਂਦਿਆਂ ਰਾਹਤ ਕਾਰਜ ਆਰੰਭ ਕਰਵਾਇਆ। ਇਸ ਮੌਕੇ ਖਰੜ ਦੇ ਡੀਐਸਪੀ, ਨਗਰ ਕੌਂਸਲ ਦੇ ਐਮਈ ਅਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਸਨ। ਪੌਡ ਲਾਈਨ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਆਰੰਭ ਕੀਤਾ ਗਿਆ। ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਮਲਬੇ ’ਚੋਂ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ’ਚੋਂ ਇੱਕ ਦੀ ਹਾਲਤ ਠੀਕ ਸੀ ਅਤੇ ਦੂਜੇ ਦੇ ਜ਼ਖ਼ਮੀ ਹੋਣ ਤੇ ਉਸ ਨੂੰ ਹਸਪਤਾਲ ਭਿਜਵਾਇਆ ਗਿਆ। ਬਾਅਦ ਦੁਪਹਿਰ ਕਰੀਬ ਤਿੰਨ ਵਜੇ ਮੌਕੇ ’ਤੇ ਪਹੁੰਚੀ ਐਨਡੀਆਰਐਫ਼ ਦੀ ਟੀਮ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਸੀ ਅਤੇ ਮਲਬਾ ਹਟਾਉਣ ਦਾ ਕੰਮ ਤੇਜ ਕਰ ਦਿੱਤਾ ਗਿਆ ਤਾਂ ਜੋ ਇਮਾਰਤ ਵਿੱਚ ਦਬੇ ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਸਕੇ। ਬਚਾਓ ਕਾਰਜ ਦੇਰ ਰਾਤ ਵੀ ਜਾਰੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ